‘ਸੰਗਤ’ ਸੰਸਥਾ ਵੱਲੋਂ ਕੇਰਲਾ ਦੇ ਹੜ੍ਹ ਮਾਰੇ ਇਲਾਕਿਆਂ ਵਿੱਚ ਪਿੜਤਾਂ ਦੀ ਸੇਵਾ

ਨਵੀਂ ਦਿੱਲੀ – ਸਿੱਖ ਸੰਸਥਾ ‘ਸੰਗਤ’ ਵੱਲੋਂ ਕੇਰਲਾ ਦੇ ਹੜ੍ਹ ਦੀ ਮਾਰ ਹੇਠ ਆ ਕੇ ਨੁਕਸਾਨੇ ਗਏ ਇਲਾਕਿਆਂ ਵਿੱਚ ਜਾ ਕੇ ‘ਸਰਬੱਤ ਦਾ ਭੱਲਾ ਕੇਰਲਾ ਰਿਲੀਫ ਕੈਂਪ’ ਦੇ ਨਾਂਅ ਹੇਠ ਮਾਨਵਤਾ ਦੀ ਸੇਵਾ ਕੀਤੀ ਗਈ। ‘ਸੰਗਤ’ ਸੰਸਥਾ ਵੱਲੋਂ ਆਲੂਵਾ ਸਿੱਟੀ, ਆਲਪਾਈ ਅਤੇ ਹੋਰ ਇਲਾਕਿਆਂ ਵਿੱਚ ਰਿਲੀਫ ਕੈਂਪ ਲਗਾਏ ਗਏ।
“ਸੰਗਤ-ਹੂਮੈਨਟੀ ਫਰਸਟ” ਦੇ ਸੇਵਕਾਂ ਵੱਲੋਂ ਕੇਰਲਾ ਦੇ ਹੜ੍ਹ ਮਾਰੇ ਇਲਾਕਿਆਂ ਵਿੱਚ ਜਾ ਕੇ ਜਿੱਥੇ ਲੋੜਵੰਦਾਂ ਨੂੰ ਗੈੱਸ ਚੁੱਲ੍ਹੇ, ਪਾਣੀ ਵਾਲੀਆਂ ਮੋਟਰਾਂ, ਕੰਬਲ, ਖਾਣ ਦੀ ਸਮੱਗਰੀ ਅਤੇ ਹੋਰ ਵੀ ਕਈ ਤਰ੍ਹਾਂ ਨਾਲ ਮਦਦ ਕੀਤੀ ਗਈ। ਉੱਥੇ ਹੀ ਮੱਛਰ ਤੇ ਹੋਰ ਕੀੜੇ ਮਾਰ ਦਵਾਈ ਦਾ ਛਿੜਕਾਓ ਕੀਤਾ ਗਿਆ। ਇਹ ਮਨੁੱਖਤਾ ਦੀ ਸੇਵਾ ਸੰਗਤ ਸੰਸਥਾ ਦੇ ਸਿੱਖੀ ਸਰੂਪ ਵਾਲੇ ਵਲੰਟੀਅਰਜ਼ ਵੱਲੋਂ ਨਿਭਾਈ ਗਈ। ਵਲੰਟੀਅਜ਼ ਦਾ ਕਹਿਣਾ ਸੀ ਕਿ ਭਾਵੇਂ ਅਸੀਂ ਉਨ੍ਹਾਂ ਦੀ ਤੇ ਉਹ ਸਾਡੀ ਭਾਸ਼ਾ ਨਹੀਂ ਸਮੱਝਦੇ ਸਨ ਪਰ ‘ਪਿਆਰ’ ਤੇ ‘ਸੇਵਾ’ ਦੀ ਭਾਵਨਾ ਨੂੰ ਹਰ ਕੋਈ ਸਮੱਝਦਾ ਹੈ।
ਸੰਗਤ ਸੰਸਥਾ ਦੇ ਪ੍ਰਬੰਧਕਾਂ ਵੱਲੋਂ ਕੇਰਲਾ ਦੇ ਹੜ੍ਹ ਪੀੜਤਾਂ ਦੀ ਸੇਵਾ ਵਿੱਚ ਕਿਸੇ ਵੀ ਤਰ੍ਹਾਂ ਨਾਲ ਸੇਵਾ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ ਹੈ। ਉੱਥੇ ਹੀ ਸੰਸਥਾ ਵੱਲੋਂ ਨਿਊਜ਼ੀਲੈਂਡ ਤੋਂ ਕਾਰੋਬਾਰ ਸ. ਤੇਜਵੀਰ ਸਿੰਘ (ਕੂਕ ਪੰਜਾਬੀ ਸਮਾਚਾਰ ਦੇ ਡਾਇਰੈਕਟਰਅਤੇ ਵਰਲਡ ਸਿੱਖ ਕੌਂਸਲ ਦੇ ਚੇਅਰਮੈਨ) ਵੱਲੋਂ ਇਸ ਨੇਕ ਕਾਰਜ ਵਿੱਚ ਮਾਇਕ ਹਿੱਸਾ ਪਾਉਣ ਲਈ ਧੰਨਵਾਦ ਕੀਤਾ ਗਿਆ ਹੈ। ‘ਸੰਗਤ’ ਸੰਸਥਾ ਬਾਰੇ ਹੋਰ ਜਾਣਕਾਰੀ ਤੁਸੀਂ ਉਨ੍ਹਾਂ ਦੇ ਫੇਸਬੁੱਕ ਪੇਜ ਉੱਪਰੋਂ ਹਾਸਿਲ ਕਰ ਸਕਦੇ ਹੋ ਅਤੇ ਮਾਨਵਤਾ ਲਈ ਕੀਤੀ ਜਾ ਰਹੀ ਸੇਵਾ ਵਿੱਚ ਆਪਣਾ ਹਿੱਸਾ ਪਾ ਸਕਦੇ ਹੋ। 

ਜ਼ਿਕਰਯੋਗ ਹੈ ਕਿ ਸੰਗਤ ਸਸਥਾ ਦੇ ਉੱਘੇ ਮੈਂਬਰ ਸ. ਇਕਬਾਲ ਸਿੰਘ ਤੇ ਨਿਊਜ਼ੀਲੈਂਡ ਤੋਂ ਸ. ਤੇਜਵੀਰ ਸਿੰਘ ਦੋਵੇਂ ਮਿੱਤਰ ਹਨ ਅਤੇ 1980 ਵਿੱਚ ਸਥਾਪਿਤ ਕੀਤੇ ਸ੍ਰੀ ਕਲਗੀਧਰ ਸੇਵਕ ਜੱਥੇ (ਨਿਊ ਮਹਾਵੀਰ ਨਗਰ, ਨਵੀਂ ਦਿੱਲੀ) ਰਾਹੀ ਸਿੱਖੀ ਦੇ ਕਾਰਜਾਂ ਵਿੱਚ ਮਦਦ ਕਰਦੇ ਰਹੇ ਹਨ। ਜਿਸ ਦੇ ਕਰਕੇ ਉਹ ਅੱਜ ਵੀ ਮਾਨਵਤਾ ਦੀ ਸੇਵਾ ਕਰ ਰਹੇ ਹਨ।