ਸ੍ਰੀਲੰਕਾ: ਲੋਕਾਂ ਦੇ ਦਬਾਅ ਮਗਰੋਂ ਰਾਸ਼ਟਰਪਤੀ ਰਾਜਪਕਸਾ ਵੱਲੋਂ ਅਸਤੀਫ਼ਾ ਦੇਣ ਦਾ ਐਲਾਨ, ਪ੍ਰਦਰਸ਼ਨਕਾਰੀਆਂ ਵੱਲੋਂ ਰਾਸ਼ਟਰਪਤੀ ਭਵਨ ‘ਤੇ ਕਬਜ਼ਾ

Demonstrators celebrate after entering into the Presidential Secretariat, after President Gotabaya Rajapaksa fled, amid the country's economic crisis, in Colombo, Sri Lanka July 9, 2022. REUTERS/Dinuka Liyanawatte

ਕੋਲੰਬੋ, 9 ਜੁਲਾਈ – ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ‘ਚ ਅੱਜ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਭਵਨ ‘ਤੇ ਕਬਜ਼ਾ ਕਰ ਲਿਆ। ਵਿਰੋਧੀ ਪਾਰਟੀਆਂ ਅਤੇ ਲੋਕਾਂ ਦੇ ਦਬਾਅ ਮਗਰੋਂ ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ ਨੇ ਦੇਰ ਰਾਤ ਐਲਾਨ ਕੀਤਾ ਕਿ ਉਹ 13 ਜੁਲਾਈ ਨੂੰ ਅਸਤੀਫ਼ਾ ਦੇ ਦੇਣਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਕਰਮੀਆਂ ਵਿਚਕਾਰ ਝੜਪਾਂ ਵੀ ਹੋਈਆਂ ਜਿਸ ‘ਚ 45 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚ ਸੱਤ ਪੁਲੀਸ ਕਰਮੀ ਵੀ ਸ਼ਾਮਲ ਹਨ। ਇਸ ਦੌਰਾਨ ਹੁਕਮਰਾਨ ਸਣੇ ਕਈ ਵਿਰੋਧੀ ਪਾਰਟੀਆਂ ਦੀ ਮੀਟਿੰਗ ‘ਚ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਅਸਤੀਫ਼ਾ ਦੇਣ ਅਤੇ ਸਰਬ ਪਾਰਟੀ ਸਰਕਾਰ ਦੇ ਗਠਨ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸਰਬ ਪਾਰਟੀ ਸਰਕਾਰ ਬਣਨ ਤੱਕ ਅਹੁਦੇ ‘ਤੇ ਰਹਿਣਗੇ। ਦੇਰ ਰਾਤ ਲੋਕਾਂ ਨੇ ਵਿਕਰਮਸਿੰਘੇ ਦੀ ਨਿੱਜੀ ਰਿਹਾਇਸ਼ ਨੂੰ ਅੱਗ ਲਗਾ ਦਿੱਤੀ ਤੇ ਕੁਝ ਵਾਹਨ ਸਾੜ ਦਿੱਤੇ। ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਨਵੇਂ ਰਾਸ਼ਟਰਪਤੀ ਦੀ ਚੋਣ ਤੱਕ ਸਪੀਕਰ ਉਨ੍ਹਾਂ ਦਾ ਅਹੁਦਾ ਸੰਭਾਲਣਗੇ। ਰਾਸ਼ਟਰਪਤੀ ਦੀ ਕੋਲੰਬੋ ਦੇ ਉੱਚ ਸੁਰੱਖਿਆ ਵਾਲੇ ਫੋਰਟ ਇਲਾਕੇ ‘ਚ ਸਰਕਾਰੀ ਰਿਹਾਇਸ਼ ਦੇ ਬਾਹਰ ਵੱਡੀ ਗਿਣਤੀ ‘ਚ ਲੋਕ ਮੌਜੂਦ ਹਨ। ਪ੍ਰਦਰਸ਼ਨਕਾਰੀ ਮਾਰਚ ਮਹੀਨੇ ਤੋਂ ਰਾਜਪਕਸਾ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ ਅਤੇ ਅਪ੍ਰੈਲ ‘ਚ ਉਨ੍ਹਾਂ ਦੇ ਦਫ਼ਤਰ ਬਾਹਰ ਡੇਰਾ ਲਾਏ ਜਾਣ ਮਗਰੋਂ ਉਨ੍ਹਾਂ ਰਾਸ਼ਟਰਪਤੀ ਭਵਨ ਨੂੰ ਆਪਣਾ ਟਿਕਾਣਾ ਬਣਾ ਲਿਆ ਸੀ। ਉੱਧਰ ਰਾਸ਼ਟਰਪਤੀ ਗੋਟਾਬਾਯਾ ਸ਼ੁੱਕਰਵਾਰ ਨੂੰ ਹੀ ਰਿਹਾਇਸ਼ ਛੱਡ ਕੇ ਕਿਸੇ ਅਣਦੱਸੀ ਥਾਂ ‘ਤੇ ਚਲੇ ਗਏ ਹਨ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੇ ਟਿਕਾਣੇ ਬਾਰੇ ਕੁਝ ਪਤਾ ਨਹੀਂ ਲੱਗਾ ਹੈ। ਵਾਇਰਲ ਵੀਡੀਓ ਮੁਤਾਬਿਕ ਵੀਆਈਪੀ ਗੱਡੀਆਂ ਦਾ ਇਕ ਕਾਫ਼ਲਾ ਕੋਲੰਬੋ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚਿਆ ਜਿੱਥੇ ਸ੍ਰੀਲੰਕਾ ਏਆਰਲਾਈਨਜ਼ ਦਾ ਜਹਾਜ਼ ਖੜ੍ਹਾ ਸੀ। ਇਕ ਹੋਰ ਸੂਤਰ ਅਨੁਸਾਰ ਕੋਲੰਬੋ ਬੰਦਰਗਾਹ ‘ਤੇ ਸਮੁੰਦਰੀ ਜਹਾਜ਼ਾਂ ‘ਚ ਕੁਝ ਵਿਅਕਤੀ ਸਵਾਰ ਹੋ ਕੇ ਉੱਥੋਂ ਰਵਾਨਾ ਹੋਏ ਹਨ। ਰਾਸ਼ਟਰਪਤੀ ਰਾਜਪਕਸਾ ਅਤੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਧਾਰਮਿਕ ਆਗੂਆਂ, ਸਿਆਸੀ ਪਾਰਟੀਆਂ, ਮੈਡੀਕਲ ਪ੍ਰੈਕਟੀਸ਼ਨਰਾਂ, ਅਧਿਆਪਕਾਂ, ਕਿਸਾਨਾਂ, ਮਛੇਰਿਆਂ ਅਤੇ ਹੋਰ ਜਥੇਬੰਦੀਆ ਨੇ ਅੱਜ ਕੋਲੰਬੋ ਵੱਲ ਮਾਰਚ ਦਾ ਸੱਦਾ ਦਿੱਤਾ ਹੋਇਆ ਸੀ। ਪ੍ਰਦਰਸ਼ਨਕਾਰੀਆਂ ਨੂੰ ਰਾਸ਼ਟਰਪਤੀ ਭਵਨ ਵੱਲ ਜਾਣ ਤੋਂ ਰੋਕਣ ਲਈ ਪੁਲੀਸ ਨੇ ਚੈਥਮ ਸਟਰੀਟ ਅਤੇ ਲੋਟਸ ਰੋਡ ‘ਤੇ ਅੱਥਰੂ ਗੈੱਸ ਦੇ ਗੋਲੇ ਵੀ ਦਾਗੇ ਪਰ ਪ੍ਰਦਰਸ਼ਨਕਾਰੀ ਲਗਾਤਾਰ ਅੱਗੇ ਵਧਦੇ ਰਹੇ। ਅੰਦੋਲਨ ‘ਹੋਲ ਕੰਟਰੀ ਟੂ ਕੋਲੰਬੋ’ ਦੇ ਪ੍ਰਬੰਧਕਾਂ ਨੇ ਕਿਹਾ ਕਿ ਨੇੜਲੇ ਸ਼ਹਿਰਾਂ ਦੇ ਲੋਕ ਵੀ ਪ੍ਰਦਰਸ਼ਨਕਾਰੀਆਂ ਦਾ ਸਾਥ ਦੇਣ ਲਈ ਕੋਲੰਬੋ ਫੋਰਟ ਪਹੁੰਚ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਰਾਜਪਕਸਾ ਦੇ ਅਸਤੀਫ਼ਾ ਦੇਣ ਤੱਕ ਪਿਛਾਂਹ ਨਹੀਂ ਹਟਣਗੇ। ਇਸ ਤੋਂ ਪਹਿਲਾਂ ਪੁਲੀਸ ਨੇ ਵਕੀਲਾਂ ਦੀਆਂ ਜਥੇਬੰਦੀਆਂ, ਮਨੁੱਖੀ ਅਧਿਕਾਰ ਗੁੱਟਾਂ ਤੇ ਸਿਆਸੀ ਪਾਰਟੀਆਂ ਦੇ ਦਬਾਅ ਹੇਠ ਕੋਲੰਬੋ ਸਮੇਤ ਪੱਛਮੀ ਸੂਬੇ ਦੀਆਂ ਸੱਤ ਡਿਵੀਜ਼ਨਾਂ ‘ਚ ਸ਼ੁੱਕਰਵਾਰ ਰਾਤ ਵਜੇ ਤੋਂ ਲਾਇਆ ਗਿਆ ਅਣਮਿਥੇ ਸਮੇਂ ਦਾ ਕਰਫ਼ਿਊ ਹਟਾ ਲਿਆ ਸੀ। ਸ੍ਰੀਲੰਕਾ ‘ਚ ਅਮਰੀਕੀ ਸਫ਼ੀਰ ਜੂਲੀ ਚੰਗ ਨੇ ਮੁਲਕ ਦੀ ਫ਼ੌਜ ਅਤੇ ਪੁਲੀਸ ਨੂੰ ਅਪੀਲ ਕੀਤੀ ਸੀ ਕਿ ਉਹ ਲੋਕਾਂ ਨੂੰ ਸ਼ਾਂਤਮਈ ਪ੍ਰਦਰਸ਼ਨਾਂ ਦੀ ਇਜਾਜ਼ਤ ਦੇਵੇ। ਉਸ ਨੇ ਟਵੀਟ ਕਰਕੇ ਕਿਹਾ ਸੀ ਕਿ ਹਿੰਸਾ ਨਾਲ ਕੋਈ ਹੱਲ ਨਹੀਂ ਨਿਕਲੇਗਾ।