ਸ੍ਰੀਮਤੀ ਦਰੋਪਦੀ ਮੁਰਮੂ ਨੇ ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ

ਆਦਿਵਾਸੀ ਸਮਾਜ ਦੀ ਪਹਿਲੀ ਅਤੇ ਦੇਸ਼ ਦੀ ਦੂਜੀ ਮਹਿਲਾ ਰਾਸ਼ਟਰਪਤੀ ਹੋਣ ਦਾ ਮਾਣ ਮਿਲਿਆ
ਨਵੀਂ ਦਿੱਲੀ, 25 ਜੁਲਾਈ – ਦਰਪੋਦੀ ਮੁਰਮੂ (64) ਨੇ ਅੱਜ ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣ ਮਗਰੋਂ ਆਪਣੇ ਪਲੇਠੇ ਭਾਸ਼ਣ ’ਚ ਕਿਹਾ ਕਿ ਉਨ੍ਹਾਂ ਦੀ ਚੋਣ ਇਸ ਗੱਲ ਦਾ ਸਬੂਤ ਹੈ ਕਿ ਕਿਸੇ ਵੀ ਗਰੀਬ ਦੇ ਸੁਫ਼ਨੇ ਹੁਣ ਪੂਰੇ ਹੋ ਸਕਦੇ ਹਨ। ਸ੍ਰੀਮਤੀ ਮੁਰਮੂ ਦੇਸ਼ ਦੇ ਸਿਖਰਲੇ ਅਹੁਦੇ ’ਤੇ ਬੈਠਣ ਵਾਲੀ ਆਦਿਵਾਸੀ ਸਮਾਜ ਦੀ ਪਹਿਲੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਹਨ। ਉਹ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਹੋਣ ਦੇ ਨਾਲ ਨਾਲ ਅਹੁਦੇ ’ਤੇ ਬਿਰਾਜਮਾਨ ਹੋਣ ਵਾਲੀ ਆਜ਼ਾਦ ਭਾਰਤ ਦੀ ਪਹਿਲੀ ਆਗੂ ਹਨ। ਦੇਸ਼ ਦੇ ਚੀਫ਼ ਜਸਟਿਸ ਐੱਨ ਵੀ ਰਾਮੰਨਾ ਨੇ ਉਨ੍ਹਾਂ ਨੂੰ ਸੰਸਦ ਦੇ ਕੇਂਦਰੀ ਹਾਲ ਵਿੱਚ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਤੇ ਰਾਜ ਸਭਾ ਚੇਅਰਮੈਨ ਐੱਮ ਵੈਂਕੱਈਆ ਨਾਇਡੂ, ਲੋਕ ਸਭਾ ਸਪੀਕਰ ਓਮ ਬਿਰਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਦੋਵਾਂ ਸਦਨਾਂ ਦੇ ਮੈਂਬਰਾਂ ਅਤੇ ਹੋਰ ਮਹਿਮਾਨਾਂ ਦੀ ਹਾਜ਼ਰੀ ਵਿੱਚ ਅਹੁਦੇ ਦਾ ਹਲਫ਼ ਦਿਵਾਇਆ। ਹਲਫ਼ ਲੈਣ ਮਗਰੋਂ ਹਾਜ਼ਰੀਨ ਤੇ ਦੇਸ਼ ਵਾਸੀਆਂ ਨੂੰ ਆਪਣੇ ਪਲੇਠੇ ਸੰਬੋਧਨ ਵਿੱਚ ਰਾਸ਼ਟਰਪਤੀ ਮੁਰਮੂ ਨੇ ‘ਸਬਕਾ ਸਾਥ, ਸਬਕਾ ਕਰਤੱਵਯ’ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਖਰਲੇ ਸੰਵਿਧਾਨਕ ਅਹੁਦੇ ’ਤੇ ਉਨ੍ਹਾਂ ਦੀ ਚੋਣ ਕੋਈ ਨਿੱਜੀ ਉਪਲੱਬਧੀ ਨਹੀਂ ਸਗੋਂ ਇਹ ਭਾਰਤ ਦੇ ਹਰੇਕ ਗ਼ਰੀਬ ਵਿਅਕਤੀ ਦੀ ਹੈ ਜੋ ਇਹ ਸਾਬਤ ਕਰਦੀ ਹੈ ਕਿ ਉਹ ਨਾ ਸਿਰਫ਼ ਸੁਫ਼ਨਾ ਵੇਖ ਸਕਦਾ ਹੈ ਬਲਕਿ ਇਸ ਨੂੰ ਪੂਰਾ ਵੀ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦਾ ਦੱਬਿਆ-ਕੁਚਲਿਆ, ਗਰੀਬ, ਦਲਿਤ ਤੇ ਕਬਾਇਲੀ ਵਰਗ, ਉਨ੍ਹਾਂ ਵਿਚ ਆਪਣਾ ਪਰਛਾਵਾਂ ਵੇਖ ਸਕਦਾ ਹੈ। ਉਨ੍ਹਾਂ ਭਾਰਤ ਦੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਮੁਰਮੂ ਨੇ ਕਿਹਾ ਕਿ ਉਹ ਆਜ਼ਾਦ ਭਾਰਤ ਵਿੱਚ ਪੈਦਾ ਹੋਣ ਵਾਲੀ ਪਹਿਲੀ ਰਾਸ਼ਟਰਪਤੀ ਹੈ ਤੇ ਇਹ ਉਨ੍ਹਾਂ ਦੇ ਚੰਗੇ ਭਾਗ ਹਨ ਕਿ ਉਨ੍ਹਾਂ ਅਜਿਹੇ ਮੌਕੇ ਇਹ ਅਹੁਦਾ ਸੰਭਾਲਿਆ ਹੈ ਜਦੋਂ ਦੇਸ਼ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ। ‘ਇਹ ਭਾਰਤੀ ਜਮਹੂਰੀਅਤ ਦੀ ਤਾਕਤ ਹੈ ਕਿ ਗਰੀਬ ਆਦਿਵਾਸੀ ਪਰਿਵਾਰ ’ਚ ਜਨਮੀ ਲੜਕੀ ਸਿਖਰਲੇ ਸੰਵਿਧਾਨਕ ਅਹੁਦੇ ’ਤੇ ਪਹੁੰਚ ਸਕਦੀ ਹੈ।’ ਉਨ੍ਹਾਂ ਵਾਰਡ ਕੌਂਸਲਰ ਤੋਂ ਰਾਸ਼ਟਰਪਤੀ ਬਣਨ ਤੱਕ ਦੇ ਸਫ਼ਰ ਦਾ ਵੀ ਜ਼ਿਕਰ ਕੀਤਾ। ਮੁਰਮੂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਹਿੰਦੀ ’ਚ ਕਰਦਿਆਂ ਆਦਿਵਾਸੀ ਰਵਾਇਤ ਮੁਤਾਬਕ ਸਾਰਿਆਂ ਨੂੰ ‘ਜੋਹਾਰ’ ਆਖਿਆ। ਕਰੀਬ 18 ਮਿੰਟ ਦੇ ਭਾਸ਼ਣ ’ਚ ਉਨ੍ਹਾਂ ਗਰੀਬਾਂ, ਆਦਿਵਾਸੀ ਭਾਈਚਾਰਿਆਂ, ਸਥਾਈ ਵਿਕਾਸ, ਡਿਜੀਟਲ ਇੰਡੀਆ, ਵੋਕਲ ਫਾਰ ਲੋਕਲ ਮੁਹਿੰਮ ਅਤੇ ਕੋਵਿਡ ਮਹਾਮਾਰੀ ਨਾਲ ਸਿੱਝਣ ਜਿਹੇ ਵਿਸ਼ਿਆਂ ਨੂੰ ਵੀ ਛੋਹਿਆ। ਸੰਥਾਲ ਪਰਿਵਾਰ ’ਚ ਜਨਮੀ ਨਵੀਂ ਰਾਸ਼ਟਰਪਤੀ ਨੇ ਕਿਹਾ,‘‘ਮੈਂ ਛੋਟੇ ਜਿਹੇ ਆਦਿਵਾਸੀ ਪਿੰਡ ’ਚ ਪਲੀ ਜਿਥੇ ਪ੍ਰਾਇਮਰੀ ਸਿੱਖਿਆ ਹਾਸਲ ਕਰਨਾ ਇਕ ਸੁਫ਼ਨੇ ਵਾਂਗ ਸੀ ਪਰ ਮੈਂ ਪਿੰਡ ਦੀ ਪਹਿਲੀ ਲੜਕੀ ਸੀ ਜਿਸ ਨੇ ਕਾਲਜ ’ਚ ਦਾਖ਼ਲਾ ਲਿਆ ਸੀ। ਸੰਥਾਲ, ਪਾਇਕਾ, ਕੋਲ ਅਤੇ ਭੀਲ ਇਨਕਲਾਬਾਂ ਨੇ ਆਜ਼ਾਦੀ ਸੰਘਰਸ਼ ’ਚ ਆਦਿਵਾਸੀਆਂ ਦੇ ਯੋਗਦਾਨ ਨੂੰ ਮਜ਼ਬੂਤ ਕੀਤਾ।’’ ਉਨ੍ਹਾਂ ਕਿਹਾ ਕਿ ਉਹ ਅਜਿਹੀ ਆਦਿਵਾਸੀ ਰਵਾਇਤ ’ਚ ਜਨਮੀ ਹੈ ਜੋ ਹਜ਼ਾਰਾਂ ਸਾਲ ਤੋਂ ਕੁਦਰਤ ਨਾਲ ਰਲ ਕੇ ਰਹਿ ਰਹੇ ਹਨ। ‘ਮੇਰੇ ਜੀਵਨ ’ਚ ਜੰਗਲਾਂ ਅਤੇ ਜਲ ਸਾਧਨਾਂ ਦੀ ਵਧੇਰੇ ਅਹਿਮੀਅਤ ਹੈ। ਅਸੀਂ ਕੁਦਰਤ ਤੋਂ ਲੋੜੀਂਦੇ ਸਰੋਤ ਲੈਂਦੇ ਹਾਂ ਅਤੇ ਕੁਦਰਤ ਦੀ ਉਸੇ ਉਤਸ਼ਾਹ ਨਾਲ ਸੇਵਾ ਵੀ ਕਰਦੇ ਹਾਂ। ਇਹ ਸੰਵੇਦਨਸ਼ੀਲਤਾ ਅੱਜ ਪੂਰੀ ਦੁਨੀਆ ’ਚ ਦਿਖਾਈ ਦੇ ਰਹੀ ਹੈ।’ ਇਸ ਤੋਂ ਪਹਿਲਾਂ ਅਹੁਦੇ ਤੋਂ ਲਾਂਭੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਮੁਰਮੂ ਇਕੱਠਿਆਂ ਹੀ ਰਾਸ਼ਟਰਪਤੀ ਭਵਨ ਤੋਂ ਸੰਸਦ ਭਵਨ ਪਹੁੰਚੇ ਸਨ। ਨਵੇਂ ਰਾਸ਼ਟਰਪਤੀ ਨੂੰ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਸੰਖੇਪ ਸਮਾਗਮ ਮਗਰੋਂ ਮੁਰਮੂ ਅਤੇ ਕੋਵਿੰਦ ਸੰਸਦ ਦੇ ਗੇਟ ਨੰਬਰ 5 ’ਤੇ ਪਹੁੰਚੇ ਜਿਥੇ ਰਾਸ਼ਟਰਪਤੀ ਦੇ ਅੰਗ ਰੱਖਿਅਕਾਂ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ।
-ਪੀਟੀਆਈ