ਸੰਗਤਾਂ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਸਤੇ ਅਰਦਾਸ

ਡੇਰਾ ਬਾਬਾ ਨਾਨਕ – 21 ਫਰਵਰੀ ਦਿਨ ਮੰਗਲ਼ਵਾਰ ਨੂੰ ਭਾਰਤ-ਪਾਕਿਸਤਾਨ ਸਰਹਦ ਨੇੜੇ ਪੈਂਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਅਤੇ ਸੰਗਤਾਂ ਲਈ ਦਰਸ਼ਨ ਦਿਦਾਰੇ ਵਾਸਤੇ ਮੱਸਿਆ ਵਾਲੇ ਦਿਨ ਸੰਗਤਾਂ ਵੱਲੋਂ ਲੜੀਵਾਰ 133ਵੀ ਅਰਦਾਸ ਕੀਤੀ। ਇਹ ਅਰਦਾਸ ਗੁਰਦੁਆਰਾ ਕਰਤਾਰਪੁਰ-ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਚੇਅਰਮੈਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਕੁਲਦੀਪ ਸਿੰਘ ਵਡਾਲਾ ਅਤੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਦੀ ਸਾਂਝੀ ਅਗਵਾਈ ਹੇਠ ਕੀਤੀ ਗਈ। ਸੰਗਤਾਂ ਲਈ ਬਿਨਾਂ ਵੀਜ਼ੇ ਤੇ ਪਾਸਪੋਰਟ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੀ ਆਗਿਆ ਮੰਗੀ ਜਾ ਰਹੀ ਹੈ।
ਜ਼ਿਕਰ ਯੋਗ ਹੈ ਕਿ ਡੇਰਾ ਬਾਬਾ ਨਾਨਕ ਕਸਬੇ ਤੋਂ 1 ਕਿਲੋ ਮੀਟਰ ਦੂਰ ਭਾਰਤ-ਪਾਕ ਸਰਹਦ ਤੋਂ ਪਾਕਿਸਤਾਨ ਵਾਲੇ ਪਾਸੇ ਸਿਰਫ਼ 3 ਕਿ. ਮੀ. ਦੀ ਦੂਰੀ ‘ਤੇ ਨਾਰੋਵਾਲ ਜ਼ਿਲ੍ਹੇ ‘ਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ‘ਚ ਗੁਰਦੁਆਰਾ ਕਰਤਾਰਪੁਰ ਸਾਹਿਬ ਸਥਾਪਿਤ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਯੋਤੀ-ਜੋਤ ਸਮਾਏ ਸਨ ਅਤੇ ਰਾਵੀ ਨਦੀ ‘ਚ ਸਵਾਸ ਤਿਆਗੇ ਸਨ ਤੇ ਗੁਰੂ ਜੀ ਦੀ ਯਾਦ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਸੀ।