ਸੈਕਰਾਮੈਂਟੋ, ਕੈਲੀਫੋਰਨੀਆ ਦੇ ਗੁਰਦੁਆਰੇ ‘ਚ ਗੋਲੀਬਾਰੀ ਤੇ ਹੋਰ ਘਟਨਾਵਾਂ ਲਈ ਲੋੜੀਂਦੇ 17 ਪੰਜਾਬੀਆਂ ਨੂੰ ਕੀਤਾ ਕਾਬੂ

ਸਟਰ ਕਾਉਂਟੀ ਦੀ ਜ਼ਿਲ੍ਹਾ ਅਟਾਰਨੀ ਜੈਨੀਫਰ ਡੁਪਰੇ ਤੇ ਅਟਾਰਨੀ ਜਨਰਲ ਰੋਬ ਬੋਂਟਾ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ।
ਫੜੇ ਗਏ ਪੰਜਾਬੀ ਮੁੰਡਿਆਂ ਦੀਆਂ ਲਾਅ ਇਨਫੋਰਸਮੈਂਟ ਏਜੰਸੀਆਂ ਵਲੋਂ ਜਾਰੀ ਫੋਟੋਆਂ ਤੇ ਫੜਿਆ ਗਿਆ ਅਸਲਾ

ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚੋਂ ਦੋ ਮਾਫੀਆ ਮੈਂਬਰ ਭਾਰਤ ‘ਚ “ਕਈ ਕਤਲਾਂ ਵਿੱਚ ਲੋੜੀਂਦੇ”
ਸਮੁੱਚਾ ਪੰਜਾਬੀ ਭਾਈਚਾਰਾ ਇਨਾਂ ਗੈਂਗਸਟਰਾਂ ਤੇ ਫੜੇ ਜਾਣ ਤੇ ਸ਼ੋਕ ‘ਚ ਪਰ ਖੁਸ਼ ਵੀ
ਸੈਕਰਾਮੈਂਟੋ, ਕੈਲੀਫੋਰਨੀਆ, 18 ਅਪ੍ਰੈਲ ( ਹੁਸਨ ਲੜੋਆ ਬੰਗਾ) – ਉੱਤਰੀ ਕੈਲੀਫੋਰਨੀਆ ਦੀਆਂ ਕਈ ਕਾਉਂਟੀਆਂ ਵਿੱਚ ਫੈਲੇ ਪੰਜਾਬੀ ਭਾਈਚਾਰੇ ਚ ਅਪਰਾਧਿਕ ਮਾਮਲਿਆਂ ਦੀ ਜਾਂਚ ਦੇ ਮੱਦੇਨਜਰ 17 ਪੰਜਾਬੀ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅਪਰਾਧੀ ਸਟਾਕਟਨ, ਸੈਕਰਾਮੈਂਟੋ ਅਤੇ ਹੋਰ ਸਥਾਨਾਂ ਵਿੱਚ ਸਿੱਖ ਗੁਰਦੁਆਰੇ ਵਿੱਚ ਗੋਲੀਬਾਰੀ ਨਾਲ ਤੇ ਹੋਰ ਮਾਮਲਿਆਂ ਨਾਲ ਸਬੰਧਤ ਹਨ। ਵੱਖ ਵੱਖ ਕਾਨੂੰਨੀ ਏਜੰਸੀਆਂ ਵਲੋਂ ਅਭਿਆਨ ਤਹਿਤ ਏਜੰਟਾਂ ਨੇ ਐਤਵਾਰ ਨੂੰ 20 ਥਾਵਾਂ ‘ਤੇ ਸਰਚ ਵਾਰੰਟ ਚਲਾਏ ਅਤੇ 41 ਹਥਿਆਰ ਜ਼ਬਤ ਕੀਤੇ। ਕੁਝ ਹਥਿਆਰਾਂ ਵਿੱਚ ਇੱਕ ਏਆਰ-15, ਏਕੇ 47, ਹੈਂਡਗਨ ਅਤੇ ਘੱਟੋ-ਘੱਟ ਇੱਕ ਮਸ਼ੀਨ ਗਨ ਸ਼ਾਮਲ ਸੀ।
ਕੈਲੀਫੋਰਨੀਆ ਦੇ ਅਟਾਰਨੀ ਜਨਰਲ ਦੇ ਦਫਤਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਨਾਂ ਅਨਸਰਾਂ ਨੂੰ “ਸੱਟਰ ਕਾਊਂਟੀ, ਸੈਕਰਾਮੈਂਟੋ ਕਾਊਂਟੀ, ਸੈਨ ਵਾਕਿਨ, ਸੋਲਾਨੋ, ਯੋਲੋ ਅਤੇ ਮਰਸਡ ਕਾਉਂਟੀਆਂ ਵਿੱਚ ਪੰਜ ਕਤਲਾਂ ਸਮੇਤ ਕਈ ਹਿੰਸਕ ਅਪਰਾਧਾਂ ਅਤੇ ਗੋਲੀਬਾਰੀ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।”
ਸਟਰ ਕਾਉਂਟੀ ਦੀ ਜ਼ਿਲ੍ਹਾ ਅਟਾਰਨੀ ਜੈਨੀਫਰ ਡੁਪਰੇ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ਪਿਛਲੇ ਕਈ ਸਾਲਾਂ ਤੋਂ, ਸ਼ਾਂਤਮਈ ਸਿੱਖ ਭਾਈਚਾਰਾ ਇਨ੍ਹਾਂ ਅਪਰਾਧੀ ਲੋਕਾਂ ਦੁਆਰਾ ਕੀਤੀਆਂ ਗਈਆਂ ਹਿੰਸਾ ਦੀਆਂ ਕਾਰਵਾਈਆਂ ਨਾਲ ਜੂਝ ਰਿਹਾ ਹੈ। ਡੁਪਰੇ ਨੇ ਕਿਹਾ, ਇਹ ਹਿੰਸਾ 2018 ਵਿੱਚ ਸਿੱਖ ਪਰੇਡ ਵਿੱਚ ਮੁੱਠਭੇੜਾਂ ਅਤੇ ਤਲਵਾਰਾਂ ਦੇ ਹਮਲਿਆਂ ਨਾਲ ਸ਼ੁਰੂ ਹੋਈ ਅਤੇ ਗੋਲੀਬਾਰੀ ਤੱਕ ਵਧ ਗਈ, ਤੇ ਬਾਅਦ ਸਤੰਬਰ 2021 ਵਿੱਚ ਯੂਬਾ ਸਿਟੀ ਵਿੱਚ ਇੱਕ ਵਿਆਹ ਦੀ ਪਾਰਟੀ ਵਿੱਚ ਵੀ ਗੋਲਾਬਾਰੀ ਹੋਈ। ਉਦੋਂ ਤੋਂ, ਸਮੂਹ 10 ਹੋਰ ਗੋਲੀਬਾਰੀ ਵਿੱਚ ਸ਼ਾਮਲ ਹੋਏ ਹਨ, ਅਤੇ ਹੁਣ ਤੱਕ ਕੁੱਲ 11 ਆਦਮੀਆਂ ਨੂੰ ਗੋਲੀ ਮਾਰ ਦਿੱਤੀ ਗਈ ਹੈ।
ਉਸ ਨੇ ਕਿਹਾ ਕਿ ਇਸ ਵਿੱਚ ਅਗਸਤ 2022 ਵਿੱਚ ਸਟਾਕਟਨ ਵਿੱਚ ਸਿੱਖ ਗੁਰਦੁਆਰੇ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਪੰਜ ਵਿਅਕਤੀ ਅਤੇ ਪਿਛਲੇ ਮਹੀਨੇ ਸੈਕਰਾਮੈਂਟੋ ਵਿੱਚ ਸਿੱਖ ਗੁਰਦੁਆਰੇ ਵਿੱਚ ਦੋ ਵਿਅਕਤੀਆਂ ਨੂੰ ਗੋਲੀ ਮਾਰੀ ਗਈ ਸੀ।ਅਧਿਕਾਰੀਆਂ ਨੇ ਕਿਹਾ ਕਿ ਦਸੰਬਰ 2022 ਵਿੱਚ ਵੁੱਡਲੈਂਡ ਗੋਲੀਬਾਰੀ ਤੋਂ ਪੈਦਾ ਹੋਏ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਦੋ ਲੋਕ ਭਾਰਤ ਵਿੱਚ ਕਈ ਕਤਲਾਂ ਲਈ ਲੋੜੀਂਦੇ ਹਨ।
ਅਟਾਰਨੀ ਜਨਰਲ ਰੋਬ ਬੋਂਟਾ ਨੇ ਕਿਹਾ, ਅੱਜ ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਏਜੰਟਾਂ ਅਤੇ ਸੱਟਰ ਕਾਉਂਟੀ ਵਿੱਚ ਲਾਅ ਇਨਫੋਰਸਮੈਂਟ ਏਜੰਸੀਆਂ ਦੁਆਰਾ ਸਹਿਯੋਗ, ਕੰਮ ਕਰਨ ਦੇ ਢੰਗ ਅਤੇ ਤੇਜ਼ ਕਾਰਵਾਈ ਲਈ ਧੰਨਵਾਦੀ ਹਾਂ। “ਕਿਸੇ ਵੀ ਪਰਿਵਾਰ ਨੂੰ ਕਦੇ ਵੀ ਆਂਢ-ਗੁਆਂਢ ਵਿੱਚ ਗੋਲੀਬਾਰੀ ਜਾਂ ਬੰਦੂਕ ਦੀ ਹਿੰਸਾ ਦੇ ਹੋਰ ਰੂਪਾਂ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ ਜਿੱਥੇ ਉਨ੍ਹਾਂ ਦੇ ਬੱਚੇ ਰਹਿੰਦੇ ਹਨ ਅਤੇ ਖੇਡਦੇ ਹਨ ।
ਅਟਾਰਨੀ ਜਨਰਲ ਦਫਤਰ ਦੇ ਅਨੁਸਾਰ, ਕੈਲੀਫੋਰਨੀਆ ਦੇ ਨਿਆਂ ਵਿਭਾਗ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨਜ਼ ਅਤੇ ਕਈ ਸਥਾਨਕ ਏਜੰਸੀਆਂ ਸਮੇਤ ਘੱਟੋ-ਘੱਟ 20 ਏਜੰਸੀਆਂ ਨੇ ਜਾਂਚ ਵਿੱਚ ਹਿੱਸਾ ਲਿਆ। ਡੁਪਰੇ ਨੇ ਕਿਹਾ ਕਿ ਜਾਂਚ ਵਿੱਚ “ਸ਼ਾਇਦ ਘੱਟੋ ਘੱਟ 500 ਲਾਅ ਇਨਫੋਰਸਮੈਂਟ ਏਜੰਸੀਆਂ ਵਾਲੇ ਅਧਿਕਾਰੀ ਸ਼ਾਮਲ ਹਨ।” ਗਰੋਹ ਦੇ ਸ਼ੱਕੀ ਮੈਂਬਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਲਾਖਾਂ ਪਿੱਛੇ ਸੁੱਟ ਰਹੇ ਹਾਂ।
ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਕਾਰਵਾਈ ਨੇ ਦੋ ਹੋਰ ਗੋਲੀਬਾਰੀ ਹੋਣ ਤੋਂ ਰੋਕੀ।ਯੂਬਾ ਸੂਟਰ ਨਾਰਕੋਟਿਕ ਅਤੇ ਗੈਂਗ ਇਨਫੋਰਸਮੈਂਟ ਟਾਸਕ ਫੋਰਸ, ਯੂਬਾ ਸਿਟੀ ਪੁਲਿਸ ਡਿਪਾਰਟਮੈਂਟ, ਕੈਲੀਫੋਰਨੀਆ ਡਿਪਾਰਟਮੈਂਟ ਆਫ਼ ਜਸਟਿਸ ਸਪੈਸ਼ਲ ਆਪ੍ਰੇਸ਼ਨ ਯੂਨਿਟ, ਕੈਲੀਫੋਰਨੀਆ ਹਾਈਵੇ ਪੈਟਰੋਲ ਸਪੈਸ਼ਲ ਆਪ੍ਰੇਸ਼ਨ ਯੂਨਿਟ, ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨ, ਯੂ.ਐਸ. ਡਰੱਗ ਇਨਫੋਰਸਮੈਂਟ ਵਿਚਕਾਰ ਸਾਂਝੇ ਯਤਨਾਂ ਦੇ ਹਿੱਸੇ ਵਜੋਂ ਜਾਂਚ ਫਰਵਰੀ 2023 ਵਿੱਚ ਸ਼ੁਰੂ ਹੋਈ ਸੀ। ਲਾਅ ਇਨਫੋਰਸਮੈਂਟ ਏਜੰਸੀਆਂ ਦੁਆਰਾ ਇਸ ਅਪ੍ਰੇਸ਼ਨ ਨੂੰ ਬਰੋਕਨ ਸਵੋਰਡਜ ( ਭਾਵ ਟੁੱਟੀ ਹੋਈ ਕਿਰਪਾਨ)ਦਾ ਨਾਂ ਦਿੱਤਾ ਗਿਆ।
ਸੈਕਰਾਮੈਂਟੋ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਥੀਏਨ ਹੋ ਨੇ ਕਿਹਾ ਕਿ ਦੋਸ਼ ਅਤੇ ਜਾਂਚ “ਕਿਸੇ ਵੀ ਤਰੀਕੇ ਨਾਲ ਸਿੱਖ ਭਾਈਚਾਰੇ ਨੂੰ ਪ੍ਰਤੀਬਿੰਬਤ ਜਾਂ ਪ੍ਰਭਾਵਿਤ ਨਹੀਂ ਕਰਦੇ ਹਨ ਜੋ ਇਸ ਖੇਤਰ ਵਿੱਚ ਵੱਡੇ ਭਾਈਚਾਰੇ ਦਾ ਇੱਕ ਮਹੱਤਵਪੂਰਨ ਹਿੱਸਾ ਹਨ।” ਪੰਜਾਬੀ ਭਾਈਚਾਰਾ ਜਿਥੇ ਇਨਾਂ ਮਾੜੇ ਅਨਸਰਾਂ ਨੂੰ ਫੜੇ ਜਾਣ ਤੇ ਹੈਰਾਨ ਤੇ ਸ਼ੋਕ ਵਿੱਚ ਉਥੇ ਇਨਾਂ ਨੂੰ ਫੜੇ ਜਾਣ ਤੇ ਖੁਸ਼ ਵੀ ਹੈ ਕਿਓਂ ਕਿ ਬੀਤੇ ਦਿਨ ਜੋ ਸੈਕਰਾਮੇਂਟੋਂ ਇਕ ਨਗਰ ਕੀਰਤਨ ਦੌਰਾਨ ਇਨਾਂ ਵਲੋਂ ਗੋਲੌਬਾਰੀ ਕਾਰਨ ਸਾਰੇ ਭਾਈਚਾਰੇ ਨੁੰ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਤੇ ਨਗਰ ਕੀਰਤਨ ਵਿਚਾਲੇ ਹੀ ਬੰਦ ਕਰਨਾ ਪਿਆ ਸੀ। ਇਨਾ ਦੀਆਂ ਗ੍ਰਿਫਤਾਰੀਆਂ ਕਾਰਨ ਜਿਥੇ ਲਾਅ ਇਨਫੋਰਸਮੈਂਟ ਏਜੰਸੀਆਂ ਨੂੰ ਕੁਝ ਰਾਹਤ ਮਿਲੀ ਹੈ ਉਥੇ, ਹੁਣ ਭਾਈਚਾਰੇ ਨੂੰ ਵੀ ਸੁੱਖ ਦਾ ਸਾਹ ਆਵੇਗਾ।