ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾਲੂਆਂ ਨਾਲ ਮਨਾਇਆ

ਅੰਮ੍ਰਿਤਸਰ, 11 ਸਤੰਬਰ – 10 ਸਤੰਬਰ ਨੂੰ ਇੱਥੇ ਸ਼੍ਰੋਮਣੀ ਕਮੇਟੀ ਵੱਲੋਂ ਜੁੱਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ 414 ਸਾਲ ਪਹਿਲਾਂ ਹੋਏ ਪਹਿਲੇ ਪ੍ਰਕਾਸ਼ ਪੁਰਬ ਨੂੰ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਚ ਸਾਰਾ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਆਮਦ ਜਾਰੀ ਰਹੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਵੇਰੇ ਗੁਰਦੁਆਰਾ ਸ੍ਰੀ ਰਾਮਸਰ ਤੋਂ ਹਰਿਮੰਦਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਰਾਮਸਰ ਉਹ ਥਾਂ ਹੈ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗਈ ਸੀ ਅਤੇ ਮੁੜ 1604 ਈਸਵੀ ਵਿੱਚ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤਾ। ਉਸ ਵੇਲੇ ਗੁਰਦੁਆਰਾ ਰਾਮਸਰ ਤੋਂ ਪਾਵਨ ਬੀੜ ਨੂੰ ਬਾਬਾ ਬੁੱਢਾ ਜੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਆਏ ਸਨ। ਇਸੇ ਪਰੰਪਰਾ ਮੁਤਾਬਿਕ ਹੁਣ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਵੇਰ ਵੇਲੇ ਗੁਰਦੁਆਰਾ ਰਾਮਸਰ ਤੋਂ ਨਗਰ ਕੀਰਤਨ ਸਜਾਇਆ ਜਾਂਦਾ ਹੈ ਅਤੇ ਪਾਵਨ ਸਰੂਪ ਪਾਲਕੀ ਵਿਚ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਲਿਆਂਦਾ ਜਾਂਦਾ ਹੈ।
ਨਗਰ ਕੀਰਤਨ ਦੀ ਆਰੰਭਤਾ ਸਮੇਂ ਅਰਦਾਸ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਪਾਵਨ ਸਰੂਪ ਨੂੰ ਆਪਣੇ ਸਿਰ ਤੇ ਰੱਖ ਕੇ ਪਾਲਕੀ ਤੱਕ ਲਿਆਂਦਾ ਅਤੇ ਮੁੜ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਇਸ ਨੂੰ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਪੁੱਜੀਆਂ। ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਪੁੱਜੇ ਹੋਏ ਸਨ। ਨਗਰ ਕੀਰਤਨ ਚੌਂਕ ਕਰੋੜੀ, ਬਾਬਾ ਸਾਹਿਬ ਚੌਂਕ ਆਦਿ ਤੋਂ ਹੁੰਦਾ ਹੋਇਆ ਹਰਿਮੰਦਰ ਸਾਹਿਬ ਪੁੱਜ ਕੇ ਸਮਾਪਤ ਹੋਇਆ। ਰਸਤੇ ਵਿੱਚ ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਦਿਖਾਏ। ਸਕੂਲੀ ਬੱਚਿਆਂ ਦੀਆਂ ਬੈਂਡ ਅਤੇ ਗਤਕਾ ਟੀਮਾਂ ਸ਼ਾਮਲ ਹੋਈਆਂ। ਸੰਗਤਾਂ ਜਾਪ ਕਰਦੀਆਂ ਹੋਈਆਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ। ਨਗਰ ਕੀਰਤਨ ਦੇ ਰਸਤੇ ਵਿੱਚ ਵੀ ਵਿਸ਼ੇਸ਼ ਸਜਾਵਟ ਕੀਤੀ ਗਈ ਸੀ ਅਤੇ ਥਾਂ ਥਾਂ ‘ਤੇ ਲੰਗਰ ਵੀ ਲਾਏ ਗਏ ਸਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੇਸ਼ ਵਿਦੇਸ਼ ਵਿੱਚ ਵੱਸਦੀ ਸਮੁੱਚੀ ਸਿੱਖ ਕੌਮ ਅਤੇ ਨਾਨਕ ਨਾਮ-ਲੇਵਾ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਨੇ ਸਿੱਖ ਸੰਗਤ ਨੂੰ ਸ਼ਬਦ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਆ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਵੀ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਸੰਗਤਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਨਗਰ ਕੀਰਤਨ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ, ਅਧਿਕਾਰੀ, ਕਰਮਚਾਰੀ, ਸਿੱਖ ਸੰਗਤ ਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਤੇ ਵਿਦੇਸ਼ਾਂ ਤੋਂ ਮੰਗਵਾਏ ਸੁੰਦਰ ਫੁੱਲਾਂ ਦੀ ਸਜਾਵਟ ਕੀਤੀ ਗਈ ਸੀ ਅਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਵਿਖੇ ਸੁੰਦਰ ਜਲੌਅ ਸਜਾਏ ਗਏ। ਰਾਤ ਨੂੰ ਦੀਪਮਾਲਾ ਅਤੇ ਆਤਿਸ਼ਬਾਜ਼ੀ ਵੀ ਕੀਤੀ ਗਈ। ਫੁੱਲਾਂ ਦੀ ਸਜਾਵਟ ਲਈ ਲਗਭਗ ਸੌ ਕੁਇੰਟਲ ਫੁੱਲ ਵਰਤੇ ਗਏ ਹਨ, ਜੋ ਭਾਰਤ ਸਮੇਤ ਦੁਨੀਆ ਦੇ ਵੱਖ ਵੱਖ ਮੁਲਕਾਂ ਤੋਂ ਮੰਗਵਾਏ ਹੋਏ ਸਨ।