ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ

ਨਵੀਂ ਦਿੱਲੀ (1 ਮਈ 2013) – ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੱਛਮੀ ਦਿੱਲੀ ਦੇ ਤਿਲਕ ਨਗਰ ਥਾਣੇ ਦੇ ਬਾਹਰ 1984 ਦੇ ਸਿੱਖ ਦੰਗਿਆਂ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਦਿੱਲੀ ਦੀ ਕੜਕੜਡੂੰਮਾ ਕੋਰਟ ਵਲੋਂ ਬਰੀ ਕੀਤੇ ਜਾਣ ਦੇ ਖ਼ਿਲਾਫ਼ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕਰ ਚੱਕਾ ਜਾਮ ਕੀਤਾ ਗਿਆ। ਚੌਖੰਡੀ ਬਾਜ਼ਾਰ ਤੋਂ ਪ੍ਰਦਰਸ਼ਨਕਾਰੀਆਂ ਨੇ ਤਿਲਕ ਨਗਰ ਥਾਣੇ ਵੱਲ ਕਾਂਗਰਸ ਸਰਕਾਰ ਅਤੇ ਸੱਜਣ ਕੁਮਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਜਦੋਂ ਤਿਲਕ ਨਗਰ ਥਾਣੇ ਵੱਲ ਰੁਖ ਕੀਤਾ ਤਾਂ ਪੁਲਿਸ ਵਲੋਂ ਉਨ੍ਹਾਂ ਨੂੰ ਬੈਰੀਅਰ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪਰ ਜੋਸ਼ ਅਤੇ ਗੁੱਸੇ ਵਿੱਚ ਭਰੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਬਲ ਰੋਕਣ ਵਿੱਚ ਨਾਕਾਮ ਰਿਹਾ ਤੇ ਪ੍ਰਦਰਸ਼ਨਕਾਰੀਆਂ ਨੇ ਤਿਲਕ ਨਗਰ ਚੌਂਕ ‘ਤੇ ਚੱਕਾ ਜਾਮ ਕਰਨ ਤੋਂ ਬਾਅਦ ਸੁਭਾਸ਼ ਨਗਰ ਮੈਟਰੋ ਸਟੇਸ਼ਨ ‘ਤੇ ਚੜ੍ਹ ਕੇ ਜ਼ੋਰਦਾਰ ਹੰਗਾਮਾ……….. ਕਰਦੇ ਹੋਏ ਦੁਆਰਕਾ-ਅਨੰਦ ਵਿਹਾਰ ਮੈਟਰੋ ਸੇਵਾ ਅਤੇ ਦੁਆਰਕਾ-ਨੋਇਡਾ ਸੇਵਾ ਨੂੰ ਲਗਭਗ 1 ਘੰਟੇ ਵਾਸਤੇ ਠੱਪ ਕਰ ਦਿੱਤਾ ਤੇ ਪਟੜੀ ‘ਤੇ ਬੈਠ ਕੇ ਪ੍ਰਦਰਸ਼ਨਕਾਰੀਆਂ ਨੇ ੫ ਚੌਪਈ ਸਾਹਿਬ ਦੇ ਪਾਠ ਕੀਤੇ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਤੇ ਮੈਟਰੋ ਕਰਮਚਾਰੀਆਂ ਵਲੋਂ ਬੇਨਤੀ ਕਰਨ ਦੇ ਬਾਅਦ ਹੀ ਪ੍ਰਦਰਸ਼ਨਕਾਰੀ ਪਟੜੀ ਤੋਂ ਹਟੇ। ਇਸ ਮੌਕੇ ਸ. ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਸਰਕਾਰ ਸਿੱਖਾਂ ਦੇ ਨਾਲ ਧੱਕਾ ਕਰ ਰਹੀ ਹੈ ਤੇ ਫਿਰ ਦੋਸ਼ ਸਿੱਖਾਂ ਨੂੰ ਹੀ ਦਿੱਤਾ ਜਾਂਦਾ ਹੈ, ਜਦੋਂ ਭਾਈ ਰਾਜੋਆਣਾ ਤੇ ਪ੍ਰੋ. ਭੁੱਲਰ ਵਰਗੇ ਯੋਧੇ ਪੈਦਾ ਹੁੰਦੇ ਹਨ। ਸਰਕਾਰ ਤੇ ਨਿਆਂ ਪਾਲਿਕਾ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਅੱਜ ਆਪਣੇ ਹੱਕਾਂ ਦੀ ਲੜਾਈ ਵਾਸਤੇ ਸੜਕੋ-ਸੜਕੀ ਕਿਉਂ ਹੈ? ਉਨ੍ਹਾਂ ਕਿਹਾ ਕਿ ਮੈਂ ਅੱਜ ਐਲਾਨ ਕਰਦਾ ਹਾਂ ਕਿ ਦਿੱਲੀ ਕਮੇਟੀ ਦਾ ਜਨਰਲ ਹਾਊਸ ਬੁਲਾ ਕੇ ਜਲਦ ਹੀ ਨਵੰਬਰ 84 ਦੇ ਕਤਲੇਆਮ ਦੌਰਾਨ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਯਾਦਗਾਰ ਗੁਰਦੁਆਰਾ ਬੰਗਲਾ ਸਾਹਿਬ ਜਾਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਬਣਾਈ ਜਾਵੇਗੀ, ਚਾਹੇ ਉਸ ਨੂੰ ਬਣਾਉਣ ਦੇ ਖ਼ਿਲਾਫ਼ ਮੌਕੇ ਦੀ ਹਕੂਮਤ ਸਾਡੇ ‘ਤੇ ਟਾਡਾ ਜਾਂ ਐਨ. ਐਸ. ਏ. ਲਗਾਉਣ ਦੀ ਤਿਆਰੀ ਕਰਨ ਅਸੀਂ ਆਪਣੇ ਕੌਮ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਤੋਂ ਪਿੱਛੇ ਨਹੀਂ ਹਟਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਬੜੀ ਜੱਦੋ-ਜਹਿਦ ਕਰਕੇ ਰਿੰਗ ਰੋਡ ‘ਤੇ ਗੁਰਦੁਆਰਾ ਟਿਕਾਣਾ ਸਾਹਿਬ ਦੇ ਸਾਹਮਣੇ 84 ਦੇ ਸ਼ਹੀਦਾਂ ਦੀ ਯਾਦ ਵਿੱਚ ਪਾਰਕ ਦੇ ਰੂਪ ‘ਚ ਯਾਦਗਾਰ ਬਣਾਉਣ ਦੀ ਤਿਆਰੀ ਦਿੱਲੀ ਨਗਰ ਨਿਗਮ ਦੇ ਸਹਿਯੋਗ ਨਾਲ ਕਰ ਲਈ ਸੀ ਤਾਂ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਪੁਲਿਸ ਨਾਲ ਮਿਲ ਕੇ ਪ੍ਰੋਗਰਾਮ ਦੇ ਉਦਘਾਟਨ ਨੂੰ ਮੁਲਤਵੀ ਕਰਵਾ ਦਿੱਤਾ ਸੀ।
ਪ੍ਰਦਰਸ਼ਨਕਾਰੀਆਂ ਵਲੋਂ ਘੰਟਾ ਬੱਧੀ ਚੱਕਾ ਜਾਮ ਕਰਨ ਤੋਂ ਪਰੇਸ਼ਾਨ ਦਿੱਲੀ ਪੁਲਿਸ ਨੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ, ਜਿਸ ਤੋਂ ਪ੍ਰਦਰਸ਼ਨਕਾਰੀਆਂ ਨੇ ਭੜਕ ਕੇ ਸੜਕ ‘ਤੇ ਟਾਇਰ ਸਾੜ ਕੇ ਆਪਣੇ ਰੋਸ ਦਾ ਵਿਖਾਵਾ ਕੀਤਾ ਅਤੇ ਸੜਕੇ ‘ਤੇ ਹੀ ਦਰੀਆਂ ਵਿਛਾ ਕੇ ਗੁਰੂ ਕਾ ਲੰਗਰ ਛਕਿਆ, ਜਿਸ ਤੋਂ ਪਰੇਸ਼ਾਨ ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਹਲਕੇ ਲਾਠੀ ਚਾਰਜ ਦਾ ਇਸਤੇਮਾਲ ਕਰਨ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਸ. ਰਵਿੰਦਰ ਸਿੰਘ ਖੁਰਾਣਾ, ਜੂਨੀਅਰ ਮੀਤ ਪ੍ਰਧਾਨ ਸ. ਤਨਵੰਤ ਸਿੰਘ, ਜਾਇੰਟ ਸਕੱਤਰ ਸ. ਹਰਮੀਤ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਆਗੂ ਜਥੇਦਾਰ ਅਵਤਾਰ ਸਿੰਘ ਹਿਤ, ਜਥੇਦਾਰ ਉਂਕਾਰ ਸਿੰਘ ਥਾਪਰ, ਜਥੇਦਾਰ ਕੁਲਦੀਪ ਸਿੰਘ ਭੋਗਲ, ਧਰਮ ਪ੍ਰਚਾਰ ਦੇ ਮੁੱਖ ਸੇਵਾਦਾਰ ਸ. ਪਰਮਜੀਤ ਸਿੰਘ ਰਾਣਾ, ਮੁੱਖ ਸਲਾਹਕਾਰ ਸ. ਕੁਲਮੋਹਨ ਸਿੰਘ, ਦਿੱਲੀ ਕਮੇਟੀ ਦੇ ਮੈਂਬਰ ਸ. ਚਮਨ ਸਿੰਘ ਸਾਹਿਬਪੁਰਾ, ਸ. ਹਰਜਿੰਦਰ ਸਿੰਘ, ਸ. ਇੰਦਰਜੀਤ ਸਿੰਘ ਮੌਂਟੀ, ਸ. ਗੁਰਵਿੰਦਰਪਾਲ ਸਿੰਘ, ਸ. ਜਸਬੀਰ ਸਿੰਘ ਜੱਸੀ, ਸ. ਗੁਰਮੀਤ ਸਿੰਘ ਮੀਤਾ, ਸ. ਗੁਰਬਖਸ਼ ਸਿੰਘ ਮੌਂਟੂ ਸ਼ਾਹ, ਸ. ਗੁਰਬਖਸ਼ ਸਿੰਘ ਚੀਮਾ, ਸ. ਪਰਮਜੀਤ ਸਿੰਘ ਚੰਢੋਕ, ਸ. ਅਮਰਜੀਤ ਸਿੰਘ ਪੱਪੂ, ਸ. ਹਰਦੇਵ ਸਿੰਘ ਧਨੋਆ, ਸ. ਸਮਰਦੀਪ ਸਿੰਘ ਸੰਨੀ, ਸ. ਕੁਲਵੰਤ ਸਿੰਘ ਬਾਠ, ਡਾ. ਦਲਜੀਤ ਕੌਰ ਖਾਲਸਾ, ਨਿਗਮ ਪਾਰਸ਼ਦ ਸ. ਜਤਿੰਦਰ ਸਿੰਘ ਸ਼ੰਟੀ, ਇਸਤਰੀ ਵਿੰਗ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ, ਸ. ਗੁਰਮੀਤ ਸਿੰਘ ਬੋਬੀ, ਸ. ਜਸਪ੍ਰੀਤ ਸਿੰਘ ਵਿੱਕੀ ਮਾਨ, ਸ. ਪਰਮਿੰਦਰਪਾਲ ਸਿੰਘ ਮੋਤੀ ਨਗਰ, ਸ. ਵਿਕਰਮ ਸਿੰਘ, ਸ. ਭੁਪਿੰਦਰਪਾਲ ਸਿੰਘ ਹਨੀ ਅਤੇ ਸ. ਗਗਨਦੀਪ ਸਿੰਘ ਗਾਜੀਆਬਾਦ ਆਦਿ ਵੱਡੀ ਗਿਣਤੀ ਵਿੱਚ ਸਿੱਖ ਹਮਾਇਤੀ ਮੌਜ਼ੂਦ ਸਨ।