ਸੰਸਦ ਹੋਈ ਠੱਪ: ਮਹਿੰਗਾਈ ਅਤੇ ਜੀਐੱਸਟੀ ਦੇ ਮੁੱਦੇ ’ਤੇ ਸੰਸਦ ਦੇ ਦੋਵੇਂ ਸਦਨਾਂ ’ਚ ਹੰਗਾਮਾ

ਨਵੀਂ ਦਿੱਲੀ, 20 ਜੁਲਾਈ – ਮਹਿੰਗਾਈ ਅਤੇ ਰੋਜ਼ਾਨਾ ਵਰਤੋਂ ਦੀਆਂ ਕੁਝ ਵਸਤਾਂ ’ਤੇ ਜੀਐੱਸਟੀ ਲਾਏ ਜਾਣ ਦੇ ਮੁੱਦੇ ’ਤੇ ਬਹਿਸ ਕਰਾਉਣ ਦੀ ਮੰਗ ਨੂੰ ਲੈ ਵਿਰੋਧੀ ਧਿਰਾਂ ਨੇ ਅੱਜ ਲਗਾਤਾਰ ਤੀਜੇ ਦਿਨ ਸੰਸਦ ਦੇ ਦੋਵੇਂ ਸਦਨਾਂ ਲੋਕ ਸਭਾ ਤੇ ਰਾਜ ਸਭਾ ’ਚ ਜੰਮ ਕੇ ਹੰਗਾਮਾ ਕੀਤਾ। ਦੋਵੇਂ ਸਦਨਾਂ ਨੂੰ ਪਹਿਲਾਂ ਦੁਪਹਿਰ ਬਾਅਦ ਤੱਕ ਲਈ ਮੁਅੱਤਲ ਕੀਤਾ ਗਿਆ ਅਤੇ ਫਿਰ ਬਾਅਦ ’ਚ ਦਿਨ ਭਰ ਲਈ ਉਠਾ ਦਿੱਤਾ ਗਿਆ। ਲੋਕ ਸਭਾ ਜਦੋਂ ਅੱਜ ਸਵੇਰੇ ਜੁੜੀ ਤਾਂ ਸਪੀਕਰ ਓਮ ਬਿਰਲਾ ਨੇ ਪ੍ਰਦਰਸ਼ਨ ਕਰ ਰਹੇ ਮੈਂਬਰਾਂ ਨੂੰ ਕਿਹਾ ਕਿ ਉਹ ਸਿਫ਼ਰ ਕਾਲ ਦੌਰਾਨ ਮੁੱਦੇ ਉਠਾਉਣ ਲਈ ਉਨ੍ਹਾਂ ਨੂੰ ਮੌਕਾ ਦੇਣਗੇ। ਸਪੀਕਰ ਨੇ ਕਿਹਾ,‘‘ਸਦਨ ਚਰਚਾ ਲਈ ਹੈ ਨਾ ਕਿ ਨਾਅਰੇਬਾਜ਼ੀ ਲਈ। ਇਸ ਕਿਸਮ ਦਾ ਰਵੱਈਆ ਠੀਕ ਨਹੀਂ ਹੈ ਅਤੇ ਮੈਂਬਰਾਂ ਵੱਲੋਂ ਪ੍ਰਕਿਰਿਆ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ।’’ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਜਦੋਂ ਸਪੀਕਰ ਮੁੱਦੇ ਉਠਾਉਣ ਲਈ ਇਜਾਜ਼ਤ ਦੇਣ ਦਾ ਭਰੋਸਾ ਦੇ ਰਹੇ ਹਨ ਤਾਂ ਮੈਂਬਰਾਂ ਨੂੰ ਸਦਨ ਦੇ ਵਿਚਕਾਰ ਆ ਕੇ ਪ੍ਰਦਰਸ਼ਨਕਰਨ ਦਾ ਕੋਈ ਹੱਕ ਨਹੀਂ ਹੈ। ਜਦੋਂ ਹੰਗਾਮਾ ਜਾਰੀ ਰਿਹਾ ਤਾਂ ਸ੍ਰੀ ਬਿਰਲਾ ਨੇ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਸਦਨ ਮੁੜ ਜੁੜਨ ’ਤੇ ਹੰਗਾਮਾ ਜਾਰੀ ਰਿਹਾ ਅਤੇ ਕਾਰਵਾਈ 4 ਵਜੇ ਤੱਕ ਲਈ ਮੁਲਤਵੀ ਕੀਤੀ ਗਈ। ਫਿਰ ਕਾਰਵਾਈ ਸ਼ੁਰੂ ਹੋਈ ਤਾਂ ਸਪੀਕਰ ਦੀ ਕੁਰਸੀ ’ਤੇ ਬੈਠੇ ਪੀ ਵੀ ਮਿਥੁਨ ਰੈੱਡੀ ਨੇ ਨਿਯਮ 377 ਤਹਿਤ ਜ਼ਰੂਰੀ ਜਨਤਕ ਮਹੱਤਵ ਦੇ ਮਾਮਲੇ ਉਠਾਉਣ ਦੀ ਇਜਾਜ਼ਤ ਦਿੱਤੀ। ਹੰਗਾਮੇ ਮਗਰੋਂ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ।