ਸੰਸਦੀ ਕਮੇਟੀ ਨੇ ਵਿਦੇਸ਼ਾਂ ’ਚ ਵਸਦੇ ਪਰਵਾਸੀ ਭਾਰਤੀਆਂ ਦੀ ਗਿਣਤੀ ਬਾਰੇ ਸਰਕਾਰ ਕੋਲ ‘ਅਧਿਕਾਰਤ ਅੰਕੜਾ’ ਨਹੀਂ ਹੋਣ ’ਤੇ ਹੈਰਾਨੀ ਪ੍ਰਗਟਾਈ

ਨਵੀਂ ਦਿੱਲੀ, 4 ਅਗਸਤ – ਸੰਸਦੀ ਕਮੇਟੀ ਨੇ ਸਰਕਾਰ ਕੋਲ ਦੁਨੀਆ ਭਰ ਵਿੱਚ ਫੈਲੇ ਪਰਵਾਸੀ ਭਾਰਤੀ ਭਾਈਚਾਰੇ ਦਾ ਕੋਈ ‘ਅਧਿਕਾਰਤ ਅੰਕੜਾ’ ਨਾ ਹੋਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਸਫ਼ਾਰਤਖਾਨੇ/ਹਾਈ ਕਮਿਸ਼ਨ/ਮਿਸ਼ਨ ਦਾ ਪਰਵਾਸੀ ਭਾਰਤੀਆਂ ਨਾਲ ਵਿਆਪਕ ਅਤੇ ਨਜ਼ਦੀਕੀ ਸੰਪਰਕ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਪਰਵਾਸੀ ਭਾਰਤੀਆਂ ਨੂੰ ਰਜਿਸਟਰਡ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਡੇਟਾ ਤਿਆਰ ਕੀਤਾ ਜਾ ਸਕੇ।
ਇਹ ਗੱਲ ਬੁੱਧਵਾਰ ਨੂੰ ਸੰਸਦ ‘ਚ ਪੇਸ਼ ਕੀਤੀ ਗਈ ਭਾਜਪਾ ਸੰਸਦ ਮੈਂਬਰ ਪੀਪੀ ਚੌਧਰੀ ਦੀ ਅਗਵਾਈ ਵਾਲੀ ਵਿਦੇਸ਼ ਮਾਮਲਿਆਂ ਦੀ ਸਥਾਈ ਕਮੇਟੀ ਦੀ ਰਿਪੋਰਟ ‘ਚ ਕਹੀ ਗਈ। ਪਰਵਾਸੀ ਭਾਰਤੀਆਂ ਦੁਆਰਾ ਭੇਜੀ ਗਈ ਰਕਮ ਬਾਰੇ ਪੁੱਛੇ ਜਾਣ ‘ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੂਜੇ ਦੇਸ਼ਾਂ ਤੋਂ ਆਪਣੇ ਪਰਿਵਾਰਾਂ ਨੂੰ ਭੇਜੀ ਗਈ ਰਕਮ ਬਾਰੇ ਕੋਈ ਸਹੀ ਅੰਕੜੇ ਉਪਲਬੱਧ ਨਹੀਂ ਹਨ। ਹਾਲਾਂਕਿ, ਇਸ ਵਿਸ਼ੇ ‘ਤੇ ਵਿਸ਼ਵ ਬੈਂਕ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸਾਲ 2021 ਵਿੱਚ ਪਰਵਾਸੀ ਭਾਰਤੀਆਂ ਨੇ ਪਰਿਵਾਰਾਂ ਨੂੰ 87 ਅਰਬ ਡਾਲਰ ਦੀ ਰਾਸ਼ੀ ਭੇਜੀ ਅਤੇ ਭਾਰਤ ਇਸ ਸ਼੍ਰੇਣੀ ਸਭ ਤੋਂ ਅੱਗੇ ਹੈ।