ਸ. ਬਲਬੀਰ ਸਿੰਘ ਬਸਰਾ ਨੇ ‘ਫੁੱਲ ਮੈਰਾਥਨ’ ਅਤੇ ਸੰਨੀ ਸਿੰਘ ਨੇ ‘ਹਾਫ਼ ਮੈਰਾਥਨ’ ਪੂਰੀ ਕੀਤੀ

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ/ ਕੂਕ ਸਮਾਚਾਰ) – 28 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 6 ਵਜੇ ‘ਆਕਲੈਂਡ ਮੈਰਾਥਨ’ ਦਾ ਆਯੋਜਨ ਡੈਵਨਪੋਰਟ ਤੋਂ ਵਿਕਟੋਰੀਆ ਪਾਰਕ ਤੱਕ ਕੀਤਾ ਗਿਆ। ਇਸ ਮੈਰਾਥਨ ਦੌੜ ਦੇ ਵਿੱਚ 15000 ਤੋਂ ਜ਼ਿਆਦਾ ਲੋਕਾਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ ਕੁੱਝ ਨੇ ਫੁੱਲ ਮੈਰਾਥਨ ਦੌੜ (42.19 ਕਿੱਲੋਮੀਟਰ) ਅਤੇ ਕੁੱਝ ਨੇ ਹਾਫ਼ ਮੈਰਾਥਨ (21.1 ਕਿੱਲੋਮੀਟਰ), ਕੁੱਝ ਨੇ 12 ਕਿੱਲੋਮੀਟਰ ਅਤੇ ਕੁੱਝ ਨੇ ੫ ਕਿੱਲੋਮੀਟਰ ਮੈਰਾਥਨ ਦੌੜ ਪੂਰੀ ਕੀਤੀ।
ਸਿੱਖ ਮੈਰਾਥਨ ਦੌੜਾਕ 80 ਸਾਲਾ ਸ. ਬਲਬੀਰ ਸਿੰਘ ਬਸਰਾ ਨੇ 11ਵੀਂ ਵਾਰ ਫੁੱਲ ਮੈਰਾਥਨ ਦੌੜ ਵਿੱਚ ਭਾਗ ਲਿਆ ਅਤੇ ਉਸ ਨੂੰ ਪੂਰੀ ਕੀਤਾ। ਸ. ਬਲਬੀਰ ਸਿੰਘ ਬਸਰਾ ਨੇ 42.19 ਕਿੱਲੋਮੀਟਰ ਦੀ ਦੌੜ ੬ ਘੰਟੇ 35 ਮਿੰਟ ਦੇ ਵਿੱਚ ਪੂਰਾ ਕਰਕੇ ‘ਮੈਰਾਥਨ ਫਿਨਿਸ਼ਰ’ ਵਾਲਾ ਤਗਮਾ ਆਪਣੇ ਗਲ ‘ਚ ਪਵਾਇਆ।
ਮੈਨੁਰੇਵਾ ਸਥਿਤ ਵਰਲਡ ਟਰੈਵਲ ਦੇ ਮਾਲਕ ਤੇ ਇਮੀਗ੍ਰੇਸ਼ਨ ਸਲਾਹਕਾਰ ਸ. ਸੰਨੀ ਸਿੰਘ ਨੇ ਪਹਿਲੀ ਵਾਰ ਆਕਲੈਂਡ ਮੈਰਾਥਨ ਦੌੜ ਵਿੱਚ ਹਾਫ਼ ਮੈਰਾਥਨ ਵਰਗ ਦੇ ਵਿੱਚ ਭਾਗ ਲਿਆ। ਸ. ਸੰਨੀ ਸਿੰਘ ਨੇ 21 ਕਿੱਲੋਮੀਟਰ ਦੀ ਦੌੜ 2 ਘੰਟੇ 45 ਮਿੰਟ ਦੇ ਵਿੱਚ ਪੂਰਾ ਕੀਤਾ। ਸ. ਸੰਨੀ ਸਿੰਘ ਨੇ ਆਪਣੇ ਵਰਗ ਵਿੱਚ ‘ਮੈਰਾਥਨ ਫਿਨਿਸ਼ਰ’ ਵਾਲਾ ਤਗਮਾ ਆਪਣੇ ਗਲ ਪਵਾਇਆ। ਉੱਥੇ ਉਨ੍ਹਾਂ ਇਹ ਦੌੜ ਆਪਣੇ ਸਤਿਕਾਰਯੋਗ ਪਿਤਾ ਸ. ਸੇਵਾ ਸਿੰਘ ਦੇ ਨਾਂਅ ਸਮਰਪਿਤ ਕੀਤੀ।
ਸ. ਬਲਬੀਰ ਸਿੰਘ ਬਸਰਾ ਵੱਲੋਂ ‘ਫੁੱਲ ਮੈਰਾਥਨ’ ਦੌੜ ਪੂਰੀ ਕਰਨ ਅਤੇ ਸ. ਸੰਨੀ ਸਿੰਘ ਵੱਲੋਂ ‘ਹਾਫ਼ ਮੈਰਾਥਨ’ ਪੂਰੀ ਕਰਨ ਉੱਤੇ ਅਦਾਰਾ ‘ਕੂਕ ਪੰਜਾਬੀ ਸਮਾਚਾਰ’ ਅਤੇ ‘ਪੰਜਾਬੀ ਹੈਰਲਡ’ ਵੱਲੋਂ ਬਹੁਤ-ਬਹੁਤ ਵਧਾਈ ਹੈ, ਇਨ੍ਹਾਂ ਦੋਵਾਂ ਨੇ ਭਾਰਤੀ ਤੇ ਖ਼ਾਸ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ।