ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਅੰਤਰਿਮ ਜ਼ਮਾਨਤ ਮਿਲਣ ਮਗਰੋਂ ਜੇਲ੍ਹ ’ਚੋਂ ਬਾਹਰ ਆਈ

ਅਹਿਮਦਾਬਾਦ, 3 ਸਤੰਬਰ – ਗੁਜਰਾਤ ਦੰਗਿਆਂ ਨਾਲ ਸਬੰਧਤ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਇੱਕ ਦਿਨ ਬਾਅਦ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਅੱਜ ਜੇਲ੍ਹ ’ਚੋਂ ਬਾਹਰ ਆ ਗਈ ਹੈ। ਉਸ ਖ਼ਿਲਾਫ਼ 2002 ਦੇ ਗੁਜਰਾਤ ਦੰਗਿਆਂ ਦੇ ਸਬੰਧ ਵਿੱਚ ਫਰਜ਼ੀ ਸਬੂਤ ਤਿਆਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਉਸ ਨੂੰ 26 ਜੂਨ ਤੋਂ ਗੁਜਰਾਤ ਦੀ ਸਾਬਰਮਤੀ ਜੇਲ੍ਹ ’ਚ ਬੰਦ ਰੱਖਿਆ ਗਿਆ ਸੀ। ਸੁਪਰੀਮ ਕੋਰਟ ਦੀਆਂ ਹਦਾਇਤਾਂ ’ਤੇ ਉਸ ਨੂੰ ਜ਼ਮਾਨਤ ਦੀ ਰਸਮੀ ਕਾਰਵਾਈ ਪੂਰੀ ਕਰਨ ਲਈ ਸੈਸ਼ਨ ਜੱਜ ਵੀਏ ਰਾਣਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਵਿਸ਼ੇਸ਼ ਸਰਕਾਰੀ ਵਕੀਲ ਅਮਿਤ ਪਟੇਲ ਨੇ ਕਿਹਾ, ‘ਸੈਸ਼ਨ ਕੋਰਟ ਨੇ ਜ਼ਮਾਨਤ ਲਈ ਸੁਪਰੀਮ ਕੋਰਟ ਵੱਲੋਂ ਲਾਈਆਂ ਸ਼ਰਤਾਂ ਤੋਂ ਇਲਾਵਾ ਦੋ ਹੋਰ ਸ਼ਰਤਾਂ ਲਾਈਆਂ ਹਨ। ਸੈਸ਼ਨ ਕੋਰਟ ਨੇ ਮੁਲਜ਼ਮ ਨੂੰ 25 ਹਜ਼ਾਰ ਰੁਪਏ ਦਾ ਨਿੱਜੀ ਮੁਚਲਕਾ ਭਰਨ ਤੇ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਭਾਰਤ ਨਾ ਛੱਡਣ ਲਈ ਕਿਹਾ ਹੈ।’ ਇਸੇ ਦੌਰਾਨ ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਨੂੰ ਇਨਸਾਫ਼ ਲਈ ਲੜਨ ਵਾਲੀ ਬਹਾਦੁਰ ਯੋਧਾ ਕਰਾਰ ਦਿੱਤਾ ਹੈ।