ਸੰਯੁਕਤ ਰਾਸ਼ਟਰ: ਪੱਤਰਕਾਰ ਜੋ ਲਿਖਦੇ, ਟਵੀਟ ਕਰਦੇ ਜਾਂ ਕਹਿੰਦੇ ਨੇ, ਉਸ ਲਈ ਜੇਲ੍ਹ ਨਾ ਭੇਜਿਆ ਜਾਵੇ – ਸਟੀਫਨ ਦੁਜਾਰਿਕ

ਸੰਯੁਕਤ ਰਾਸ਼ਟਰ, 29 ਜੂਨ – ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੇ ਇੱਕ ਬੁਲਾਰੇ ਨੇ ਭਾਰਤ ਵਿੱਚ ‘ਆਲਟ ਨਿਊਜ਼’ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਦੀ ਗ੍ਰਿਫ਼ਤਾਰੀ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਪੱਤਰਕਾਰ ‘ਜੋ ਕੁੱਝ ਵੀ ਲਿਖਦੇ ਹਨ, ਟਵੀਟ ਕਰਦੇ ਹਨ ਜਾਂ ਕਹਿੰਦੇ ਹਨ’, ਉਸ ਲਈ ਉਨ੍ਹਾਂ ਨੂੰ ਜੇਲ੍ਹ ਨਹੀਂ ਭੇਜਿਆ ਜਾਣਾ ਚਾਹੀਦਾ। ਬੁਲਾਰੇ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਨਿਡਰ ਹੋ ਕੇ ਆਪਣੀ ਗੱਲ ਕਹਿਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਤੋਂ ਪਹਿਲਾਂ ਗੁਜਰਾਤ ਪੁਲੀਸ ਨੇ ਤੀਸਤਾ ਸੀਤਲਵਾੜ ਨੂੰ ਗੁਜਰਾਤ ਦੰਗਿਆਂ ਦੇ ਸਿਲਸਿਲੇ ਵਿੱਚ ਅਪਰਾਧਿਕ ਸਾਜ਼ਿਸ਼ ਘੜਨ, ਧੋਖਾਧੜੀ ਅਤੇ ਬੇਕਸੂਰ ਲੋਕਾਂ ਨੂੰ ਫਸਾਉਣ ਲਈ ਅਦਾਲਤ ਵਿੱਚ ਗ਼ਲਤ ਸਬੂਤ ਪੇਸ਼ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਸੀ। ਸੰਯੁਕਤ ਰਾਸ਼ਟਰ ਦੀ ਮਨੁੱਖੀ ਹੱਕਾਂ ਬਾਰੇ ਸੰਸਥਾ ਨੇ ਸੀਤਲਵਾੜ ਦੀ ਗ੍ਰਿਫ਼ਤਾਰੀ ਉੱਤੇ ਫ਼ਿਕਰ ਜ਼ਾਹਿਰ ਕੀਤਾ ਸੀ ਤੇ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਵੀ ਕੀਤੀ ਸੀ। ਜ਼ਿਕਰਯੋਗ ਹੈ ਕਿ ਜ਼ੁਬੈਰ ਨੂੰ ਇੱਕ ਹਿੰਦੂ ਦੇਵਤਾ ਬਾਰੇ 2018 ਵਿੱਚ ਕੀਤੇ ਗਏ ਇਤਰਾਜ਼ਯੋਗ ਟਵੀਟ ਦੇ ਮਾਮਲੇ ਵਿੱਚ 27 ਜੂਨ ਦਿਨ ਸੋਮਵਾਰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮੁੱਦੇ ਉੱਤੇ ਮੰਗਲਵਾਰ ਨੂੰ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਗੁਟੇਰੇਜ਼ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਦੁਨੀਆ ਵਿੱਚ ਕਿਤੇ ਵੀ ਇਹ ਬੇਹੱਦ ਜ਼ਰੂਰੀ ਹੈ ਕਿ ਲੋਕਾਂ ਨੂੰ ਖੁੱਲ੍ਹ ਕੇ ਆਪਣੀ ਗੱਲ ਕਹਿਣ ਦੀ ਇਜਾਜ਼ਤ ਦਿੱਤੀ ਜਾਵੇ। ਪੱਤਰਕਾਰਾਂ ਨੂੰ ਆਜ਼ਾਦ ਹੋ ਕੇ ਤੇ ਬਿਨਾਂ ਕਿਸੇ ਭੈਅ ਦੇ ਆਪਣੀ ਗੱਲ ਕਹਿਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ।’ ਪਾਕਿਸਤਾਨ ਦੇ ਇੱਕ ਪੱਤਰਕਾਰ ਨੇ ਪੁੱਛਿਆ ਸੀ ਕਿ ਕੀ ਉਹ ਜ਼ੁਬੈਰ ਦੀ ਰਿਹਾਈ ਦਾ ਸੱਦਾ ਦਿੰਦੇ ਹਨ, ਇਸ ਦੇ ਜਵਾਬ ਵਿੱਚ ਦੁਜਾਰਿਕ ਨੇ ਕਿਹਾ ਪੱਤਰਕਾਰ ਜੋ ਕੁੱਝ ਵੀ ਲਿਖਦੇ ਹਨ, ਟਵੀਟ ਕਰਦੇ ਹਨ ਜਾਂ ਕਹਿੰਦੇ ਹਨ, ਉਸ ਲਈ ਉਨ੍ਹਾਂ ਨੂੰ ਜੇਲ੍ਹ ਨਹੀਂ ਭੇਜਿਆ ਜਾਣਾ ਚਾਹੀਦਾ। ਇਸੇ ਦੌਰਾਨ ਕੌਮਾਂਤਰੀ ਗੈਰ-ਸਰਕਾਰੀ ਸੰਗਠਨ ‘ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ’ (ਸੀਪੀਜੇ) ਨੇ ਵੀ ਜ਼ੁਬੈਰ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ। ਵਾਸ਼ਿੰਗਟਨ ਵਿੱਚ ਸੀਪੀਜੇ ਦੇ ਏਸ਼ੀਆ ਪੱਧਰ ਦੇ ਪ੍ਰੋਗਰਾਮ ਕੋਆਰਡੀਨੇਟਰ ਸਟੀਵਨ ਬਟਲਰ ਨੇ ਕਿਹਾ ਕਿ ‘ਪੱਤਰਕਾਰ ਮੁਹੰਮਦ ਜ਼ੁਬੈਰ ਦੀ ਗ੍ਰਿਫ਼ਤਾਰੀ ਨਾਲ ਭਾਰਤ ਵਿੱਚ ਪ੍ਰੈੱਸ ਦੀ ਆਜ਼ਾਦੀ ਦਾ ਪੱਧਰ ਹੋਰ ਹੇਠਾਂ ਚਲਾ ਗਿਆ ਹੈ। ਸਰਕਾਰ ਨੇ ਫ਼ਿਰਕੂ ਮੁੱਦਿਆਂ ਨਾਲ ਜੁੜੀਆਂ ਖ਼ਬਰਾਂ ਪ੍ਰਕਾਸ਼ਿਤ ਕਰਨ ਵਾਲੇ ਪ੍ਰੈੱਸ ਦੇ ਮੈਂਬਰਾਂ ਲਈ ਇਕ ਅਸੁਰੱਖਿਅਤ ਤੇ ਦੁਸ਼ਮਣੀ ਵਾਲਾ ਮਾਹੌਲ ਬਣਾ ਦਿੱਤਾ ਹੈ।’ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਤੁਰੰਤ ਤੇ ਬਿਨਾਂ ਕਿਸੇ ਸ਼ਰਤ ਦੇ ਜ਼ੁਬੈਰ ਨੂੰ ਰਿਹਾਅ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਬਿਨਾਂ ਕਿਸੇ ਦਖ਼ਲ ਦੇ ਆਪਣੀ ਪੱਤਰਕਾਰੀ ਕਰਨ ਦੇਣੀ ਚਾਹੀਦੀ ਹੈ।