‘ਹਮਦਰਦ’ ਤੇ ਰੇਡੀਓ ‘ਰੌਣਕ ਪੰਜਾਬ ਦੀ’ ਵੱਲੋਂ ਮਿਸੀਸਾਗਾ ਵਿੱਚ ਸਵਰਨ ਸਿੰਘ ਟਹਿਣਾ ਦਾ ਸਨਮਾਨ

unnamed (2)unnamed (3)ਟੋਰਾਂਟੋ – ਲੇਖਕ ਤੇ ਪੱਤਰਕਾਰ ਸਵਰਨ ਸਿੰਘ ਟਹਿਣਾ ਦਾ ਰੇਡੀਓ ‘ਰੌਣਕ ਪੰਜਾਬ ਦੀ’ ਅਤੇ ਅਦਾਰਾ ‘ਹਮਦਰਦ’ ਵੱਲੋਂ ਮੀਡੀਆ ਕਰਮੀਆਂ, ਸਰੋਤਿਆਂ, ਪਾਠਕਾਂ ਤੇ ਲੋਕਾਂ ਦੇ ਵੱਡੇ ਇਕੱਠ ਦਰਮਿਆਨ ਸਨਮਾਨ ਕੀਤਾ ਗਿਆ।
‘ਮੂਨ ਲਾਈਟ ਕਨਵੈੱਨਸ਼ਨ ਸੈਂਟਰ’ ਵਿਖੇ ਕਰਾਏ ਗਏ ਸਮਾਗਮ ਦੌਰਾਨ ਸੰਚਾਲਨ ਕਰਦਿਆਂ ਰੇਡੀਓ ‘ਸਾਰੰਗ’ ਤੋਂ ਸ੍ਰੀ ਰਾਜਵੀਰ ਬੋਪਾਰਾਏ ਨੇ ਕਿਹਾ ਕਿ ਪੱਤਰਕਾਰੀ ਖੇਤਰ ਵਿੱਚ ਵਧੀਆ ਯੋਗਦਾਨ ਪਾਉਣ ਬਦਲੇ ਟੋਰਾਂਟੋ ਵਿੱਚ ਵੱਸਦੇ ਪੰਜਾਬੀ ਸਵਰਨ ਟਹਿਣਾ ਦੇ ਨਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹਨ। ਉਨ੍ਹਾਂ ਵਿਦੇਸ਼ਾਂ ਵਿੱਚ ਪ੍ਰਿੰਟ ਅਤੇ ਬਿਜਲਈ ਮੀਡੀਆ ਵੱਲੋਂ ਪਾਏ ਜਾਂਦੇ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਏਥੇ ਆਏ ਪੰਜਾਬੀਆਂ ਨੇ ਬਾਕੀ ਖੇਤਰਾਂ ਵਾਂਗ ਪੱਤਰਕਾਰਤਾ ਵਿੱਚ ਵੀ ਵੱਡਾ ਯੋਗਦਾਨ ਪਾਇਆ।
ਹਮਦਰਦ ਅਖ਼ਬਾਰ ਤੋ ਸ. ਅਮਰ ਸਿੰਘ ਭੁੱਲਰ ਨੇ ਸਵਰਨ ਟਹਿਣਾ ਦੀ ਬੇਬਾਕ ਪੱਤਰਕਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਟਹਿਣਾ ਦੀ ਮਿਹਨਤ ਰੰਗ ਲਿਆਈ ਹੈ। ਜਗਰਾਜ ਸਿੱਧੂ, ਜਗਦੀਸ਼ ਗਰੇਵਾਲ, ਰਾਣਾ ਸਿੱਧੂ ਤੇ ਡਾ ਸ਼ਾਰਧਾ ਨੇ ਵੀ ਵਿਚਾਰ ਪ੍ਰਗਟ ਕੀਤੇ।
ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਵਰਨ ਸਿੰਘ ਟਹਿਣਾ ਨੇ ਆਪਣੇ ਬਚਪਨ, ਸੰਘਰਸ਼ ਤੇ ਵਿਦੇਸ਼ਾਂ ਵਿਚਲੇ ਰੇਡੀਓ ਤੇ ਅਖ਼ਬਾਰਾਂ ਲਈ ਕੀਤੇ ਜਾਂਦੇ ਕੰਮਾਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਇੱਕ ਸਧਾਰਨ ਪਰਵਾਰ ਵਿੱਚ ਮੇਰਾ ਜਨਮ ਹੋਇਆ ਤੇ ਰੋਜ਼ੀ ਲਈ ਬੇਹੱਦ ਸੰਘਰਸ਼ ਕੀਤਾ। ਉਨ੍ਹਾਂ ਕਿਹਾ ਕਿ ਛੇ ਸਾਲ ਪਹਿਲਾਂ ਸੋਢੀ ਨਾਗਰਾ ਨੇ ‘ਰੌਣਕ ਪੰਜਾਬ ਦੀ’ ਰੇਡੀਓ ਦੀ ਸ਼ੁਰੂਆਤ ਕੀਤੀ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਟੀਮ ਦੇ ਰੂਪ ਵਿੱਚ ਕੰਮ ਕਰਦੇ ਹਾਂ।
ਸ੍ਰੀ ਟਹਿਣਾ ਨੇ ਕਿਹਾ ਕਿ ਪਿਛਲੇ ਪੰਦਰਾਂ ਸਾਲ ਦੇ ਪੱਤਰਕਾਰੀ ਸਫ਼ਰ ਦੌਰਾਨ ਸੀਨੀਅਰ ਪੱਤਰਕਾਰਾਂ ਕੋਲੋਂ ਬੜਾ ਕੁੱਝ ਸਿੱਖਣ ਨੂੰ ਮਿਲਿਆ। ਉਨ੍ਹਾਂ ਸਤਨਾਮ ਗਿੱਲ ਤੇ ਮਨਦੀਪ ਗਿੱਲ ਦਾ ਵਿਸੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਯਤਨ ਸਦਕਾ ਹੀ ਕੈਨੇਡਾ ਵੱਸਦੇ ਪੰਜਾਬੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ।
ਇਸ ਮੌਕੇ ਰੇਡੀਓ ‘ਰੌਣਕ ਪੰਜਾਬ ਦੀ’, ਅਦਾਰਾ ‘ਹਮਦਰਦ’, ‘ਟੀਮ ਫ਼ਾਰ ਇੰਟਰਟੇਨਮੈਂਟ’ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦਿੱਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗਾਉਂਦਾ ਪੰਜਾਬ ਤੋਂ ਸ੍ਰੀ ਜੋਗਿੰਦਰ ਬਾਸੀ, ਬਲਜਿੰਦਰ ਦੂਲੇ, ਰਾਣਾ ਸਿੱਧੂ, ਜਗਰਾਜ ਸਿੱਧੂ, ਜਗਦੀਸ਼ ਸਿੰਘ ਗਰੇਵਾਲ, ਟੋਨੀ ਜੌਹਲ, ਜਗਰੂਪ ਮਾਨ, ਬਲਰਾਜ ਦਿਓਲ, ਡਾ. ਰਣਵੀਰ ਸ਼ਾਰਧਾ, ਰਣਧੀਰ ਸਿੰਘ ਰਾਣਾ, ਹਰਜਿੰਦਰ ਗਿੱਲ, ਮੇਜਰ ਗਾਖਲ, ਤੀਰਥ ਪਾਸਲਾ, ਬਲਜਿੰਦਰ ਤੰਬੜ, ਅਮਰ ਪੱਡਾ, ਪ੍ਰਿੰਸ, ਤੇਜਿੰਦਰ ਸਿੱਧੂ, ਬੌਬ ਦੁਸਾਂਝ ਤੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।