ਸਿਲਵਰ ਸਕਰੀਨ ਦੇ ਸੁਪਰਸਟਾਰ ਦਲੀਪ ਕੁਮਾਰ ਦਾ 98 ਸਾਲਾ ਦੀ ਉਮਰ ‘ਚ ਦੇਹਾਂਤ

ਮੁੰਬਈ, 7 ਜੁਲਾਈ – ਹਿੰਦੀ ਸਿਨੇਮਾ ਦੇ ਉੱਘੇ ਅਦਾਕਾਰ 98 ਸਾਲਾ ਦਲੀਪ ਕੁਮਾਰ ਦਾ ਦੇਹਾਂਤ ਹੋ ਗਿਆ। ਉਹ ਸਾਹ ਲੈਣ ਵਿੱਚ ਤਕਲੀਫ਼ ਕਰਕੇ ਉਹ ਪਿਛਲੇ ਕਈ ਦਿਨਾਂ ਤੋਂ ਹਿੰਦੂਜਾ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ‘ਮੁਗ਼ਲ-ਏ-ਆਜ਼ਮ’, ‘ਗੰਗਾ ਜਮੁਨਾ’, ‘ਨਯਾ ਦੌਰ’, ‘ਕਰਮਾ’, ‘ਸ਼ਕਤੀ’ ਸਮੇਤ ਕਈ ਫ਼ਿਲਮਾਂ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਸੀ। ਅਦਾਕਾਰ ਦਲੀਪ ਕੁਮਾਰ ਨੂੰ ‘ਪਦਮ ਵਿਭੂਸ਼ਣ’, ‘ਪਦਮ ਭੂਸ਼ਣ’ ਅਤੇ ‘ਦਾਦਾ ਸਾਹਬ ਫਾਲਕੇ’ ਐਵਾਰਡ ਮਿਲਿਆ। ਉਨ੍ਹਾਂ ਨੂੰ ਪਾਕਿਸਤਾਨ ਦਾ ਸਰਵਉੱਚ ਨਾਗਰਿਕ ਸਨਮਾਨ ‘ਨਿਸ਼ਾਨ-ਏ-ਇਮਤਿਆਜ਼’ ਵੀ ਮਿਲਿਆ। ਦਲੀਪ ਕੁਮਾਰ ਨੇ ਕਈ ਸਿਨੇਮੈਟਿਕ ਐਵਾਰਡ ਜਿੱਤੇ ਅਤੇ ਉਹ ‘ਫਿਲਮਫੇਅਰ ਸਰਬੋਤਮ ਅਭਿਨੇਤਾ ਐਵਾਰਡ’ ਦੇ ਪਹਿਲੇ ਜੇਤੂ ਸਨ। ਉਨ੍ਹਾਂ ਨੇ 8 ਫਿਲਮਫੇਅਰ ਸਰਬੋਤਮ ਅਭਿਨੇਤਾ ਐਵਾਰਡ ਜਿੱਤੇ, ਇੱਕ ਰਿਕਾਰਡ ਉਨ੍ਹਾਂ ਨੇ ਸ਼ਾਹਰੁਖ ਖਾਨ ਨਾਲ ਸਾਂਝਾ ਕੀਤਾ।
ਹਿੰਦੀ ਸਿਨੇਮੇ ਦੇ ਪਹਿਲੇ ਸੁਪਰਸਟਾਰ ਤੇ ਸਿਲਵਰ ਸਕਰੀਨ ਉੱਤੇ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਰੁਆ ਦੇਣ ਵਾਲੇ ਅਦਾਕਾਰ ਦਲੀਪ ਕੁਮਾਰ ਨੂੰ ਦੁਨੀਆ ‘ਟ੍ਰੇਜ਼ਡੀ ਕਿੰਗ’ ਬੁਲਾਉਂਦੀ ਸੀ। ਅਦਾਕਾਰ ਦਲੀਪ ਕੁਮਾਰ ਨੇ ਭਾਰਤੀ ਸਿਨੇਮਾ ਵਿੱਚ ਮੇਥਡ ਐਕਟਿੰਗ ਦੀ ਸ਼ੁਰੂਆਤ ਕੀਤੀ। ਬਲੈਕ ਐਂਡ ਵਾਈਟ ਫ਼ਿਲਮਾਂ ਦੇ ਦੌਰ ‘ਚ ਦਲੀਪ ਕੁਮਾਰ ਅਤੇ ਦੇਵ ਆਨੰਦ ਹਿੰਦੀ ਸਿਨੇਮੇ ਦੇ ਦੋ ਸਭ ਤੋਂ ਵੱਡੇ ਹਸਤਾਖ਼ਰ ਰਹੇ। ਹੁਣ ਦੋਵੇਂ ਹੀ ਇਸ ਦੁਨੀਆ ਵਿੱਚ ਨਹੀਂ ਹਨ। 1966 ਵਿੱਚ ਦਲੀਪ ਕੁਮਾਰ ਨੇ ਅਦਾਕਾਰਾ ਸਾਇਰਾ ਬਾਨੋ ਨਾਲ ਵਿਆਹ ਕਰਵਾ ਲਿਆ, ਸਾਇਰਾ ਨੇ ਦਲੀਪ ਨਾਲ ਫਿਲਮ ਗੋਪੀ, ਸਾਗੀਨਾ ਅਤੇ ਬੈਰਾਗ ਵਿੱਚ ਕੰਮ ਕੀਤਾ ਸੀ।
ਆਖ਼ਰੀ ਵਾਰ 1998 ਵਿੱਚ ਆਈ ਫਿਲਮ ‘ਕਿੱਲਾ’ ਵਿੱਚ ਵਿਖੇ ਦਲੀਪ ਕੁਮਾਰ ਲੰਬੇ ਸਮਾਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੇ 7 ਜੁਲਾਈ ਦਿਨ ਬੁੱਧਵਾਰ ਸਵੇਰੇ ਮੁੰਬਈ ਦੇ ਹਿੰਦੂਜਾ ਹਸਪਤਾਲ ਦੇ ਆਈਸੀਯੂ ਵਿੱਚ ਆਖ਼ਰੀ ਸਾਹ ਲਿਆ। ਬਾਲੀਵੁੱਡ ਅਦਾਕਾਰ ਦਲੀਪ ਕੁਮਾਰ ਦਾ ਅਸਲੀ ਨਾਮ ਮੁਹੰਮਦ ਯੂਸਫ਼ ਖਾਨ ਸੀ ਅਤੇ ਉਨ੍ਹਾਂ ਦਾ ਜਨਮ ਅਣਵੰਡੇ ਭਾਰਤ ਦੇ ਪੇਸ਼ਾਵਰ ਵਿੱਚ 11 ਦਸੰਬਰ 1922 ਨੂੰ ਹੋਇਆ ਸੀ। ਉਨ੍ਹਾਂ ਨੇ ਸਾਲ 1944 ਵਿੱਚ ਫਿਲਮ ‘ਜਵਾਰ ਭਾਟਾ’ ਤੋਂ ਬਾਲੀਵੁੱਡ ਡੇਬਿਊ ਕੀਤਾ ਸੀ। ਇਸ ਦੇ ਬਾਅਦ ਦਲੀਪ ਕੁਮਾਰ ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਬਣੇ ਅਤੇ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦਿੱਤੀ।
ਦਲੀਪ ਕੁਮਾਰ ਨੂੰ ਬਾਲੀਵੁੱਡ ਦਾ ‘ਟ੍ਰੇਜ਼ਡੀ ਕਿੰਗ’ ਦਾ ਨਾਮ ਦਿੱਤਾ ਗਿਆ ਸੀ। ਉਨ੍ਹਾਂ ਨੇ ਆਪਣੇ ਕੈਰੀਅਰ ਵਿੱਚ ‘ਸ਼ਹੀਦ’, ‘ਮੇਲਾ’, ‘ਅੰਦਾਜ਼’, ‘ਜੋਗਨ’, ‘ਪਿਤਾ’, ‘ਦਾਗ਼’, ‘ਆਨ’, ‘ਦੇਵਦਾ’, ‘ਆਜ਼ਾਦ’, ‘ਨਯਾ ਦੌਰ’, ‘ਮਧੁਮਤੀ’, ‘ਪੈਗ਼ਾਮ’, ‘ਕੋਹੇਨੂਰ’, ‘ਮੁਗ਼ਲ-ਏ-ਆਜ਼ਮ’, ‘ਗੰਗਾ ਜਮੁਨਾ’, ‘ਰਾਮ ਔਰ ਸ਼ਿਆਮ’, ‘ਆਦਮੀ’, ‘ਗੋਪੀ’, ‘ਕ੍ਰਾਂਤੀ’, ‘ਸ਼ਕਤੀ’, ‘ਵਿਧਾਤਾ’, ‘ਕਰਮਾ’ ਅਤੇ ‘ਸੌਦਾਗਰ’ ਵਰਗੀਆਂ ਇੱਕ ਤੋਂ ਵੱਧ ਕੇ ਇੱਕ ਚੰਗੀਆਂ ਫ਼ਿਲਮਾਂ ਦਿੱਤੀ ਸਨ।