ਸੂਬੇ ਭਰ ‘ਚ 110 ਨਵੇਂ ਡੂੰਘੇ ਟਿਊਬਵੈੱਲ ਲਗਾਉਣ ਦੀ ਤਜਵੀਜ਼ : ਸ਼ਰਨਜੀਤ ਸਿੰਘ ਢਿੱਲੋਂ

52.25 ਕਰੋੜ ਰੁਪਏ ਦੀ ਆਵੇਗੀ ਅਨੁਮਾਨਤ ਲਾਗਤ
5500 ਹੈਕਟੇਅਰ ਰਕਬਾ ਸਿੰਚਾਈ ਹੇਠ ਲਿਆਉਣ ਦਾ ਟੀਚਾ
ਚੰਡੀਗੜ੍ਹ, 15 ਫ਼ਰਵਰੀ : ਪੰਜਾਬ ਸਰਕਾਰ ਵੱਲੋਂ ਸੂਬੇ ਭਰ ‘ਚ 110 ਨਵੇਂ ਡੂੰਘੇ ਟਿਊਬਵੈੱਲ ਲਗਾਉਣ ਦੀ ਇੱਕ ਤਜਵੀਜ਼ ਬਣਾਈ ਹੈ ਜਿਸ ‘ਤੇ ਅਨੁਮਾਨਤ 52.25 ਕਰੋੜ ਰੁਪਏ ਦੀ ਲਾਗਤ ਆਵੇਗੀ ਜਦੋਂ ਕਿ 5500 ਹੈਕਟੇਅਰ ਰਕਬਾ ਸਿੰਚਾਈ ਹੇਠ ਲਿਆਂਦਾ ਜਾਵੇਗਾ।
ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਸਿੰਚਾਈ ਦੀਆਂ ਹੋਰ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਲਈ ਇੱਕ ਵਿਸ਼ੇਸ਼ ਤਜਵੀਜ਼ ਬਣਾਈ ਹੈ ਜਿਸ….. ਤਹਿਤ 52.25 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਸੂਬੇ ਭਰ ‘ਚ 110 ਨਵੇਂ ਡੂੰਘੇ ਟਿਊਬਵੈੱਲ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਨਾਲ ਸੂਬੇ ਦਾ 5500 ਹੈਕਟੇਅਰ ਹੋਰ ਰਕਬਾ ਸਿੰਚਾਈ ਹੇਠ ਆ ਜਾਵੇਗਾ।
ਸ. ਢਿੱਲੋਂ ਨੇ ਦੱਸਿਆ ਕਿ ਸੂਬੇ ਦੀ ਅਕਾਲ-ਭਾਜਪਾ ਸਰਕਾਰ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪਿਛਲੇ ਦੋ ਸਾਲਾਂ ਦੌਰਾਨ 73.30 ਕਰੋੜ ਰੁਪਏ, ਵੱਖ ਵੱਖ ਸਕੀਮਾਂ ਤਹਿਤ ਟਿਊਬਵੈੱਲਾਂ ਦੇ ਵੱਖ-ਵੱਖ ਕੰਮਾਂ ‘ਤੇ ਖਰਚੇ ਹਨ, ਜਿਸ ਨਾਲ 3050 ਹੈਕਟੇਅਰ ਬਰਾਨੀ ਜ਼ਮੀਨ ਸਿੰਚਾਈ ਅਧੀਨ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਨਹਿਰੀ ਖਾਲੇ ਬਣਾਉਣ/ਪੱਕੇ ਕਰਨ ਅਤੇ ਡੂੰਘੇ ਟਿਊਬਵੈੱਲ ਲਗਾਉਣ ਨਾਲ ਸੂਬੇ ਦੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਿੰਚਾਈ ਸਹੂਲਤਾਂ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਸੂਬੇ ਦਾ ਵਿਕਾਸ ਸੰਭਵ ਹੋਇਆ ਹੈ।
ਸ. ਢਿੱਲੋਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪਿਛਲੇ ਦੋ ਸਾਲਾਂ ਦੌਰਾਨ ਵੱਖ-ਵੱਖ ਸਕੀਮਾਂ ਤਹਿਤ 328.28 ਕਰੋੜ ਰੁਪਏ ਦੀ ਲਾਗਤ ਨਾਲ 2215 ਕਿੱਲੋ ਮੀਟਰ ਦੀ ਲੰਬਾਈ ਦੇ ਖਾਲੇ ਪੱਕੇ ਕੀਤੇ, ਜਿਸ ਨਾਲ 130992 ਹੈਕਟੇਅਰ ਰਕਬਾ ਸਿੰਚਾਈ ਅਧੀਨ ਲਿਆਂਦਾ ਗਿਆ ਹੈ ਜਦੋਂ ਕਿ ਸਾਲ 2015 ਦੌਰਾਨ 78.56 ਕਰੋੜ ਰੁਪਏ ਖ਼ਰਚ ਕਰਕੇ 790 ਕਿੱਲੋ ਮੀਟਰ ਲੰਬਾਈ ਦੇ ਖਾਲੇ ਪੱਕੇ ਕੀਤੇ, ਜਿਸ ਨਾਲ 34946 ਹੈਕਟੇਅਰ ਰਕਬੇ ਵਿੱਚ ਸਿੰਚਾਈ ਸਹੂਲਤਾਂ ਪ੍ਰਦਾਨ ਕੀਤੀਆ ਗਈਆਂ।
ਸ. ਢਿੱਲੋਂ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਆਪਣੇ ਦੋ ਕਾਰਜਕਾਲਾਂ ਦੌਰਾਨ 1372.64 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਸਕੀਮਾਂ ਤਹਿਤ 11117 ਕਿੱਲੋਮੀਟਰ ਲੰਬੇ ਨਹਿਰੀ ਖਾਲੇ ਪੱਕੇ ਕੀਤੇ ਜਦੋਂ ਕਿ 413 ਡੂੰਘੇ ਟਿਊਬਵੈੱਲ ਲਗਾਏ, ਜਿਸ ਨਾਲ 544989 ਹੈਕਟੇਅਰ ਰਕਬੇ ਵਿੱਚ ਸਿੰਚਾਈ ਵਿਵਸਥਾ ‘ਚ ਵਾਧਾ ਹੋਇਆ ਅਤੇ ਇਸ ਨਾਲ ਸੂਬੇ ਦੇ 189429 ਕਿਸਾਨਾਂ ਨੂੰ ਲਾਭ ਮਿਲਿਆ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਆਪਣੇ ਦੋ ਕਾਰਜਕਾਲਾਂ ਦੌਰਾਨ 261.05 ਕਰੋੜ ਰੁਪਏ ਦੀ ਲਾਗਤ ਨਾਲ ਕੰਡੀ ਨਹਿਰ ਸਟੇਜ-2 ਦੇ 59 ਕਿੱਲੋਮੀਟਰ ਲੰਬੀ ਨਹਿਰ ਦਾ ਕਾਰਜ ਮੁਕੰਮਲ ਕੀਤਾ ਹੈ, ਜਿਸ ਨਾਲ 12061 ਹੈਕਟੇਅਰ ਰਕਬਾ ਸਿੰਚਾਈ ਲਈ ਲਿਆਂਦਾ ਗਿਆ ਹੈ।