ਸ. ਸਤਿੰਦਰ ਸਿੰਘ ਹੂਜਾ ਸ਼ਰਲੈਟਸ ਵਿਲੇ ਦੇ ਮੇਅਰ ਬਣਾਏ

ਵਾਸ਼ਿੰਗਟਨ – ਅਮਰੀਕਾ ਦੇ ਵਰਜੀਨੀਆ ਵਿਚਲੇ ਇਤਿਹਾਸਕ ਸ਼ਹਿਰ ਸ਼ਰਲੈਟਸ ਵਿਲੇ ਦਾ ਮੇਅਰ ਭਾਰਤੀ ਮੂਲ ਦੇ ਸਿੱਖ ਅਮਰੀਕੀ ਸ. ਸਤਿੰਦਰ ਸਿੰਘ ਹੂਜਾ ਨੂੰ ਬਣਾਇਆ ਗਿਆ ਹੈ। ਸ. ਹੂਜਾ ਨੂੰ ਦੋ ਸਾਲ ਲਈ ਮੇਅਰ ਬਣਾਇਆ ਗਿਆ ਹੈ। ਸ. ਹੂਜਾ ਪਿੱਛੋਂ ਉਤਰਾਖੰਡ ਦੇ ਨੈਨੀਤਾਲ ਖੇਤਰ ਦਾ ਵਾਸੀ ਹਨ, ਉਨ੍ਹਾਂ ਨੂੰ ਨਵੇਂ ਸਾਲ ਦੇ ਸ਼ੁਰੂ ‘ਚ ਹੀ ਸ਼ਹਿਰ ਦਾ ਮੇਅਰ ਚੁਣ ਲਿਆ ਗਿਆ ਸੀ। ਖਾਸ ਜ਼ਿਕਰਯੋਗ ਹੈ ਕਿ ਹੂਜਾ ਇਤਿਹਾਸਕ ਸ਼ਹਿਰ ਸ਼ਰਲੈਟਸ ਵਿਲੇ ਵਾਸ਼ਿੰਗਟਨ ਤੋਂ ਦੱਖਣ-ਪੱਛਮ ਵੱਲ 120 ਮੀਲ ਦੂਰ ਹੈ, ਇਸ ਦੀ ਆਬਾਦੀ 43000 ਦੇ ਲਗਭਗ ਹੈ ਤੇ ਇਸ ਸ਼ਹਿਰ ਦਾ ਸ. ਸਤਿੰਦਰ ਸਿੰਘ ਹੂਜਾ ਇਕਲੋਤਾ ਸਿੱਖ ਵਸਨੀਕ ਹੈ। ਇਸ ਸ਼ਹਿਰ ਦੇ ਬਾਕੀ ਹੋਰ ਸਿੱਖ ਵਰਜੀਨੀਆ ਯੂਨੀਵਰਸਿਟੀ ਦੇ ਵਿਦਿਆਰਥੀ ਹਨ। ਜ਼ਿਕਰਯੋਗ ਹੈ ਕਿ ਸਾਬਕਾ ਤਿੰਨ ਅਮਰੀਕੀ ਰਾਸ਼ਟਰਪਤੀ ਥਾਮਸ ਜ਼ੈਫਰਸਨ, ਜੇਮਜ਼ ਮੈਡੀਸਨ ਤੇ ਜੇਮਜ਼ ਮੁਨਰੋ ਇਸੇ ਸ਼ਹਿਰ ਦੇ ਵਾਸੀ ਸਨ।
ਅਖ਼ਬਾਰ ‘ਦਿ ਡੈਲੀ ਪ੍ਰੋਗਰੈਸ’ ‘ਚ ਹੂਜਾ ਦੇ ਹਵਾਲੇ ਨਾਲ ਕਿਹਾ ਗਿਆ, “ਇਹ ਗੱਲ ਸਾਡੇ ਸਿੱਖ ਭਾਈਚਾਰੇ ਅਤੇ ਭਾਰਤ ਵਾਸੀਆਂ ਬਾਰੇ ਬੜਾ ਕੁਝ ਦੱਸਦੀ ਹੈ ਕਿ ਕੋਈ ਮੇਰੇ ਜਿਹਾ ਵੀ ਮੇਅਰ ਬਣ ਸਕਦਾ ਹੈ। ਸਾਡਾ ਭਾਈਚਾਰਾ ਬਹੁਲਤਾ ਨੂੰ ਪਸੰਦ ਕਰਦਾ ਹੈ।” ਸ. ਹੂਜਾ ਦੀ ਮੁਹਿੰਮ ਵਾਲੀ ਵੈੱਬਸਾਈਟ ਅਨੁਸਾਰ ਉਹ 1960 ‘ਚ ਅਮਰੀਕਾ ਆਏ ਸਨ ਤੇ ਪਿਛਲੇ 38 ਸਾਲ ਤੋਂ ਇਸ ਸ਼ਹਿਰ ਦੇ ਵਾਸੀ ਹਨ। ਉਹ ਸ਼ਹਿਰ ਦੀ ਯੋਜਨਾਬੰਦੀ ਦੇ 1973 ਤੋਂ 2004 ਤੱਕ ਡਾਇਰੈਕਟਰ ਰਹੇ। ਸਾਲ 2007 ‘ਚ ਉਨ੍ਹਾਂ ਨੂੰ ਸਿਟੀ ਕੌਂਸਲ ਦਾ ਮੈਂਬਰ ਚੁਣ ਲਿਆ ਗਿਆ ਸੀ। ਉਨ੍ਹਾਂ ਨੇ ‘ਸ਼ਹਿਰੀ ਯੋਜਨਾਬੰਦੀ’ ‘ਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਅਤੇ ਉਹ ਵਰਜੀਨੀਆ ਯੂਨੀਵਰਸਿਟੀ ‘ਚ ਪੜ੍ਹਾਉਂਦੇ ਵੀ ਹਨ।