ਸੰਯੁਕਤ ਕਿਸਾਨ ਮੋਰਚੇ ਵੱਲੋਂ ਯੋਗੇਂਦਰ ਯਾਦਵ ਮੋਰਚੇ ‘ਚੋਂ ਇੱਕ ਮਹੀਨੇ ਲਈ ਮੁਅੱਤਲ

ਨਵੀਂ ਦਿੱਲੀ, 21 ਅਕਤੂਬਰ – ਸਵਰਾਜ ਅਭਿਆਨ ਦੇ ਮੁਖੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂਆਂ ‘ਚੋਂ ਇੱਕ ਯੋਗੇਂਦਰ ਯਾਦਵ ਨੂੰ ਅੱਜ ਇਕ ਮਹੀਨੇ ਲਈ ਮੋਰਚੇ ‘ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਯੋਗੇਂਦਰ ਯਾਦਵ ਲਖੀਮਪੁਰ ਖੀਰੀ ਹਿੰਸਾ ਵਿੱਚ ਮਾਰੇ ਗਏ ਭਾਜਪਾ ਵਰਕਰ ਸ਼ੁਭਮ ਮਿਸ਼ਰਾ ਦੇ ਘਰ ਪਰਿਵਾਰ ਨਾਲ ਦੁੱਖ ਜ਼ਾਹਿਰ ਕਰਨ ਗਏ ਸਨ ਤੇ ਉਦੋਂ ਤੋਂ ਹੀ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਕਾਰਵਾਈ ਮੰਗੀ ਜਾ ਰਹੀ ਸੀ। ਇਸ ਤੋਂ ਬਾਅਦ ਅੱਜ ਸੰਯੁਕਤ ਕਿਸਾਨ ਮੋਰਚਾ ਨੇ ਵੱਡੀ ਕਾਰਵਾਈ ਕਰਦਿਆਂ ਯੋਗੇਂਦਰ ਯਾਦਵ ਨੂੰ ਇੱਕ ਮਹੀਨੇ ਲਈ ਮੁਅੱਤਲ ਕਰ ਦਿੱਤਾ। ਮੁਅੱਤਲੀ ਲਈ ਯਾਦਵ ਵੱਲੋਂ ਕੀਤੇ ਟਵੀਟ ਨੂੰ ਆਧਾਰ ਬਣਾਇਆ ਗਿਆ ਹੈ, ਜੋ ਉਨ੍ਹਾਂ ਲਖੀਮਪੁਰ ਖੀਰੀ ਹਿੰਸਾ ‘ਚ ਮਾਰੇ ਗਏ ਭਾਜਪਾ ਵਰਕਰ ਸ਼ੁਭਮ ਮਿਸ਼ਰਾ ਦੇ ਪਰਿਵਾਰ ਨਾਲ ਮੁਲਾਕਾਤ ਮਗਰੋਂ ਕੀਤਾ ਸੀ।