ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦਾ ਸੁਨੇਹਾ

ਅੰਮ੍ਰਿਤਸਰ, 23 ਮਈ – ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਿਆਈ ਦਿਵਸ ਮੌਕੇ ਸਿੱਖ ਕੌਮ ਦੇ ਨਾਂ ਵਧਾਈ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਦੇ ਯੁੱਗ ਵਿੱਚ ਹਰ ਸਿੱਖ ਨੂੰ ਲਾਇਸੈਂਸੀ ਹਥਿਆਰ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ। ਇਹ ਵਿਚਾਰ ਉਨ੍ਹਾਂ ਆਪਣੇ ਇੱਕ ਸੰਦੇਸ਼ ਵਿੱਚ ਪ੍ਰਗਟਾਏ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਕੀਤੀ ਅਤੇ ਚਾਰ ਜੰਗਾਂ ਵੀ ਜਿੱਤੀਆਂ ਸਨ। ਇਨ੍ਹਾਂ ਜੰਗਾਂ ਵਿੱਚ ਉਨ੍ਹਾਂ ਨੇ ਫਤਹਿ ਵੀ ਹਾਸਲ ਕੀਤੀ। ਉਨ੍ਹਾਂ ਇਸ ਧਾਰਨਾ ਨੂੰ ਤੋੜਿਆ ਕਿ ਮੁਗ਼ਲ ਸਾਮਰਾਜ ਨਾਲ ਕੋਈ ਗ਼ੈਰ ਸਿੱਖ ਮੱਥਾ ਨਹੀਂ ਲਾ ਸਕਦਾ। ਉਨ੍ਹਾਂ ਨੇ ਹਰ ਸਿੱਖ ਨੂੰ ਸ਼ਸਤਰਧਾਰੀ ਹੋਣ ਦਾ ਸੰਦੇਸ਼ ਦਿੱਤਾ ਸੀ ਜੋ ਕਿ ਅੱਜ ਵੀ ਕਾਰਗਰ ਹੈ। ਇਸ ਲਈ ਲੋੜ ਹੈ ਕਿ ਅੱਜ ਹਰ ਸਿੱਖ ਬਾਣੀ ਤੇ ਬਾਣੇ ਦਾ ਧਾਰਨੀ ਬਣੇ ਅਤੇ ਸ਼ਸ਼ਤਰਧਾਰੀ ਹੋਵੇ। ਇਸ ਲਈ ਸਿੱਖ ਗੱਤਕਾ, ਤਲਵਾਰਬਾਜ਼ੀ ਅਤੇ ਨਿਸ਼ਾਨੇਬਾਜ਼ੀ ਵੀ ਸਿੱਖਣ। ਹਰ ਇੱਕ ਸਿੱਖ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰਕੇ ਲਾਇਸੈਂਸੀ ਹਥਿਆਰ ਵੀ ਰੱਖੇ।