ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦਿਹਾਂਤ

ਨਵੀਂ ਦਿੱਲੀ, 26 ਅਗਸਤ – ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ 66 ਸਾਲਾ ਅਰੁਣ ਜੇਤਲੀ ਦਾ 24 ਅਗਸਤ ਦਿਨ ਸ਼ਨਿਚਰਵਾਰ ਨੂੰ ਦੁਪਹਿਰ 12.07 ਵਜੇ ਦੇ ਲਗਭਗ ਏਮਜ਼ ‘ਚ ਦਿਹਾਂਤ ਹੋ ਗਿਆ। ਸਾਬਕਾ ਵਿੱਤ ਮੰਤਰੀ ਸ੍ਰੀ ਜੇਤਲੀ ਨੂੰ ਭਾਜਪਾ ਦੇ ਮੁੱਖ ਰਣਨੀਤੀਕਾਰ ਅਤੇ ਸੰਕਟ ਮੋਚਕ ਵਜੋਂ ਜਾਣਿਆ ਜਾਂਦਾ ਸੀ। ਸ੍ਰੀ ਜੇਤਲੀ ਦੇ ਵਿੱਤ ਮੰਤਰੀ ਰਹਿੰਦਿਆਂ ਹੀ ਵਸਤੂ ਅਤੇ ਸੇਵਾ ਕਰ (ਜੀਐੱਸਟੀ) ਲਾਗੂ ਕੀਤਾ ਗਿਆ ਅਤੇ ਨੋਟਬੰਦੀ ਵਰਗਾ ਅਹਿਮ ਕਦਮ ਉਠਾਇਆ ਗਿਆ ਸੀ। ਉਨ੍ਹਾਂ ਦੀ ਸਿਹਤ ਪਿਛਲੇ ਕਈ ਮਹੀਨਿਆਂ ਤੋਂ ਠੀਕ ਨਹੀਂ ਚੱਲ ਰਹੀ ਸੀ ਅਤੇ 9 ਅਗਸਤ ਨੂੰ ਸਾਹ ਲੈਣ ‘ਚ ਤਕਲੀਫ਼ ਹੋਣ ਮਗਰੋਂ ਏਮਜ਼ ‘ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨ ਨਾਲ ਐਤਵਾਰ ਦੁਪਹਿਰ ਨਿਗਮਬੋਧ ਘਾਟ ‘ਚ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਵੇਰੇ ਉਨ੍ਹਾਂ ਦੀ ਦੇਹ ਨੂੰ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਰੱਖਿਆ ਜਾਵੇਗਾ ਜਿਥੇ ਵੱਖ ਵੱਖ ਆਗੂਆਂ ਅਤੇ ਆਮ ਲੋਕਾਂ ਵੱਲੋਂ ਸ੍ਰੀ ਜੇਤਲੀ ਨੂੰ ਸ਼ਰਧਾਂਜਲੀ ਦਿੱਤੀ ਗਈ।
ਗੌਰਤਲਬ ਹੈ ਕਿ ਪਿਛਲੇ ਸਾਲ 14 ਮਈ ਨੂੰ ਸ੍ਰੀ ਜੇਤਲੀ ਦਾ ਏਮਜ਼ ‘ਚ ਗੁਰਦਾ ਬਦਲਿਆ ਗਿਆ ਸੀ ਜਿਸ ਮਗਰੋਂ ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜਦੀ ਗਈ। ਉਨ੍ਹਾਂ ਪਿਛਲੇ ਸਾਲ ਅਪ੍ਰੈਲ ਤੋਂ ਦਫ਼ਤਰ ਆਉਣਾ ਬੰਦ ਕਰ ਦਿੱਤਾ ਸੀ ਪਰ ਅਪਰੇਸ਼ਨ ਮਗਰੋਂ ਉਹ 23 ਅਗਸਤ 2018 ਨੂੰ ਵਿੱਤ ਮੰਤਰਾਲੇ ‘ਚ ਪਰਤ ਆਏ ਸਨ। ਉਨ੍ਹਾਂ ਭਾਜਪਾ-ਐਨਡੀਏ ਸਰਕਾਰ ਦੇ ਦੂਜੇ ਕਾਰਜਕਾਲ ‘ਚੋਂ ਵੱਖ ਰਹਿਣ ਦਾ ਫ਼ੈਸਲਾ ਲਿਆ ਸੀ। ਸਤੰਬਰ 2014 ‘ਚ ਸ੍ਰੀ ਜੇਤਲੀ ਨੇ ਸ਼ੂਗਰ ਕਾਰਨ ਵਜ਼ਨ ਘਟਾਉਣ ਲਈ ਅਪਰੇਸ਼ਨ ਵੀ ਕਰਵਾਇਆ ਸੀ।
ਮੀਡੀਆ ਪੱਖੀ ਸ੍ਰੀ ਜੇਤਲੀ ਨਾ ਸਿਰਫ਼ ਭਾਜਪਾ ਸਗੋਂ ਸਿਆਸੀ ਦ੍ਰਿਸ਼ ‘ਤੇ ਸਿਆਸਤ ਉੱਪਰ ਚੰਗੀ ਪਕੜ ਰੱਖਣ ਵਾਲੇ ਆਗੂਆਂ ‘ਚੋਂ ਇਕ ਮੰਨੇ ਜਾਂਦੇ ਸਨ। ਵਿਚਾਰਧਾਰਕ ਵਖਰੇਵੇਂ ਦੇ ਬਾਵਜੂਦ ਉਨ੍ਹਾਂ ਦੇ ਹੋਰ ਪਾਰਟੀਆਂ ਦੇ ਆਗੂਆਂ ਨਾਲ ਵੀ ਵਧੀਆ ਸਬੰਧ ਸਨ।
ਕਿੱਤੇ ਵਜੋਂ ਮਸ਼ਹੂਰ ਵਕੀਲ ਰਹੇ ਸ੍ਰੀ ਜੇਤਲੀ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ‘ਚ ਅਹਿਮ ਮੰਤਰੀਆਂ ‘ਚੋਂ ਇਕ ਸਨ। ਉਨ੍ਹਾਂ ਵਿੱਤ ਅਤੇ ਰੱਖਿਆ ਮੰਤਰਾਲਿਆਂ ਦਾ ਕਾਰਜਭਾਰ ਸੰਭਾਲਿਆ ਅਤੇ ਅਕਸਰ ਉਹ ਸਰਕਾਰ ਨੂੰ ਮੁਸ਼ਕਲਾਂ ‘ਚਂ ਕੱਢਦੇ ਰਹੇ ਸਨ। ਸ੍ਰੀ ਜੇਤਲੀ ਨੇ 2014 ‘ਚ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਉਨ੍ਹਾਂ ਸਿਹਤ ਖ਼ਰਾਬ ਰਹਿਣ ਕਰਕੇ 2019 ਦੀਆਂ ਚੋਣਾਂ ਨਹੀਂ ਲੜੀਆਂ ਸਨ। ਉਹ 2000 ‘ਚ ਰਾਜ ਸਭਾ ਰਾਹੀਂ ਸੰਸਦ ‘ਚ ਦਾਖ਼ਲ ਹੋਏ ਸਨ ਅਤੇ ਵਿਰੋਧੀ ਧਿਰ ਦੇ ਆਗੂ ਵੀ ਰਹੇ।