ਸੰਜੇ ਦੱਤ ਨੂੰ ਮਿਲੀ ਹੋਰ ਚਾਰ ਹਫਤਿਆਂ ਦੀ ਰਾਹਤ

ਨਵੀਂ ਦਿੱਲੀ, 17 ਅਪਰੈਲ – ਸੁਪਰੀਮ ਕੋਰਟ ਨੇ 53 ਸਾਲਾ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ 1993 ਦੇ ਲੜੀਵਾਰ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਥੋੜਾ ਸੁੱਖ ਦਾ ਸਾਹ ਦਿੰਦਿਆਂ ਮਾਨਵਤਾ ਦੇ ਅਧਾਰ ‘ਤੇ ਮਿਲੀ ਸਜ਼ਾ ਲਈ ਆਤਮ-ਸਮਰਪਣ ਕਰਨ ਲਈ ੪ ਹਫਤਿਆਂ ਦਾ ਸਮਾਂ ਦੇ ਦਿੱਤੀ ਹੈ ਪਰ ਇਸ ਤੋਂ ਬਾਅਦ ਉਸ ਨੂੰ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ। ਗੌਰਤਲਬ ਹੈ ਕਿ ਸੰਜੇ ਦੱਤ ਨੂੰ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਸਰਵ ਉੱਚ ਅਦਾਲਤ ਨੇ 5 ਸਾਲ ਦੀ ਸਜ਼ਾ ਸੁਣਾਈ ਹੈ। ਇਸ ਵਿਚੋਂ 1 ਸਾਲ ਤੇ 6 ਮਹੀਨੇ ਉਹ ਜੇਲ੍ਹ ਕੱਟ ਚੁੱਕਿਆ ਹੈ ਤੇ ਬਾਕੀ 3 ਸਾਲ 6 ਮਹੀਨੇ ਕੱਟਣੇ ਬਾਕੀ ਹਨ। ਸੰਜੇ ਦੱਤ ਨੇ ਅਦਾਲਤ ਪਾਸੋਂ ਮੰਗ ਕੀਤੀ ਸੀ ਕਿ ਉਸ ਦੀਆਂ 7 ਫਿਲਮਾਂ ਅਧੂਰੀਆਂ ਪਈਆਂ ਹਨ, ਜੇ ਉਹ ਹੁਣ ਜੇਲ੍ਹ ਚਲਾ ਗਿਆ ਤਾਂ ਫਿਲਮ ਇੰਡਸਟਰੀ ਦਾ 278 ਕਰੋੜ ਰੁਪਏ ਦਾ ਨੁਕਸਾਨ ਹੋ ਜਾਵੇਗਾ। ਇਸ ਲਈ ਉਸ ਨੂੰ ਆਤਮ-ਸਮਰਪਣ ਕਰਨ ਲਈ 6 ਮਹੀਨਿਆਂ ਦੀ ਮੋਹਲਤ ਦਿੱਤੀ ਜਾਵੇ। 
ਜਸਟਿਸ ਪੀ. ਸਤਸਿਵਮ ਤੇ ਜਸਟਿਸ ਬੀ.ਐਸ. ਚੌਹਾਨ ਦੇ ਬੈਂਚ ਦੇ ਮੁਤਾਬਕ ਜੋ ਦਲੀਲਾਂ ਸੰਜੇ ਦੱਤ ਦੀ ਅਪੀਲ ਵਿੱਚ ਦਿੱਤੀਆਂ ਗਈਆਂ ਸਨ, ਉਨ੍ਹਾਂ ਨੂੰ ਦੇਖਦਿਆਂ ਦੋਸ਼ੀ ਨੂੰ 6 ਮਹੀਨਿਆਂ ਦੀ ਮੋਹਲਤ ਦੇਣੀ ਵਾਜਬ ਨਹੀਂ ਸਮਝੀ, ਸਿਰਫ਼ 4 ਹੋਰ ਹਫਤਿਆਂ ਦਾ ਸਮਾਂ ਦਿੱਤਾ ਹੈ ਅਤੇ ਨਾਲ ਹੀ ਸਪਸ਼ਟ ਕੀਤਾ ਕਿ ਇਸ ਮਗਰੋਂ ਦੋਸ਼ੀ ਨੂੰ ਹੋਰ ਮੋਹਲਤ ਨਹੀਂ ਦਿੱਤੀ ਜਾ ਸਕਦੀ।
ਜ਼ਿਕਰਯੋਗ ਹੈ ਕਿ ਬੰਬ ਧਮਾਕਿਆਂ ਦੇ 11 ਦੋਸ਼ੀ, ਜੋ ਕਿ ਜ਼ਮਾਨਤ ‘ਤੇ ਰਿਹਾਅ ਸਨ, ਨੇ ਸੁਪਰੀਮ ਕੋਰਟ ਵਲੋਂ ਜ਼ਮਾਨਤ ਰੱਦ ਕੀਤੇ ਜਾਣ ‘ਤੇ ਟਾਡਾ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਨੂੰ ਕੇਂਦਰੀ ਮੁੰਬਈ ਦੀ ਆਰਥਰ ਰੋਡ ਜੇਲ੍ਹ ‘ਚ ਭੇਜ ਦਿੱਤਾ ਗਿਆ। ਬਾਅਦ ‘ਚ ਉਨ੍ਹਾਂ ਨੂੰ ਵੱਖ ਵੱਖ ਸੂਬਿਆਂ ਦੀਆਂ ਜੇਲ੍ਹਾਂ ‘ਚ ਤਬਦੀਲ ਕਰ ਦਿੱਤਾ ਜਾਵੇਗਾ। ਆਤਮ ਸਮਰਪਣ ਕਰਨ ਵਾਲਿਆਂ ‘ਚ 4 ਸੇਵਾ-ਮੁਕਤ ਪੁਲਿਸ ਸਿਪਾਹੀ, 1 ਕਸਟਮ ਅਧਿਕਾਰੀ ਵੀ ਹੈ।