ਸਿਹਤ ਮੰਤਰੀ ਡੇਵਿਡ ਕਲਾਰਕ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ

ਵੈਲਿੰਗਟਨ, 2 ਜੁਲਾਈ – ਸਿਹਤ ਮੰਤਰੀ ਡੇਵਿਡ ਕਲਾਰਕ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਕੈਬਨਿਟ ਛੱਡਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸਿੱਖਿਆ ਮੰਤਰੀ ਕ੍ਰਿਸ ਹਿਪਕਿਨਸ ਨੂੰ ਸਿਹਤ ਪੋਰਟਫੋਲੀਓ ਲਈ ਨਿਯੁਕਤ ਕਰਦੇ ਹੋਏ ਕਿਹਾ ਕਿ ਉਹ ਇਹ ਭੂਮਿਕਾ ਚੋਣਾਂ ਤੱਕ ਨਿਭਾਉਣਗੇ। ਆਰਡਰਨ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਮੈਂ ਇਸ ਗੱਲ ਦਾ ਮੁਲਾਂਕਣ ਕਰਨਾ ਚਾਹੁੰਦਾ ਹਾਂ ਕਿ ਸਿਹਤ ਦੇ ਪੋਰਟਫੋਲੀਓ ਨੂੰ ਅੱਗੇ ਲਿਜਾਉਣ ਲਈ ਕੌਣ ਸਭ ਤੋਂ ਵਧੀਆ ਹੈ।
ਸਾਬਕਾ ਹੋਏ ਸਿਹਤ ਮੰਤਰੀ ਡੇਵਿਡ ਕਲਾਰਕ ਨੇ ਅੱਜ ਵੀਰਵਾਰ ਸਵੇਰੇ ਬੀਹਾਈਵ ਵਿਖੇ ਹੈਰਾਨੀ ਜਨਕ ਐਲਾਨ ਕੀਤਾ। ਉਨ੍ਹਾਂ ਨੇ ਪਾਮਰਸਟਨ ਨੌਰਥ ਵਿਖੇ ਇੱਕ ਕੈਂਸਰ ਮਸ਼ੀਨ ਦਾ ਰਿਬਨ ਕੱਟਣ ਦਾ ਇਰਾਦਾ ਬਣਾਇਆ ਸੀ। ਗੌਰਤਲਬ ਹੈ ਕਿ ਕਲਾਰਕ ਸੰਸਦ ਮੈਂਬਰ ਦੇ ਤੌਰ ‘ਤੇ ਬਣੇ ਰਹਿਣਗੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਡੂਨੇਡੀਨ ਨੌਰਥ ਤੋਂ ਚੋਣ ਲੜਨਗੇ। ਉਨ੍ਹਾਂ ਨੇ ਕਿਹਾ ਕਿ ਮਿਲੀ ਭੂਮਿਕਾ ਵਿੱਚ ਸੇਵਾ ਕਰਨਾ ਦਾ ਖ਼ਾਸ ਅਧਿਕਾਰ ਸੀ, ਪਰ ਇਹ ਮੰਨਿਆ ਕਿ ਸਭ ਅਸਾਨ ਨਹੀਂ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਉਨ੍ਹਾਂ ਨੇ ਕੱਲ੍ਹ ਪੇਸ਼ਕਸ਼ ਤੋਂ ਬਾਅਦ ਕਲਾਰਕ ਦਾ ਅਸਤੀਫ਼ਾ ਸਵੀਕਾਰ ਕਰ ਲਿਆ। ਆਰਡਰਨ ਨੇ ਕਿਹਾ, ‘ਡੇਵਿਡ ਕਲਾਰਕ ਨੇ ਇੱਕ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਆਪਣੀ ਇੱਛਾ ਦੀ ਪੁਸ਼ਟੀ ਕਰਨ ਲਈ ਕੱਲ੍ਹ ਮੇਰੇ ਨਾਲ ਸੰਪਰਕ ਕੀਤਾ ਅਤੇ ਮੈਂ ਉਹ ਅਸਤੀਫ਼ਾ ਸਵੀਕਾਰ ਕਰ ਲਿਆ’।
ਉਸ ਦਾ ਅਸਤੀਫ਼ਾ ਸਿਹਤ ਪੋਰਟਫੋਲੀਓ ਨਾਲ ਨਜਿੱਠਣ ਬਾਰੇ ਹਾਨੀਕਾਰਕ ਖ਼ੁਲਾਸੇ ਦੇ ਹਫ਼ਤਿਆਂ ਬਾਅਦ ਆਇਆ, ਜਿਸ ਵਿੱਚ ਕੋਵਿਡ -19 ਦੇ ਨਿਊਜ਼ੀਲੈਂਡ ਵਿੱਚ ਫੈਲਣ ਤੋਂ ਰੋਕਣ ਲਈ ਬਣਾਈ ਗਈ ਆਈਸੋਲੇਸ਼ਨ ਸਹੂਲਤਾਂ ਅਤੇ ਮੈਨੇਜਡ ਕੁਆਰੰਟੀਨ ਸਹੂਲਤਾਂ ਸ਼ਾਮਲ ਸਨ। ਅਜਿਹੇ ਹੀ ਇੱਕ ਮਾਮਲੇ ਵਿੱਚ ਕੋਵਿਡ -19 ਵਾਲੇ ਦੋ ਮਹਿਲਾਵਾਂ ਨੂੰ ਮੈਨੇਜਡ ਆਈਸੋਲੇਸ਼ਨ ਤੋਂ ਜਲਦੀ ਅਤੇ ਬਿਨਾਂ ਟੈੱਸਟ ਕੀਤੇ ਰਿਹਾ ਕੀਤਾ ਜਾਣ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਲੌਕਡਾਉਨ ਦੌਰਾਨ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕਲਾਰਕ ਦੇ ਆਪਣੇ ਪਰਿਵਾਰ ਨੂੰ ਬੀਚ ਉੱਤੇ ਲਿਜਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਆਰਡਰਨ ਦੀ ਕੈਬਨਿਟ ਰੈਂਕਿੰਗ ਦੇ ਸਭ ਤੋਂ ਹੇਠਲੇ ਪੱਧਰ ਉੱਤੇ ਪਹੁੰਚਾ ਦਿੱਤਾ ਗਿਆ ਸੀ।