ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ‘ਚ ਭਾਰਤ ਬੰਦ ਨੂੰ ਦੇਸ਼ ਭਰ ‘ਚੋਂ ਭਰਮਾ ਹੁੰਗਾਰਾ

ਨਵੀਂ ਦਿੱਲੀ, 27 ਸਤੰਬਰ – ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਵੱਖ-ਵੱਖ ਕਿਸਾਨ ਯੂਨੀਅਨਾਂ ਦੀ ਨੁਮਾਇੰਦਗੀ ਕਰਦੇ ਹੋਏ ਸਵੇਰੇ 6 ਵਜੇ ਤੋਂ ਸ਼ਾਮੀ 4 ਵਜੇ ਤੱਕ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਦੇਸ਼ ਦੇ ਕਈ ਹਿੱਸਿਆਂ ‘ਚ ਖ਼ਾਸ ਕਰਕੇ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ ਸਮੇਤ 23 ਤੋਂ ਵੱਧ ਰਾਜਾਂ ‘ਚੋਂ ਭਰਮਾ ਹੁੰਗਾਰਾ ਮਿਲਿਆ।
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬੰਦ ਦੌਰਾਨ ਭਰਪੂਰ ਸਮਰਥਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਛੇਤੀ ਹੀ ਭਵਿੱਖ ਦੀ ਰਣਨੀਤੀ ਬਣਾਈ ਜਾਵੇਗੀ। ਸੰਯੁਕਤ ਕਿਸਾਨ ਮੋਰਚੇ ਦੇ ਮੋਢੀ ਆਗੂਆਂ ਵਿੱਚੋਂ ਇੱਕ ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨਾਂ ਨੇ ਇਕ ਵਾਰ ਫਿਰ ਉਨ੍ਹਾਂ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ ਜੋ ਆਖ ਰਹੇ ਸਨ ਕਿ ਇਹ ਦੇਸ਼ ਦੇ ਕੁੱਝ ਹਿੱਸਿਆਂ ਦੇ ਕਿਸਾਨਾਂ ਦਾ ਹੀ ਅੰਦੋਲਨ ਹੈ।
ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਸ਼ਾਹਰਾਹਾਂ ਤੇ ਪ੍ਰਮੁੱਖ ਸੜਕਾਂ ਜਾਮ ਕੀਤੀਆਂ। ਕਈ ਥਾਵਾਂ ‘ਤੇ ਕਿਸਾਨਾਂ ਨੇ ਰੇਲ ਮਾਰਗਾਂ ਨੂੰ ਵੀ ਰੋਕੀ ਰੱਖਿਆ, ਜਿਸ ਕਰਕੇ ਰੇਲ ਆਵਾਜਾਈ ਵਿੱਚ ਅੜਿੱਕਾ ਪਿਆ। ਬੰਦ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਜਾਰੀ ਰਿਹਾ। ਪੰਜਾਬ ਵਿੱਚ ਭਾਰਤ ਬੰਦ ਦੇ ਸੱਦੇ ਨੂੰ ਭਰਵੀਂ ਹਮਾਇਤ ਵੇਖਣ ਨੂੰ ਮਿਲੀ। ਕਿਸਾਨਾਂ ਦੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ਾਹਰਾਹਾਂ ਨੂੰ ਜਾਮ ਕੀਤਾ। ਕਿਸਾਨਾਂ ਤੋਂ ਇਲਾਵਾ ਮੁਲਾਜ਼ਮ ਵਰਗ ਤੇ ਹੋਰ ਲੋਕ ਵੀ ਆਪੋ ਆਪਣੀਆਂ ਦੁਕਾਨਾਂ ਤੇ ਹੋਰ ਕਾਰੋਬਾਰ ਬੰਦ ਕਰਕੇ ਵੱਖ-ਵੱਖ ਥਾਈਂ ਲੱਗੇ ਧਰਨਿਆਂ ਵਿੱਚ ਸ਼ਾਮਲ ਹੋਏ। ਹਰਿਆਣਾ ਵਿੱਚ ਸਿਰਸਾ, ਫਤਿਹਾਬਾਦ ਤੇ ਕੁਰੂਕਸ਼ੇਤਰ ਵਿੱਚ ਵੀ ਕਿਸਾਨਾਂ ਨੇ ਸ਼ਾਹਰਾਹਾਂ ਨੂੰ ਜਾਮ ਕੀਤਾ। ਉੱਤਰ ਭਾਰਤ ਵਿੱਚ ਕਈ ਰੇਲ ਗੱਡੀਆਂ ਰੱਦ ਹੋਣ ਕਰਕੇ ਜਾਂ ਫਿਰ ਦੇਰੀ ਨਾਲ ਚੱਲਣ ਕਰਕੇ ਤੇ ਸਰਹੱਦਾਂ ‘ਤੇ ਆਵਾਜਾਈ ਨੂੰ ਰੋਕਣ ਕਰਕੇ ਵੱਡੇ ਪੱਧਰ ‘ਤੇ ਆਵਾਜਾਈ ਠੱਪ ਹੋਣ ਕਰਕੇ ਲੋਕਾਂ ਨੂੰ ਖ਼ਾਸੀਆਂ ਮੁਸ਼ਕਲਾਂ ਆਈਆਂ। ਬੰਦ ਦਾ ਵਧੇਰੇ ਅਸਰ ਗੁੜਗਾਓਂ, ਗਾਜ਼ੀਆਬਾਦ ਤੇ ਨੋਇਡਾ ਸਮੇਤ ਦਿੱਲੀ ਐੱਨਸੀਆਰ ਵਿੱਚ ਵੀ ਨਜ਼ਰ ਆਇਆ। ਇਸ ਦੌਰਾਨ ਕੋਲਕਾਤਾ ਵਿੱਚ ਬੰਦ ਦਾ ਭਰਵਾਂ ਅਸਰ ਨਜ਼ਰ ਆਇਆ। ਖੱਬੇ ਪੱਖੀ ਜਥੇਬੰਦੀਆਂ ਨੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਰੋਸ ਮਾਰਚ ਕੱਢੇ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਵੀ ਕੰਨੜ ਜਥੇਬੰਦੀ ਦੇ ਕਾਰਕੁਨਾਂ ਨੇ ਭਾਰਤ ਬੰਦ ਦੇ ਮੱਦੇਨਜ਼ਰ ਸੜਕਾਂ ਜਾਮ ਕੀਤੀਆਂ। ਹਾਲਾਂਕਿ ਪੁਲੀਸ ਉਨ੍ਹਾਂ ਨੂੰ ਉੱਥੋਂ ਜਬਰੀ ਚੁੱਕ ਕੇ ਲੈ ਗਈ। ਗੁਹਾਟੀ ਵਿੱਚ ਸੋਸ਼ਲਿਸਟ ਯੂਨਿਟੀ ਸੈਂਟਰ ਆਫ਼ ਇੰਡੀਆ ਦੇ ਕਾਰਕੁਨਾਂਨੇ ਰੋਸ ਮਾਰਚ ਕੱਢਿਆ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਸਾਨਾਂ ਦੇ ਭਾਰਤ ਬੰਦ ਦੀ ਹਮਾਇਤ ਕੀਤੀ।
ਦਿੱਲੀ ਨਾਲ ਲਗਦੀਆਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ ‘ਤੇ ਵੀ ਸੜਕਾਂ ਜਾਮ ਕਰਕੇ ਮੁਕੰਮਲ ਤੌਰ ‘ਤੇ ਬੰਦ ਰੱਖਿਆ ਗਿਆ। ਦਿੱਲੀ-ਐੱਨਸੀਆਰ ਖ਼ਿੱਤੇ, ਗੁੜਗਾਉਂ, ਗਾਜ਼ੀਆਬਾਦ ਅਤੇ ਨੋਇਡਾ ‘ਚ ਆਵਾਜਾਈ ਰੋਕੇ ਜਾਣ ਕਾਰਨ ਸੜਕਾਂ ‘ਤੇ ਭਾਰੀ ਜਾਮ ਦੇਖਣ ਨੂੰ ਮਿਲੇ। ਕਈ ਥਾਵਾਂ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਟਰੇਡ ਯੂਨੀਅਨਾਂ ਨੇ ਸਾਂਝੇ ਤੌਰ ‘ਤੇ ਜੰਤਰ-ਮੰਤਰ ‘ਤੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਮੋਰਚੇ ਦੀਆਂ ਯੂਨੀਅਨਾਂ ਵੱਲੋਂ ਕੇਐੱਮਪੀ ਮਾਰਗ ਨੂੰ ਸਿੰਘੂ ਬਾਰਡਰ ਨੇੜੇ ਅਤੇ ਗਾਜ਼ੀਪੁਰ ਵਿਖੇ ਡਾਸਨਾ ਕੋਲ ਰੋਕਿਆ ਗਿਆ। ਪਲਵਲ ਮੋਰਚੇ ‘ਤੇ ਬੈਠੇ ਕਿਸਾਨਾਂ ਨੇ ਦਿੱਲੀ-ਆਗਰਾ ਮਾਰਗ ਕੁੱਝ ਦੇਰ ਲਈ ਰੋਕਿਆ। ਟਿਕਰੀ ਬਾਰਡਰ ਨੇੜੇ ਬਹਾਦਰਗੜ੍ਹ ਰੇਲਵੇ ਸਟੇਸ਼ਨ ਉੱਪਰ ਵੀ ਧਰਨਾ ਦਿੱਤਾ ਗਿਆ। ਦਿੱਲੀ ਦੇ ਦੁਆਲੇ 10 ਮਹੀਨਿਆਂ ਤੋਂ ਲਗਾਤਾਰ ਲੱਗੇ ਮੋਰਚਿਆਂ ‘ਚ ਅੱਜ ਕਿਸਾਨਾਂ ਵਿੱਚ ਗ਼ਜ਼ਬ ਦਾ ਉਤਸ਼ਾਹ ਨਜ਼ਰ ਆਇਆ ਅਤੇ ਕਿਸਾਨ ਬੁਲਾਰਿਆਂ ਦੀਆਂ ਜੁਸ਼ੀਲੀਆਂ ਤਕਰੀਰਾਂ ਦਾ ਕਿਸਾਨਾਂ ਨੇ ਜ਼ੋਰਦਾਰ ਨਾਅਰੇ ਲਾ ਕੇ ਹਾਂ-ਪੱਖੀ ਜਵਾਬ ਦਿੱਤਾ। ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਸੜਕਾਂ ਅਤੇ ਰੇਲ ਪਟੜੀਆਂ ‘ਤੇ ਧਰਨੇ ਦਿੱਤੇ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਦਾਅਵਾ ਕੀਤਾ ਗਿਆ ਕਿ ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਝਾਰਖੰਡ, ਕੇਰਲਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ, ਪਾਂਡੀਚੇਰੀ, ਰਾਜਸਥਾਨ, ਤਾਮਿਲਨਾਡੂ, ਤਿਲੰਗਾਨਾ, ਤ੍ਰਿਪੁਰਾ, ਉੱਤਰਾਖੰਡ ਅਤੇ ਪੱਛਮੀ ਬੰਗਾਲ ‘ਚ ਵੀ ਥਾਂ-ਥਾਂ ‘ਤੇ ਪ੍ਰਦਰਸ਼ਨ ਕੀਤੇ ਗਏ ਅਤੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਦਬਾਅ ਬਣਾਇਆ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਬੰਦ ਨੂੰ ਮਿਲੇ ਹੁੰਗਾਰੇ ਤੋਂ ਸਪਸ਼ਟ ਹੈ ਕਿ ਭਾਰਤ ਦੇ ਲੋਕ ਕਿਸਾਨਾਂ ਦੀਆਂ ਜਾਇਜ਼ ਮੰਗਾਂ ਅਤੇ ਕਈ ਖੇਤਰਾਂ ਵਿੱਚ ਲੋਕ ਵਿਰੋਧੀ ਨੀਤੀਆਂ ਪ੍ਰਤੀ ਮੋਦੀ ਸਰਕਾਰ ਦੇ ਅੜੀਅਲ, ਗੈਰ-ਵਾਜਬ ਅਤੇ ਹਉਮੈ ਭਰੇ ਰੁੱਖ ਤੋਂ ਥੱਕ ਗਏ ਹਨ।
ਅੱਜ ਦੇ ਬੰਦ ਨੂੰ ਮੋਰਚੇ ਵਿੱਚ ਸ਼ਾਮਲ 40 ਕਿਸਾਨ ਜਥੇਬੰਦੀਆਂ ਤੋਂ ਇਲਾਵਾ ਵੱਖ-ਵੱਖ ਪਾਰਟੀਆਂ, ਮੁਲਾਜ਼ਮ ਜਥੇਬੰਦੀਆਂ, ਟਰਾਂਸਪੋਰਟ, ਟੈਕਸੀ, ਆਟੋ, ਬਾਰ ਐਸੋਸੀਏਸ਼ਨਾਂ, ਮਾਰਕਿਟ ਕਮੇਟੀਆਂ/ਸੰਸਥਾਵਾਂ ਅਤੇ ਵਪਾਰੀ ਸੰਗਠਨਾਂ ਦਾ ਸਮਰਥਨ ਹਾਸਲ ਸੀ। ਕਿਸਾਨਾਂ ਤੋਂ ਇਲਾਵਾ ਭਾਰਤ ਬੰਦ ਨੂੰ ਕਈ ਰਾਜਨੀਤਕ ਪਾਰਟੀਆਂ ਤੇ ਸਮਾਜਿਕ ਸੰਗਠਨਾਂ ਦਾ ਸਮਰਥਨ ਪ੍ਰਾਪਤ ਸੀ। ਆਲ ਇੰਡੀਆ ਕਿਸਾਨ ਫੈਡਰੇਸ਼ਨ ਨੇ ਰਾਜਸਥਾਨ, ਆਂਧਰਾ ਪ੍ਰਦੇਸ਼, ਤਿਲੰਗਾਨਾ, ਕੇਰਲਾ, ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਵੀ ਬੰਦ ਨੂੰ ਸਫਲ ਬਣਾਉਣ ‘ਚ ਯੋਗਦਾਨ ਪਾਇਆ। ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ, ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਅਤੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਸਮੇਤ ਕਈ ਟਰੇਡ ਯੂਨੀਅਨਾਂ ਨੇ ਕੋਚੀ ਵਿੱਚ ਮਨੁੱਖੀ ਚੇਨ ਬਣਾਈ। ਟਰੇਡ ਯੂਨੀਅਨ ਆਗੂ ਅਮਰਜੀਤ ਕੌਰ ਨੇ ਕਿਹਾ ਕਿ ਮੋਰਚੇ ਦੇ ਭਾਰਤ ਬੰਦ ਨੂੰ ਜਤਨਕ ਖੇਤਰ ਦੀਆਂ ਬੈਂਕਾਂ ਦੀਆਂ ਸੰਸਥਾਵਾਂ, ਬੀਮਾ, ਤੇਲ, ਰੇਲਵੇ, ਹਵਾਈ ਅੱਡਿਆਂ ਦੇ ਮੁਲਾਜ਼ਮਾਂ ਤੇ ਹੋਰ ਕੰਮਕਾਜੀ ਜਮਾਤਾਂ ਵੱਲੋਂ ਭਰਪੂਰ ਸਮਰਥਨ ਦਿੱਤਾ ਗਿਆ ਹੈ। ਕਿਸਾਨ ਆਗੂ ਯੋਗੇਂਦਰ ਯਾਦਵ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਬੰਦ ਨੂੰ ਭਰਪੂਰ ਸਮਰਥਨ ਮਿਲਿਆ ਹੈ ਅਤੇ ਕਈ ਸੂਬਿਆਂ ‘ਚ ਕਿਸਾਨਾਂ ਦੇ ਨਾਲ ਨਾਲ ਹੋਰ ਜਥੇਬੰਦੀਆਂ ਨੇ ਇਸ ਨੂੰ ਸਫਲ ਬਣਾਇਆ। ਬੰਦ ਨੂੰ ਕਾਂਗਰਸ, ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ, ਤੇਲਗੂ ਦੇਸਮ, ਬਹੁਜਨ ਸਮਾਜ ਪਾਰਟੀ, ਖੱਬੇ ਪੱਖੀ ਪਾਰਟੀਆਂ, ਸਵਰਾਜ ਇੰਡੀਆ, ਵਾਈਐੱਸਆਰ ਕਾਂਗਰਸ ਆਦਿ ਪਾਰਟੀਆਂ ਨੇ ਹਮਾਇਤ ਦਿੱਤੀ।