ਸ. ਪ੍ਰਕਾਸ਼ ਸਿੰਘ ਬਾਦਲ ਨੇ 5ਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਚੱਪੜਚਿੜੀ ਵਿਖੇ ਸਹੁੰ ਚੁੱਕੀ

ਚੰਡੀਗੜ੍ਹ – 14ਵੀਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਇਤਿਹਾਸਕ ਜਿੱਤ ਤੋਂ ਬਾਅਦ 14 ਮਾਰਚ ਦਿਨ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪਰਤ ਤੇ 85 ਸਾਲਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ 5ਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਬਨਣ ਦੀ ਸਹੁੰ ਚੁੱਕੀ। ਚੱਪੜਚਿੜੀ ਸਥਿਤ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਜੰਗੀ ਯਾਦਗਾਰ ਵਿਖੇ ਵਿਸ਼ੇਸ਼ ਸਮਾਗਮ ਵਿੱਚ ਰਾਜਪਾਲ ਸ਼ਿਵਰਾਜ ਪਾਟਿਲ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਤੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ 18 ਮੈਂਬਰੀ ਵਜ਼ਾਰਤ ਨੂੰ ਸਹੁੰ ਚੁਕਾਈ।
ਮੁੱਖ ਮੰਤਰੀ ਸ. ਬਾਦਲ ਦੀ ਨਵੀਂ ਵਜ਼ਾਰਤ ਵਿੱਚ ਨਵੇਂ ਚਿਹਰੇ ਇਸ ਤਰ੍ਹਾਂ ਹਨ:- ਬਿਕਰਮ ਸਿੰਘ ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬੀਬੀ ਜਾਗੀਰ ਕੌਰ, ਭਗਤ ਚੂਨੀ ਲਾਲ, ਸਰਵਨ ਸਿੰਘ ਫਿਲੌਰ, ਅਜੀਤ ਸਿੰਘ ਕੋਹਾੜ, ਪਰਮਿੰਦਰ ਸਿੰਘ ਢੀਂਡਸਾ, ਗੁਲਜ਼ਾਰ ਸਿੰਘ ਰਾਣੀਕੇ, ਜਨਮੇਜਾ ਸਿੰਘ ਸੇਖੋਂ, ਜੱਥੇਦਾਰ ਤੋਤਾ ਸਿੰਘ, ਸੁਰਜੀਤ ਕੁਮਾਰ ਜਿਆਣੀ, ਸੁਰਜੀਤ ਸਿੰਘ ਰੱਖੜਾ, ਸ਼ਰਨਜੀਤ ਸਿੰਘ ਢਿਲੋਂ, ਸਿਕੰਦਰ ਸਿੰਘ ਮਲੂਕਾ, ਅਨਿਲ ਜੋਸ਼ੀ ਅਤੇ ਮਦਨ ਮੋਹਨ ਮਿੱਤਲ ਮੰਤਰੀ ਬਣਨਗੇ। ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਅਟਵਾਲ ਦਾ ਨਾਂ ਮੰਤਰੀਆਂ ਦੀ ਸੂਚੀ ਵਿੱਚ ਨਹੀਂ ਹੈ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਚੁਣੇ ਜਾਣ ਦੀ ਸੰਭਾਵਨਾ ਹੈ। ਸਹੁੰ ਚੁੱਕ ਸਮਾਗਮ ਵਿੱਚ ਭਾਜਪਾ ਦੇ ਪ੍ਰਧਾਨ ਸ੍ਰੀ ਨਿਤਿਨ ਗਡਕਰੀ ਤੋਂ ਇਲਾਵਾ ਸ੍ਰੀ ਐਲ. ਕੇ. ਅਡਵਾਨੀ, ਸ੍ਰੀ ਰਾਜਨਾਥ ਸਿੰਘ, ਸ੍ਰੀ ਅਰੁਣ ਜੇਤਲੀ, ਸ੍ਰੀ ਸ਼ਾਂਤਾ ਕੁਮਾਰ ਅਤੇ ਹਿਮਾਚਲ ਦੇ ਮੁੱਖ ਮੰਤਰੀ ਸ੍ਰੀ ਪ੍ਰੇਮ ਕੁਮਾਰ ਧੂਮਲ, ਰਮਨ ਸਿੰਘ ਮੁੱਖ ਮੰਤਰੀ ਛੱਤੀਸਗੜ੍ਹ, ਐਸ. ਕੇ. ਮੋਦੀ ਉਪ ਮੁੱਖ ਮੰਤਰੀ ਬਿਹਾਰ, ਸ਼ਿਵਰਾਮ ਚੌਹਾਨ ਮੁੱਖ ਮੰਤਰੀ ਮੱਧ ਪ੍ਰਦੇਸ਼, ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਮੇਨਕਾ ਗਾਂਧੀ, ਸ੍ਰੀ ਬਾਲ ਠਾਕਰੇ ਦੇ ਬੇਟੇ ਸ੍ਰੀ ਉਦੈ ਠਾਕਰੇ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਸ੍ਰੀ ਮੁਲਾਇਮ ਸਿੰਘ ਯਾਦਵ, ਝਾਰਖੰਡ ਦੇ ਮੁੱਖ ਮੰਤਰੀ ਅਰਜਨ ਮੁੰਡੇ, ਪੱਛਮੀ ਬੰਗਾਲ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀਆਂ ਦੇ ਵਲੋਂ 2-2 ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਦੇਸ਼ ਦੇ ਵੱਖ-ਵੱਖ ਖੇਤਰਾਂ ਦੀਆਂ ਅਹਿਮ ਸ਼ਖ਼ਸੀਅਤਾਂ ਦੇ ਨਾਲ ਵੱਡੀ ਗਿਣਤੀ ਵਿੱਚ ਸੂਬੇ ਦੇ ਆਮ ਲੋਕਾਂ ਨੇ ਹਾਜ਼ਰੀ ਭਰੀ।
ਗੌਰਤਲਬ ਹੈ ਕਿ 117 ਮੈਂਬਰੀ ਵਿਧਾਨ ਸਭਾ ਦੇ ੫ਵੀਂ ਬਾਰ ਮੁੱਖ ਮੰਤਰੀ ਬਣੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਦੀ ਵਾਗਡੋਰ ਸਾਲ 1997 ਤੋਂ 2007 ਤਕ ਦੋ ਵਾਰ ਮੁੱਖ ਮੰਤਰੀ ਦੇ ਰੂਪ ‘ਚ ਪੰਜ ਸਾਲ ਦੇ ਕਾਰਜਕਾਲ ਪੂਰੇ ਕੀਤੇ। ਇਸ ਤੋਂ ਪਹਿਲਾਂ ਉਹ 1977 ਤੋਂ 1980 ਅਤੇ 1970 ਤੋਂ 1971 ਤੱਕ ਮੁੱਖ ਮੰਤਰੀ ਰਹੇ। ਸ. ਸੁਖਬੀਰ ਸਿੰਘ ਬਾਦਲ ਵੀ ਲਗਾਤਾਰ ਦੂਜੀ ਵਾਰ ਪੰਜਾਬ ਦੇ ਉਪ-ਮੁੱਖ ਮੰਤਰੀ ਬਣੇ ਹਨ। ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੇ 46 ਸਾਲਾਂ ਦੇ ਇਤਿਹਾਸ ‘ਚ ਦੂਜੀ ਵਾਰ ਹਕੂਮਤ ਕਾਇਮ ਕਰਕੇ ਰਿਕਾਰਡ ਬਣਾਇਆ ਹੈ।