ਹਰਿਆਣਾ ਕਮੇਟੀ ਦੇ ਐਲਾਨ ਨਾਲ ਹਰਿਆਣਾ ਦੇ ਸਿੱਖਾਂ ਨੂੰ ਹਰਿਆਣੇ ਵਿਚਲੇ ਗੁਰਧਾਮਾਂ ਦੀ ਸੇਵਾ ਕਰਨ ਦਾ ਸੁਨਹਿਰੀ ਮੌਕਾ ਮਿਲੇਗਾ – ਸਰਨਾ

paramjit-singh-sarnaਸ਼੍ਰੋਮਣੀ ਕਮੇਟੀ ਦਾ 900 ਕਰੋੜ ਦਾ ਬਜਟ ਬਾਦਲ ਤੇ ਮੱਕੜ ਦੇ ਢਿੱਡਾਂ ਵਿੱਚ ਸਮਾਈ ਜਾ ਰਿਹਾ ਹੈ
ਅੰਮ੍ਰਿਤਸਰ 6 ਜੁਲਾਈ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਹਰਿਆਣਾ ਦੀ ਵੱਖਰੀ ਕਮੇਟੀ ਦਾ ਹਰਿਆਣਾ ਦੇ ਮੁੱਖ ਮੰਤਰੀ ਸ੍ਰ ਭੁਪਿੰਦਰ ਸਿੰਘ ਹੁੱਡਾ ਵੱਲੋਂ ਕੀਤੇ ਗਏ ਐਲਾਨ ਦਾ ਸੁਆਗਤ ਕਰਦਿਆ ਕਿਹਾ ਕਿ ਹਰਿਆਣਾ ਦੇ ਸਿੱਖਾਂ ਨੇ ਅੱਜ ਆਪਣੇ ਗੱਲੋਂ ਬਾਦਲਾਂ ਦੀ ਤਾਨਾਸ਼ਾਹੀ ਦਾ ਜੁੱਲਾ ਲਾਹ ਦਿੱਤਾ ਹੈ ਅਤੇ ਇਸ ਲੜਾਈ ਨੂੰ ਜਿੱਤਣ ਨਾਲ ਉਨ੍ਹਾਂ ਨੂੰ ਹਰਿਆਣਾ ਵਿਚਲੇ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਅਵਸਰ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਲੋਕ ਸੁਧਾਰ ਜਾਣ ਉਪਰੰਤ ਸ਼੍ਰੋਮਣੀ ਕਮੇਟੀ ਇੱਕ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਈ ਹੈ ਤੇ ਹਰਿਆਣਾ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਆਪਣੀਆਂ ਮੰਗਾਂ ਦੇ ਹੱਕਾਂ ਲਈ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਬੋਲਣ ਵੀ ਨਹੀਂ ਦਿੱਤਾ ਜਾਂਦਾ ਸੀ ਸਗੋਂ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ 1996 ਵਿੱਚ ਹਰਿਆਣਾ ਦੇ ਸਿੱਖਾਂ ਨੇ ਹਰਿਆਣਾ ਦੀ ਵੱਖਰੀ ਕਮੇਟੀ ਦੀ ਜੰਗ ਸ਼ੁਰੂ ਕੀਤੀ ਸੀ ਤਾਂ ਉਸ ਵੇਲੇ ਹਰਿਆਣੇ ਦੇ ਸਿੱਖ ਆਗੂ ਜਗਦੀਸ਼ ਸਿੰਘ ਝੀਡਾ ਤੇ ਦੀਦਾਰ ਸਿੰਘ ਨਲਵੀ ਨੇ ਇਸ ਲੜਾਈ ਨੂੰ ਸਿੱਖ ਗੁਰਧਾਮਾਂ ਦੀ ਆਜ਼ਾਦੀ ਦੀ ਲੜਾਈ ਕਿਹਾ ਸੀ। ਉਨ੍ਹਾਂ ਕਿਹਾ ਕਿ ਹਰਿਆਣੇ ਦੇ ਸਿੱਖਾਂ ਨੂੰ ਜੇਕਰ ਬਰਾਬਰ ਦੇ ਅਧਿਕਾਰ ਮਿਲਦੇ ਤਾਂ ਉਹ ਕਦੇ ਵੀ ਵੱਖਰੀ ਕਮੇਟੀ ਬਣਾਉਣ ਬਾਰੇ ਨਾ ਸੋਚਦੇ। ਉਨ੍ਹਾਂ ਕਿਹਾ ਕਿ ਮੀਰੀ ਪੀਰੀ ਮਾਰਕੰਡਾ ਟਰੱਸਟ ਜਿਹੜਾ ਸਾਰਾ ਹੀ ਗੁਰੂ ਦੀ ਗੋਲਕ ਨਾਲ ਬਣਾਇਆ ਗਿਆ ਹੈ ‘ਤੇ ਵੀ ਸ੍ਰ ਪ੍ਰਕਾਸ਼ ਸਿੰਘ ਬਾਦਲ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਹੈ ਅਤੇ ਇਹ ਵੀ ਹਰਿਆਣੇ ਦੇ ਸਿੱਖਾਂ ਦੀ ਸੰਪਤੀ ਹੈ। ਉਨ੍ਹਾਂ ਕਿਹਾ ਕਿ ਕੀ ਬਾਦਲ ਸਾਹਿਬ ਸਪਸ਼ਟ ਕਰਨਗੇ ਕਿ ਪੂਰੇ ਹਰਿਆਣੇ ਵਿੱਚ ਇਸ ਟਰੱਸਟ ਨੂੰ ਚਲਾਉਣ ਲਈ ਕੋਈ ਵੀ ਸਿੱਖ ਯੋਗ ਨਹੀ ਹੈ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਬਾਦਲ ਦਲ ਨੇ ਉਸ ਵੇਲੇ ਵੀ ਵਿਰੋਧ ਕੀਤਾ ਸੀ ਜਦੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਪਾਕਿਸਤਾਨ ਸਰਕਾਰ ਨੇ ਉੱਥੋਂ ਦੇ ਸਿੱਖਾਂ ਨੂੰ ਗੁਰਧਾਮਾਂ ਦੀ ਸੇਵਾ ਸੰਭਾਲ ਸੌਂਪਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਅਤੇ ਜੱਥੇ ਭੇਜਣੇ ਬੰਦ ਕਰ ਦਿੱਤੇ ਸਨ ਪਰ ਪਾਕਿ ਕਮੇਟੀ ਬਣਨ ਉਪਰੰਤ ਉੱਥੋਂ ਦੇ ਗੁਰਧਾਮਾਂ ਦੀ ਜਿਹੜੀ ਕਾਇਆ ਕਲਪ ਹੋਈ ਹੈ ਉਹ ਮਿਸਾਲ ਹੈ ਅਤੇ ਉਨ੍ਹਾਂ ਨੂੰ ਪੂਰੀ ਪੂਰੀ ਆਸ ਹੈ ਕਿ ਹਰਿਆਣਾ ਦੀ ਵੱਖਰੀ ਕਮੇਟੀ ਬਣਨ ਨਾਲ ਵੀ ਹਰਿਆਣਾ ਵਿਚਲੇ ਸਿੱਖ ਗੁਰਧਾਮਾਂ ਦੀ ਕਾਇਆ ਕਲਪ ਹੋਵੇਗੀ। ਉਨ੍ਹਾਂ ਕਿਹਾ ਕਿ ਬਾਦਲ ਤੇ ਮੱਕੜ ਦਾ ਹਾਜ਼ਮੇ ਇੰਨੇ ਕੁ ਤਾਕਤਵਰ ਹਨ ਕਿ ਸ਼੍ਰੋਮਣੀ ਕਮੇਟੀ ਦਾ 900 ਕਰੋੜ ਦਾ ਬਜਟ ਇਹਨਾਂ ਦੇ ਨਿੱਕੇ ਨਿੱਕੇ ਢਿੱਡਾਂ ਵਿੱਚ ਹੀ ਸਮਾਈ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਤਿਤਪੁਣਾ 90 ਫ਼ੀਸਦੀ ਤੱਕ ਵੱਧ ਗਿਆ ਹੈ ਜਿਸ ਲਈ ਬਾਦਲ ਤੇ ਮੱਕੜ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਪੂਰੀ ਆਸ ਹੈ ਕਿ ਹਰਿਆਣੇ ਦੀ ਵੱਖਰੀ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਅੱਗੇ ਵਧਾਏਗੀ ਤੇ ਇਸ ਵਿੱਚ ਯੋਗਦਾਨ ਪਾ ਕੇ ਸਿੱਖੀ ਨੂੰ ਪ੍ਰਫੁੱਲਿਤ ਕਰੇਗੀ।