ਸਿੰਘੂ ਬਾਰਡਰ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੀ ਹੱਤਿਆ

ਨਵੀਂ ਦਿੱਲੀ, 15 ਅਕਤੂਬਰ – ਖ਼ਬਰਾਂ ਹਨ ਕਿ ਸਿੰਘੂ ਬਾਰਡਰ ‘ਤੇ ਨਿਹੰਗ ਸਿੰਘ ਨੇ ਨਿਹੰਗ ਜਥੇਬੰਦੀ ਬਾਬਾ ਬਲਵਿੰਦਰ ਸਿੰਘ ਮੋਇਆਂ ਦੀ ਮੰਡੀ ਵਾਲੇ (ਮੁੱਖ ਸਥਾਨ ਸ੍ਰੀ ਫ਼ਤਿਹਗੜ੍ਹ ਸਾਹਿਬ) ਦੇ ਟੈਂਟ ਵਿੱਚੋਂ ‘ਸਰਬਲੋਹ ਗ੍ਰੰਥ’ ਦੀ ਬੇਅਦਬੀ ਕਰਕੇ ਭੱਜਣ ਵਾਲੇ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਪੁਲੀਸ ਬੈਰੀਕੇਡ ਨਾਲ ਟੰਗ ਦਿੱਤੀ ਗਈ। ਵਾਇਰਲ ਵੀਡੀਓ ਅਨੁਸਾਰ ਕੁੱਝ ਨਿਹੰਗ ਸਿੰਘਾਂ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਕੁੰਡਲੀ ਥਾਣਾ ਪੁਲੀਸ ਨੇ ਦਫ਼ਾ 302 ਤੇ 34 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਨਿਹੰਗ ਜਥੇਬੰਦੀ ਦੇ ਮੈਂਬਰ ਸਰਬਜੀਤ ਸਿੰਘ ਨੇ ਪੁਲੀਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਸਰਬਜੀਤ ਦੇ ਮੈਡੀਕਲ ਟੈੱਸਟ ਤੋਂ ਬਾਅਦ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਕਲਿੱਪ ‘ਚ ਕੁੱਝ ਨਿਹੰਗ ਸਿੰਘ ਖ਼ੂਨ ਨਾਲ ਲੱਥਪੱਥ ਵਿਅਕਤੀ ਦੀ ਲਾਸ਼ ਅਤੇ ਵੱਢੇ ਹੋਏ ਹੱਥ ਕੋਲ ਖੜ੍ਹੇ ਨਜ਼ਰ ਆ ਰਹੇ ਹਨ। ਨਿਹੰਗ ਇਹ ਆਖਦੇ ਸੁਣਾਈ ਦੇ ਰਹੇ ਹਨ ਕਿ ਵਿਅਕਤੀ ਨੂੰ ਪਵਿੱਤਰ ਗ੍ਰੰਥ ਦੀ ਬੇਅਦਬੀ ਦੀ ਸਜ਼ਾ ਦਿੱਤੀ ਗਈ ਹੈ। ਮਾਰੇ ਗਏ ਵਿਅਕਤੀ ਦੀ ਪਛਾਣ ਤਰਨ ਤਾਰਨ ਦੇ ਚੀਮਾ ਕਲਾਂ ਦੇ ਮਜ਼ਦੂਰ ਲਖਬੀਰ ਸਿੰਘ ਵਜੋਂ ਹੋਈ ਹੈ। ਰੋਹਤਕ ਰੇਂਜ ਦੇ ਏਡੀਜੀਪੀ ਸੰਦੀਪ ਖਿਰਵਾਰ ਨੇ ਦੱਸਿਆ ਕਿ ਪੁਲੀਸ ਨੂੰ ਸਵੇਰੇ ਕਰੀਬ 5 ਵਜੇ ਕਿਸਾਨਾਂ ਦੇ ਅੰਦੋਲਨ ਵਾਲੀ ਥਾਂ ਨੇੜੇ ਲਾਸ਼ ਲਟਕੇ ਹੋਣ ਦੀ ਜਾਣਕਾਰੀ ਮਿਲੀ ਸੀ। ਫੋਰੈਂਸਿਕ ਟੀਮ ਵੱਲੋਂ ਵਾਰਦਾਤ ਵਾਲੀ ਥਾਂ ਦਾ ਦੌਰਾ ਕੀਤਾ ਗਿਆ ਹੈ। ਇਹ ਵਾਰਦਾਤ ਸਵੇਰੇ ਪੌਣੇ 4 ਵਜੇ ਦੇ ਲਗਭਗ ਹੋਈ ਦੱਸੀ ਜਾ ਰਹੀ ਹੈ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਸਿੰਘੂ ਬਾਰਡਰ ‘ਤੇ ਹੋਏ ਕਤਲ ਦੀ ਨਿੰਦਾ
ਸੰਯੁਕਤ ਕਿਸਾਨ ਮੋਰਚੇ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਹੈ ਕਿ ਸਿੰਘੂ ਮੋਰਚੇ ਵਿੱਚ ਸਵੇਰੇ ਪੰਜਾਬ ਦੇ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੀਮਾ ਕਲਾਂ ਥਾਣਾ ਸਰਾਏ ਅਮਾਨਤ ਖਾਂ, ਜ਼ਿਲ੍ਹਾ ਤਰਨ ਤਾਰਨ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਮੋਰਚਾ ਨਿੰਦਾ ਕਰਦਾ ਹੈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਨੇ ਇਸ ਘਟਨਾ ਵਿੱਚ ਸਾਜ਼ਿਸ਼ ਹੋਣ ਦਾ ਸ਼ੱਕ ਵੀ ਜ਼ਾਹਿਰ ਕੀਤਾ। ਸੰਯੁਕਤ ਕਿਸਾਨ ਮੋਰਚਾ ਨੇ ਸਪਸ਼ਟ ਕੀਤਾ ਕਿ ਨਿਹੰਗ ਜਥੇਬੰਦੀ ਜਾਂ ਮ੍ਰਿਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ। ਮੋਰਚਾ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਦੇ ਵਿਰੁੱਧ ਹੈ ਪਰ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਮੋਰਚੇ ਨੇ ਮੰਗ ਕੀਤੀ ਕਿ ਕਿ ਕਤਲ ਅਤੇ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ਵਿੱਚ ਪੁਲੀਸ ਅਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ। ਇਸ ਦੇ ਨਾਲ ਹੀ ਮੋਰਚੇ ਨੇ ਘਟਨਾ ਪਿੱਛੇ ਕੋਈ ਸਾਜ਼ਿਸ਼ ਹੋਣ ਦਾ ਸ਼ੱਕ ਵੀ ਜ਼ਾਹਿਰ ਕੀਤਾ ਹੈ।