ਹੁੱਡਾ ਨੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦਾ ਐਲਾਨ ਕੀਤਾ

11 ਜੁਲਾਈ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਾਉਣ ਦਾ ਕੀਤਾ ਵਾਅਦਾ
ਕੈਥਲ – 6 ਜੁਲਾਈ ਨੂੰ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਰਾਹ ਪੱਧਰਾ ਕਰ ਦਿੱਤਾ ਅਤੇ ਉਨ੍ਹਾਂ ਨੇ ਅੱਜ ਪੱਟੀ ਅਫ਼ਗਾਨ ‘ਚ ਹੋਏ ਸਿੱਖ ਸੰਮੇਲਨ ਦੌਰਾਨ ਵੱਖਰੀ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ। ਜਿਵੇਂ ਹੀ ਮੁੱਖ ਮੰਤਰੀ ਨੇ ਵੱਖਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਤਾਂ ਸਮਾਗਮ ਵਾਲੀ ਥਾਂ ‘ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਣੇ ਸ਼ੁਰੂ ਹੋ ਗਏ। ਸ੍ਰੀ ਹੁੱਡਾ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ‘ਚ ਮੌਜੂਦ ਹਜ਼ਾਰਾਂ ਸਿੱਖਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਮੇਟੀ ਨੂੰ ਕਾਨੂੰਨੀ ਮਾਨਤਾ ਦੇਣ ਵਾਸਤੇ 11 ਜੁਲਾਈ ਨੂੰ ਹਰਿਆਣਾ ਵਿਧਾਨ ਸਭਾ ‘ਚ ਬਿੱਲ ਪਾਸ ਕੀਤਾ ਜਾਵੇਗਾ। ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ. ਐੱਸ. ਜੀ. ਪੀ. ਸੀ.) ਦਾ ਬਿੱਲ ਪੇਸ਼ ਕੀਤਾ ਜਾਵੇਗਾ ਤੇ ਕਾਨੂੰਨੀ ਤੌਰ ‘ਤੇ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਵੱਖਰੀ ਕਮੇਟੀ ਦਾ ਐਲਾਨ ਕਰਨ ਤੋਂ ਪਹਿਲਾਂ ਸੰਮੇਲਨ ‘ਚ ਹਾਜ਼ਰ ਸਿੱਖਾਂ ਦੀ ਹੱਥ ਖੜ੍ਹੇ ਕਰਾ ਕੇ ਸਹਿਮਤੀ ਲਈ। ਸ੍ਰੀ ਹੁੱਡਾ ਨੇ ਕਿਹਾ ਕਿ ਵੱਖਰੀ ਕਮੇਟੀ ਬਣਾਉਣ ਦਾ ਫ਼ੈਸਲਾ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਦੇਖ ਕੇ ਲਿਆ ਗਿਆ ਹੈ। ਉਹ ਹਮੇਸ਼ਾ ਤੋਂ ਕਹਿੰਦੇ ਆਏ ਹਨ ਕਿ ਰਾਜ ਸਰਕਾਰ ਉਹੋ ਫ਼ੈਸਲਾ ਕਰੇਗੀ ਜੋ ਸਿੱਖ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਵੱਖਰੀ ਕਮੇਟੀ ਬਣਾਉਣ ਦੇ ਪੱਖ ‘ਚ ਤਿੰਨ ਲੱਖ ਤੋਂ ਵੱਧ ਸਿੱਖਾਂ ਨੇ ਆਪਣਾ ਹਲਫ਼ੀਆ ਬਿਆਨ ਦਿੱਤਾ ਹੈ। ਸ੍ਰੀ ਹੁੱਡਾ ਨੇ ਕਿਹਾ ਹਰਿਆਣਾ ਦੇ ਸਿੱਖ ਰਾਜ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਆਪਣੇ ਹੱਥਾਂ ‘ਚ ਲੈਣਾ ਚਾਹ ਰਹੇ ਸਨ ਅਤੇ ਪਿਛਲੇ ਸਮੇਂ ਤੋਂ ਇਸ ਮੰਗ ਨੇ ਜ਼ੋਰ ਫੜ ਲਿਆ ਸੀ। ਕਾਫ਼ੀ ਸੋਚ ਵਿਚਾਰ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਇਹ ਸਿੱਖਾਂ ਦਾ ਹੱਕ ਵੀ ਬਣਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਘੇਰਦਿਆਂ ਸ੍ਰੀ ਹੁੱਡਾ ਨੇ ਕਿਹਾ ਕਿ ਉਹ ਭਾਵੇਂ ਸ੍ਰੀ ਬਾਦਲ ਦੀ ਇੱਜ਼ਤ ਕਰਦੇ ਹਨ ਪਰ ਉਹ ਚਾਹੁੰਦੇ ਹਨ ਕਿ ਇਸ ਦੇ ਬਦਲੇ ‘ਚ ਸ੍ਰੀ ਬਾਦਲ ਹਰਿਆਣਾ ਦੇ ਸਿੱਖਾਂ ਦੀ ਕਦਰ ਕਰਨ। ਉਨ੍ਹਾਂ ਕਿਹਾ ਕਿ ਹਰਿਆਣੇ ਦੇ ਸਿੱਖਾਂ ਦੀ ਗੁਰੂਆਂ ਵਿੱਚ ਆਸਥਾ ਘੱਟ ਨਹੀਂ ਹੈ ਅਤੇ ਨਾਲ ਹੀ ਉਹ ਅਕਾਲ ਤਖ਼ਤ ਦਾ ਸਤਿਕਾਰ ਵੀ ਕਰਦੇ ਹਨ।
ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਪਸ਼ਟ ਕਿਹਾ ਹੈ ਕਿ ਗੁਆਂਢੀ ਰਾਜ ਹਰਿਆਣਾ ‘ਚ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਕੋਲ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਵੱਖਰੀ ਕਮੇਟੀ ਦਾ ਐਲਾਨ ਹਰਿਆਣਾ ਦੀ ਸੱਤਾਧਾਰੀ ਧਿਰ ਕਾਂਗਰਸ ਦਾ ਕੇਵਲ ਚੋਣ ਸਟੰਟ ਹੈ, ਜੋ ਅਗਲੇ ਮਹੀਨਿਆਂ ‘ਚ ਹੋਣ ਜਾ ਰਹੀਆਂ ਉੱਥੋਂ ਦੀਆਂ ਵਿਧਾਨ ਸਭਾ ਚੋਣਾਂ ‘ਚ ਲਾਹਾ ਲੈਣ ਲਈ ਖੇਡਿਆ ਜਾ ਰਿਹਾ ਹੈ।