ਹਾਕੀ ਖਿਡਾਰੀ ਪਦਮਸ਼੍ਰੀ ਸ. ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ

ਚੰਡੀਗੜ੍ਹ, 26 ਮਈ – 25 ਮਈ ਨੂੰ ਪ੍ਰਸਿੱਧ ਹਾਕੀ ਖਿਡਾਰੀ ਤਿੰਨ ਵਾਰ ਦੇ ਉਲੰਪਿਕ ਸੋਨ ਤਗਮਾ ਜੇਤੂ ਤੇ ਪਦਮਸ਼੍ਰੀ ਸ. ਬਲਬੀਰ ਸਿੰਘ ਸੀਨੀਅਰ ਦਾ ਸਵੇਰੇ 6.17 ਵਜੇ ਦੇ ਕਰੀਬ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਉਹ 96 ਸਾਲਾਂ ਦੇ ਸਨ ਅਤੇ ਪਿਛਲੇ ਦੋ ਹਫ਼ਤਿਆਂ ਤੋਂ ਬਿਮਾਰ ਚੱਲ ਰਹੇ ਸਨ। ਸਰਵੋਤਮ ਫਾਰਵਰਡ ਮੰਨੇ ਜਾਂਦੇ ਬਲਬੀਰ ਸੀਨੀਅਰ ਫੋਰਟਿਸ, ਮੁਹਾਲੀ ਵਿੱਚ ਜੇਰੇ ਇਲਾਜ ਸਨ। ਉਨ੍ਹਾਂ ਨੂੰ 8 ਮਈ ਨੂੰ ਤੇਜ਼ ਬੁਖ਼ਾਰ ਅਤੇ ਸਾਹ ਦੀ ਤਕਲੀਫ਼ ਕਾਰਨ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ। ਉਨ੍ਹਾਂ ਦੀ ਕੋਵਿਡ-19 ਦੀ ਵੀ ਜਾਂਚ ਕੀਤੀ ਗਈ ਪਰ ਰਿਪੋਰਟ ਨੈਗੇਟਿਵ ਆਈ ਸੀ।
ਸ. ਬਲਬੀਰ ਸਿੰਘ ਸੀਨੀਅਰ ਦਾ ਸੈਕਟਰ 25 ਦੇ ਬਿਜਲਈ ਸ਼ਮਸ਼ਾਨਘਾਟ ਵਿਖੇ ਅੱਜ ਸ਼ਾਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਤਿੰਨ ਬੇਟੇ ਤੇ ਇੱਕ ਧੀ ਹੈ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬਲਬੀਰ ਸੀਨੀਅਰ ਲਈ ਭਾਰਤ ਰਤਨ ਦੀ ਮੰਗ ਕੀਤੀ ਹੈ।