ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਦਿੱਲੀ ਦੀਆਂ ਸੰਗਤਾਂ ਨੇ ਸ਼ਰਧਾ ਨਾਲ ਮਨਾਇਆ

ਬਾਣੀ ਅਤੇ ਬਾਣੇ ਨਾਲ ਜੁੜ ਕੇ ਅਸੀਂ ਗੁਰੂ ਦੀ ਮਿਹਰ ਦੇ ਪਾਤਰ ਬਣ ਸਕਦੇ ਹਾਂ : ਪ੍ਰਧਾਨ ਜੀ.ਕੇ.
ਨਵੀਂ ਦਿੱਲੀ, 29 ਮਈ – ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਦਿੱਲੀ ਦੀਆਂ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਦਿੱਲੀ ਦੇ ਸਮੂਹ ਗੁਰਦੁਆਰਿਆਂ ‘ਚ ਕੀਰਤਨ ਸਮਾਗਮ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਮੁੱਖ ਸਮਾਗਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਜੀ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਸ਼ਾਮ ਤੱਕ ਸਜਾਇਆ ਗਿਆ। ਜਿਸ ‘ਚ ਪੰਥ ਪ੍ਰਸਿੱਧ ਰਾਗੀ, ਢਾਡੀ ਜਥਿਆਂ ਤੇ ਕਥਾਵਾਚਕਾਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ, ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ‘ਤੇ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਅਰਜਨ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਮੁੱਖ ਘਟਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਗੁਰੂ ਸਾਹਿਬਾਨ ਵੱਲੋਂ ਸਿੱਖ ਪੰਥ ਨੂੰ ਕੁੱਝ ਨਾ ਕੁੱਝ ਦੇਣ ਜ਼ਰੂਰ ਦਿੱਤੀ ਗਈ। ਪੰਜਵੇਂ ਪਾਤਸ਼ਾਹ ਨੇ ਬਾਣੀ ਇਕੱਠੀ ਕਰਕੇ ਆਦਿ ਗ੍ਰੰਥ ਦੀ ਸੰਪਾਦਨਾ ਕਰਕੇ ਸਮੁੱਚੀ ਮਨੁੱਖਤਾ ਨੂੰ ਸਾਂਝੀਵਾਲਤਾ, ਪ੍ਰੇਮ, ਭਰਾਤਰੀ ਭਰਾ ਦਾ ਸੁਨੇਹਾ ਦੇ ਕੇ ਬਾਣੀ ਨਾਲ ਜੋੜਿਆ। ਜਿਸ ਨੂੰ ਬਾਅਦ ਵਿੱਚ ਖਾਲਸਾ ਪੰਥ ਦੀ ਸਥਾਪਨਾ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਨੂੰ ਮੁੜ ਸੰਪਾਦਨਾ ਰਾਹੀਂ ਗੁਰੂ ਗ੍ਰੰਥ ਸਾਹਿਬ ਦਾ ਰੂਪ ਦੇ ਕੇ ਬਾਣੀ ਅਤੇ ਬਾਣੇ ਦੇ ਸੰਕਲਪ ਨਾਲ ਜੁੜਨ ਦਾ ਪੰਥ ਨੂੰ ਸੱਦਾ ਦਿੱਤਾ। ਇਸ ਲਈ ਬਾਣੀ ਅਤੇ ਬਾਣੇ ਨਾਲ ਜੁੜਕੇ ਅਸੀਂ ਗੁਰੂ ਦੀ ਮਿਹਰ ਦੇ ਪਾਤਰ ਬਣ ਸਕਦੇ ਹਾਂ। ਉਨ੍ਹਾਂ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਦਾ ਜ਼ਿਕਰ ਕਰਦਿਆਂ ਕਿਹਾ ਕਿ 2019 ਵਿੱਚ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਪੁਰਬ ਦਿਹਾੜੇ ਤੋਂ ਪਹਿਲਾ ਉੱਥੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋ ਜਾਵੇਗਾ। ਇਸ ਦੇ ਨਾਲ ਹੀ ਜਗਨਨਾਥ ਪੁਰੀ ਉੜੀਸਾ ‘ਚ ਗੁਰੂ ਨਾਨਕ ਦੇਵ ਜੀ ਦਾ ਆਰਤੀ ਉਚਾਰਨ ਨਾਲ ਸਥਾਨ ਵੀ ਛੇਤੀ ਹੀ ਸਿੱਖ ਕੌਮ ਦੇ ਹਵਾਲੇ ਹੋਵੇਗਾ।
ਰਾਜਸਥਾਨ ‘ਚ ਸਿੱਖਾਂ ਨਾਲ ਕੁੱਟਮਾਰ ਕਰਨ ਦੇ ਦੋਸ਼ੀਆਂ ਖ਼ਿਲਾਫ਼ ਦਿੱਲੀ ਕਮੇਟੀ ਵੱਲੋਂ ਕੀਤੀ ਗਈ ਪੈਰਵੀ ਸਦਕਾ ਮੁਕੱਦਮੇ ਦਰਜ ਹੋਣ ਦੀ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਮੱਧ-ਪ੍ਰਦੇਸ਼ ਦੇ ਸ਼ਿਕਲੀਗਰ ਸਿੱਖਾਂ ਖ਼ਿਲਾਫ਼ ਸਰਕਾਰੀ ਤਸ਼ੱਦਦ ਰਾਹੀਂ ਦਰਜ ਹੋਏ ਮੁਕੱਦਮੇ ਵਾਪਸ ਕਰਾਉਣ ਲਈ ਕਮੇਟੀ ਵੱਲੋਂ ਕਾਨੂੰਨੀ ਪੱਧਰ ‘ਤੇ ਪੀੜਤਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਖ਼ੁਲਾਸਾ ਕੀਤਾ। ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਬਣ ਰਹੇ ਇੰਟਰਨੈਸ਼ਨਲ ਸੈਂਟਰ ਫ਼ਾਰ ਸਿੱਖ ਸਟੱਡੀਜ਼ ਦੀ ਉਸਾਰੀ ਛੇਤੀ ਪੂਰਣ ਹੋਣ ਦਾ ਭਰੋਸਾ ਜਤਾਉਂਦੇ ਹੋਏ ਉਨ੍ਹਾਂ ਨੇ ਸਿੱਖ ਚੇਤਨਾ ਮਿਸ਼ਨ ਵੱਲੋਂ ਕਰਵਾਏ ਗਏ ਮੁਕਾਬਲਿਆਂ ਦੌਰਾਨ ਜੇਤੂ ਰਹੇ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ। ਸਟੇਜ ਸਕੱਤਰ ਦੀ ਸੇਵਾ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਉਂਕਾਰ ਸਿੰਘ ਰਾਜਾ, ਜਤਿੰਦਰ ਪਾਲ ਸਿੰਘ ਗੋਲਡੀ ਤੇ ਗੁਰਮੀਤ ਸਿੰਘ ਮੀਤਾ ਨੇ ਨਿਭਾਈ।