ਸਿੱਖ ਜਥੇਬੰਦੀਆਂ ਖੁਸ਼ ਨਹੀਂ ਨਈਅਰ ਵਲੋਂ ਮੁਆਫ਼ੀ ਮੰਗਣ ਦੇ ਢੰਗ ਤੋਂ

ਅੰਮ੍ਰਿਤਸਰ – ਇੱਥੇ ਭਾਈ ਗੁਰਦਾਸ ਹਾਲ ਵਿਖੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਮੀਟਿੰਗ ਕਰਕੇ ਉੱਘੇ ਲੇਖਕ ਕੁਲਦੀਪ ਨਈਅਰ ਵਲੋਂ ਆਪਣੀ ਸਵੈ ਜੀਵਨੀ ‘ਚ ਲਿਖੀਆਂ ਕੁੱਝ ਇਤਰਾਜ਼ਯੋਗ ਟਿੱਪਣੀਆਂ ਬਾਰੇ ਸਿੱਖ ਕੌਮ ਕੋਲੋਂ ਮੁਆਫ਼ੀ ਮੰਗਣ ਦੇ ਢੰਗ ‘ਤੇ ਅਸਹਿਮਤੀ ਪ੍ਰਗਟਾਈ ਹੈ ਉਨ੍ਹਾਂ ਕਿਹਾ ਕਿ ਉਹ ਆਪਣੀ ਕਿਤਾਬ ਦੇ ਹਥਲੇ ਅਡੀਸ਼ਨ ਵਿੱਚ ਹੀ ਇਤਰਾਜ਼ਯੋਗ ਟਿੱਪਣੀਆਂ ਬਾਰੇ ਸਪੱਸ਼ਟੀਕਰਨ ਸ਼ਾਮਲ ਕਰਨ।
ਇੱਥੇ ਇਸ ਮਾਮਲੇ ਨੂੰ ਵਿਚਾਰਨ ਲਈ ਖਾਲਸਾ ਐਕਸ਼ਨ ਕਮੇਟੀ ਵਲੋਂ ਸੱਦੀ ਗਈ ਮੀਟਿੰਗ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਵਿੱਚ ਮੁਸਲਿਮ, ਕ੍ਰਿਸਚਨ ਤੇ ਹਿੰਦੂ ਭਾਈਚਾਰੇ ਨਾਲ ਸਬੰਧਤ ਨੁਮਾਇੰਦੇ ਵੀ ਸ਼ਾਮਲ ਸਨ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਵਧੇਰੇ ਬੁਲਾਰਿਆਂ ਨੇ ਸ੍ਰੀ ਨਈਅਰ ਵਲੋਂ ਆਪਣੀ ਪੁਸਤਕ ਵਿੱਚ ਸਿੱਖ ਸ਼ਖ਼ਸੀਅਤਾਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ‘ਤੇ ਇਤਰਾਜ਼ ਪ੍ਰਗਟਾਇਆ। ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ ਨੇ ਦੱਸਿਆ ਹੈ ਕਿ ਸਿੱਖ ਜਥੇਬੰਦੀਆਂ ਨੇ ਸ੍ਰੀ ਨਈਅਰ ਵਲੋਂ ਮੁਆਫ਼ੀ ਮੰਗਣ ਦੇ ਢੰਗ ‘ਤੇ ਅਸਹਿਮਤੀ ਪ੍ਰਗਟਾਈ ਹੈ। ਇਸ ਬਾਰੇ ਮਤਾ ਪਾਸ ਕਰਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ੍ਰੀ ਨਈਅਰ ਆਪਣੀ ਪੁਸਤਕ ਵਿੱਚ ਦਰਜ ਇਤਰਾਜ਼ਯੋਗ ਟਿੱਪਣੀਆਂ ਬਾਰੇ ਮੁਆਫ਼ੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੇ ਲੈਟਰ ਪੈਡ ‘ਤੇ ਦਸਤਖ਼ਤਾਂ ਸਹਿਤ ਪੱਤਰ ਭੇਜਣ। ਇਸ ਤੋਂ ਇਲਾਵਾ ਆਪਣੀ ਪੁਸਤਕ ਦੇ ਹਥਲੇ ਅਡੀਸ਼ਨ ਦੀਆਂ ਸਮੂਹ ਕਾਪੀਆਂ ਵਾਪਸ ਲੈਣ ਜਾਂ ਫਿਰ ਪ੍ਰਕਾਸ਼ਕ ਕੋਲ ਹਥਲੇ ਅਡੀਸ਼ਨ ਦੀਆਂ ਬਚੀਆਂ ਕਾਪੀਆਂ ਵਿੱਚ ਇਤਰਾਜ਼ਯੋਗ ਟਿੱਪਣੀਆਂ ਬਾਰੇ ਸਪੱਸ਼ਟੀਕਰਨ ਦੇ ਰੂਪ ਵਿੱਚ ਇੱਕ ਸਫ਼ਾ ਸ਼ਾਮਲ ਕਰਨ। ਸਿੱਖ ਜਥੇਬੰਦੀਆਂ ਨੇ ਲੇਖਕ ਨੂੰ ਹਫ਼ਤੇ ਦਾ ਸਮਾਂ ਦਿੰਦਿਆਂ ਆਖਿਆ ਕਿ  ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਿੱਖ ਜਥੇਬੰਦੀਆਂ ਅਗਲਾ ਫੈਸਲਾ ਲੈਣ ਲਈ ਮਜਬੂਰ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸਿੱਖ ਜਥੇਬੰਦੀਆਂ ਵਲੋਂ ਇਸ ਬਾਰੇ ਅਗਲੇ ਫੈਸਲੇ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਕੋਲੋਂ ਮੰਗ ਕੀਤੀ ਜਾਵੇਗੀ ਕਿ ਸ੍ਰੀ ਨਈਅਰ ਨੂੰ ਸਿੱਖ ਕੌਮ ਵਲੋਂ ਦਿੱਤਾ ਗਿਆ ਸਨਮਾਨ ਵਾਪਸ ਲਿਆ ਜਾਵੇ ਤੇ ਪੰਥਕ ਜਥੇਬੰਦੀਆਂ ਦਾ ਇਕੱਠ
ਸੱਦ ਕੇ ਇਸ ਸਨਮਾਨ ਨੂੰ ਰੱਦ ਕੀਤਾ ਜਾਵੇ। ਇਸ ਹਾਲਤ ਵਿੱਚ ਸ੍ਰੀ ਨਈਅਰ ਨੂੰ ਸਿੱਖ ਸ਼ਹੀਦਾਂ ਦਾ ਅਪਮਾਨ ਕਰਨ ਦਾ ਦੋਸ਼ੀ ਕਰਾਰ ਦੇਣ ਲਈ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ
ਸ੍ਰੀ ਨਈਅਰ ਦੇ ਪੰਜਾਬ ਵਿੱਚ ਦਾਖ਼ਲੇ ਸਮੇਂ ਵਿਰੋਧ ਕਰਨ ਦਾ ਸੱਦਾ ਦਿੱਤਾ ਜਾਵੇਗਾ।
ਇਸ ਬਾਰੇ ਦਲ ਖਾਲਸਾ ਦੇ ਆਗੂ ਤੇ ਖਾਲਸਾ ਐਕਸ਼ਨ ਕਮੇਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਸ੍ਰੀ ਨਈਅਰ ਵਲੋਂ ਇਤਰਾਜ਼ਯੋਗ ਟਿੱਪਣੀਆਂ ਬਾਰੇ ਮੁਆਫ਼ੀ ਦਾ ਪ੍ਰਗਟਾਵਾ ਕਰਨ ਲਈ
ਸੰਜੀਦਗੀ ਨਹੀਂ ਦਿਖਾਈ ਗਈ ਸਗੋਂ ਇਹ ਮੁਆਫ਼ੀ ਬਾਰੇ ਪੱਤਰ ਉਨ੍ਹਾਂ ਦੇ ਪੰਜਾਬ ਵਿਚਲੇ ਕੁਝ ਸਾਥੀਆਂ ਵਲੋਂ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੀਟਿੰਗ ਵਿੱਚ ਭਾਈ ਮੋਹਕਮ ਸਿੰਘ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਦਲ ਖਾਲਸਾ ਦੇ ਪ੍ਰਧਾਨ ਹਰਚਰਨ ਸਿੰਘ ਧਾਮੀ, ਸਤਨਾਮ ਸਿੰਘ ਪਾਉਂਟਾ ਸਾਹਿਬ, ਬਾਬਾ ਮੇਜਰ ਸਿੰਘ ਵਾਂ, ਪੰਚ ਪ੍ਰਧਾਨੀ ਤੋਂ ਬਲਦੇਵ ਸਿੰਘ ਸਰਸਾ, ਖਾਲਸਾ ਐਕਸ਼ਨ ਕਮੇਟੀ ਦੇ ਬਲਵਿੰਦਰ ਸਿੰਘ ਝਬਾਲ, ਬਾਬਾ ਸੁਖਚੈਨ ਸਿੰਘ, ਸਤਨਾਮ ਸਿੰਘ ਮਨਾਵਾ, ਮੁਸਲਿਮ ਜਥੇਬੰਦੀ ਮਿਲੀ ਕੌਂਸਲ ਤੋਂ ਡਾਕਟਰ ਅਨਵਰ ਅਹਿਮਦ, ਸਮਾਜ ਬਚਾਓ ਮੋਰਚਾ ਤੋਂ ਗਿਆਨ ਚੰਦ, ਸ੍ਰੀ ਓਮ ਪ੍ਰਕਾਸ਼, ਅਖੰਡ ਕੀਰਤਨੀ ਜਥੇ ਵਲੋਂ ਜਥੇਦਾਰ ਬਲਦੇਵ ਸਿੰਘ, ਖਾਲੜਾ ਮਿਸ਼ਨ ਆਰਗ਼ੇਨਾਈਜ਼ੇਸ਼ਨ ਵਲੋਂ ਦਲਬੀਰ ਸਿੰਘ, ਯੂਨਾਈਟਿਡ ਸਿੱਖ ਮੂਵਮੈਂਟ ਵਲੋਂ ਗੁਰਦੀਪ ਸਿੰਘ ਬਠਿੰਡਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਨ੍ਹਾਂ ਤੋਂ ਇਲਾਵਾ ਸਿੱਖ ਯੂਥ ਆਫ ਪੰਜਾਬ, ਫੈਡਰੇਸ਼ਨ ਭਿੰਡਰਾਂਵਾਲਾ, ਫੈਡਰੇਸ਼ਨ ਗੋਰੇਨੰਗਲ, ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਚਰਨਜੀਤ ਸਿੰਘ ਤੇ ਹੋਰ ਸਿੱਖ ਆਗੂ ਸ਼ਾਮਲ ਸਨ।