ਸਰੀ ਪੁਲਿਸ ਦਾ ਰੇੜਕਾ: ਬੀ ਸੀ ਸਰਕਾਰ ਵੱਲੋਂ ਸਰੀ ਸਿਟੀ ਨੂੰ ਆਰਸੀਐਮਪੀ ਦੀ ਬਜਾਏ ਸਥਾਨਕ ਪੁਲਿਸ ਨਾਲ ਰਹਿਣ ਦਾ ਨਿਰਦੇਸ਼

ਮੇਅਰ ਬਰੈਂਡਾ ਲੌਕ ਨੇ ਇਸ ਫੈਸਲੇ ਨੂੰ ਨਿਰਾਸ਼ਾਜਨਕ, ਗਲਤ ਧਾਰਨਾਵਾਂ ‘ਤੇ ਆਧਾਰਤ ਅਤੇ ਗੁੰਮਰਾਹਕੁੰਨ ਦੱਸਿਆ
ਸਰੀ, 19 ਜੁਲਾਈ (ਹਰਦਮ ਮਾਨ) – ਬੀਸੀ ਦੇ ਪਬਲਿਕ ਸੇਫਟੀ ਮਨਿਸਟਰ ਅਤੇ ਸਾਲਿਸਟਰ ਜਨਰਲ ਮਾਈਕ ਫਾਰਨਵਰਥ ਨੇ ਅੱਜ ਸਰੀ ਸਿਟੀ ਕੌਂਸਲ ਨੂੰ ਸਰੀ ਪੁਲਿਸ ਟਰਾਂਜੀਸ਼ਨ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ। ਵਿਕਟੋਰੀਆ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਮਾਈਕ ਫਾਰਨਵਰਥ ਨੇ ਕਿਹਾ ਕਿ ਇਹ ਫੈਸਲਾ ਪੁਲਿਸ ਐਕਟ ਦੇ ਸੈਕਸ਼ਨ 2 ਦੇ ਅਨੁਸਾਰ ਲਿਆ ਗਿਆ ਹੈ ਅਤੇ ਸਰਕਾਰ ਦਾ ਇਹ ਫੈਸਲਾ ਅੰਤਿਮ ਫੈਸਲਾ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਸਰੀ ਦੀ ਚੁਣੀ ਹੋਈ ਕੌਂਸਲ ਕਾਨੂੰਨ ਦੀ ਪਾਲਣਾ ਕਰੇਗੀ।
ਸਾਲਿਸਟਰ ਜਨਰਲ ਮਾਈਕ ਫਾਰਨਵਰਥ ਨੇ ਕਿਹਾ ਕਿ ਉਸਨੇ ਆਰਸੀਐਮਪੀ ਵਿਚ ਵਾਪਸ ਜਾਣ ਬਾਰੇ ਸਿਟੀ ਦੀ ਰਿਪੋਰਟ ਨੂੰ ਧਿਆਨ ਨਾਲ ਵਿਚਾਰਿਆ ਹੈ, ਪਰ ਸਰੀ ਸਿਟੀ ਕੌਂਸਲ ਇਹ ਦੱਸਣ ਵਿਚ ਅਸਫਲ ਰਹੀ ਹੈ ਕਿ ਅਜਿਹਾ ਕਰਨਾ ਸੁਰੱਖਿਅਤ ਹੋਵੇਗਾ ਜਾਂ ਹੋਰ ਭਾਈਚਾਰਿਆਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਉਨ੍ਹਾਂ ਕਿਹਾ ਹੈ ਕਿ ਸਰੀ ਦੀ ਅਧਿਕਾਰਿਤ ਪੁਲਿਸ ਇਸ ਸਮੇਂ ਵੀ ਆਰ ਸੀ ਐਮ ਪੀ ਹੈ ਪਰ ਪਰਿਵਰਤਨ ਯੋਜਨਾ ਨੂੰ ਅੱਗੇ ਵਧਾਉਣ ਦੀ ਲੋੜ ਹੈ ਜਿਸ ਨਾਲ ਸਰੀ ਪੁਲਿਸ ਸਿਟੀ ਦੀ ਨਵੀਂ ਅਧਿਕਾਰਿਤ ਪੁਲਿਸ ਸੇਵਾ ਵਿੱਚ ਤਬਦੀਲ ਹੋ ਜਾਵੇਗੀ। ਉਨ੍ਹਾਂ ਸਪੱਸ਼ਟ ਕਿਹਾ ਕਿ ਸਰਕਾਰ ਵੱਲੋਂ ਇਹ ਨਿਰਦੇਸ਼ ਦੇ ਰਿਹਾ ਹਾਂ ਕਿ ਸਰੀ ਪੁਲਿਸ ਸੇਵਾ ਵੱਲ ਤਬਦੀਲੀ ਜਾਰੀ ਰਹੇਗੀ।
ਫਾਰਨਵਰਥ ਨੇ ਕਿਹਾ ਕਿ ਪਰਿਵਰਤਨ ਨੂੰ ਜਾਰੀ ਰੱਖਣ ਲਈ ਸਿਟੀ, ਸਰੀ ਪੁਲਿਸ ਸਰਵਿਸ ਅਤੇ ਆਰਸੀਐਮਪੀ ਵਿਚਕਾਰ ਸਹਿਯੋਗ ਜ਼ਰੂਰੀ ਹੈ ਅਤੇ ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਉਹਨਾਂ ਤੋਂ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਨ। ਇਸ ਤਬਦੀਲੀ ਵਿੱਚ ਮਦਦ ਕਰਨ ਲਈ ਅਤੇ ਮੰਤਰੀ ਦੁਆਰਾ ਰੱਖੀਆਂ ਗਈਆਂ ਮੁੱਖ ਲੋੜਾਂ ਨੂੰ ਪੂਰਾ ਕਰਨ ਲਈ ਬੀਸੀ ਹਾਈਡਰੋ ਦੇ ਸਾਬਕਾ ਪ੍ਰਧਾਨ ਜੈਸਿਕਾ ਮੈਕਡੋਨਲਡ ਨੂੰ ਨਿਯੁਕਤ ਕੀਤਾ ਹੈ। ਉਹ ਪਾਰਟੀਆਂ ਨੂੰ ਸਮਾਂ-ਸੀਮਾਵਾਂ ਨੂੰ ਪੂਰਾ ਕਰਨ, ਵਿਵਾਦ ਦੇ ਹੱਲ ਕਰਨ ਅਤੇ ਤਬਦੀਲੀ ਨੂੰ ਪੂਰਾ ਕਰਨ ਲਈ ਪ੍ਰਭਾਵਸ਼ਾਲੀ ਸੰਚਾਰ ਨੂੰ ਯਕੀਨੀ ਬਣਾਉਣ ਵਿਚ ਮਦਦ ਕਰਨਗੇ।
ਇਸੇ ਦੌਰਾਨ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਸੂਬਾਈ ਸਰਕਾਰ ਦੇ ਫੈਸਲੇ ‘ਤੇ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਬਜਾਏ ਇਸ ਫੈਸਲੇ ਖਿਲਾਫ ਇਕ ਪ੍ਰੈਸ ਨੋਟ ਜਾਰੀ ਕੀਤਾ ਹੈ। ਜਿਸ ਵਿਚ ਉਹਨਾਂ ਜਨਤਕ ਸੁਰੱਖਿਆ ਮੰਤਰੀ ਅਤੇ ਸਾਲਿਸਟਰ ਜਨਰਲ ਮਾਈਕ ਫਾਰਨਵਰਥ ਦੇ ਫੈਸਲੇ ਨੂੰ ਨਿਰਾਸ਼ਾਜਨਕ, ਗਲਤ ਧਾਰਨਾਵਾਂ ‘ਤੇ ਆਧਾਰਤ ਅਤੇ ਗੁੰਮਰਾਹਕੁੰਨ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਲੋਕਾਂ ਦੁਆਰਾ ਚੁਣੀ ਹੋਈ ਸਥਾਨਕ ਸਰਕਾਰ ਦਾ ਵੀ ਅਪਮਾਨ ਹੈ। ਉਹਨਾਂ ਸਾਲੀਸਿਟਰ ਜਨਰਲ ਦੀ ਕਾਰਵਾਈ ਨੂੰ ਬੀ ਸੀ ਦੀਆਂ ਸਾਰੀਆਂ ਨਗਰਪਾਲਿਕਾਵਾਂ ਦੀ ਖੁਦਮੁਖਤਿਆਰੀ ਲਈ ਵੀ ਚਿਤਾਵਨੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹੱਤਵਪੂਰਣ ਟੈਕਸ ਬੋਝ ਇਸ ਫੈਸਲੇ ਦੇ ਨਤੀਜੇ ਵਜੋਂ ਸਰੀ ਦੇ ਵਸਨੀਕਾਂ ਅਤੇ ਕਾਰੋਬਾਰਾਂ ‘ਤੇ ਜੋ ਟੈਕਸ ਬੋਝ ਪਵੇਗਾ, ਉਸ ਬਾਰੇ ਫਾਰਨਵਰਥ ਨਾਲ ਵਿਚਾਰ ਵਟਾਂਦਰੇ ਲਈ ਉਹ ਆਹਮਣੇ-ਸਾਹਮਣੇ ਮੀਟਿੰਗ ਕਰਨ ਦੀ ਚਾਹਵਾਨ ਹਨ ਅਤੇ ਜਦੋਂ ਤੱਕ ਮੰਤਰੀ ਨਾਲ ਮੀਟਿੰਗ ਕਰਨ ਦਾ ਮੌਕਾ ਨਹੀਂ ਮਿਲਦਾ, ਉਹ ਇਸ ਸੰਬੰਧ ਵਿਚ ਅੱਗੇ ਟਿੱਪਣੀ ਨਹੀਂ ਕਰਨਗੇ।