ਹਾਕੀ ਜੂਨੀਅਰ ਵਰਲਡ ਕੱਪ: 24 ਨਵੰਬਰ ਤੋਂ 5 ਦਸੰਬਰ ਤੱਕ ਭੁਵਨੇਸ਼ਵਰ ‘ਚ

24 ਨਵੰਬਰ ਨੂੰ ਭਾਰਤ ਪਹਿਲੇ ਮੈਚ ‘ਚ ਫਰਾਂਸ ਨਾਲ ਭਿੜੇਗਾ
ਲੁਸਾਨੇ, 23 ਅਕਤੂਬਰ
– ਭਾਰਤ ਦੇ ਸੂਬੇ ਉੜੀਸਾ ਦੇ ਸ਼ਹਿਰ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਖੇ 24 ਨਵੰਬਰ ਤੋਂ 5 ਦਸੰਬਰ ਤੱਕ ਐੱਫਆਈਐੱਚ ਜੂਨੀਅਰ ਪੁਰਸ਼ ਹਾਕੀ ਵਰਲਡ ਕੱਪ ਹੋਣ ਜਾ ਰਿਹਾ ਹੈ। ਪਿਛਲੀ ਵਾਰ ਦੀ ਚੈਂਪੀਅਨ ਮੇਜ਼ਬਾਨ ਭਾਰਤ ਆਪਣੇ ਖ਼ਿਤਾਬ ਦੀ ਰੱਖਿਆ ਲਈ ਪਹਿਲੇ ਪੂਲ ਮੈਚ ਦਾ ਮੁਕਾਬਲਾ 24 ਨਵੰਬਰ ਨੂੰ ਫਰਾਂਸ ਖ਼ਿਲਾਫ਼ ਹੋਵੇਗਾ।
ਭਾਰਤ ਨੂੰ ਆਸਾਨ ਗਰੁੱਪ ‘ਬੀ’ ਵਿੱਚ ਕੈਨੇਡਾ, ਫਰਾਂਸ ਅਤੇ ਪੋਲੈਂਡ ਨਾਲ ਰੱਖਿਆ ਗਿਆ ਹੈ। ਪੂਲ ‘ਏ’ ਵਿੱਚ ਬੈਲਜੀਅਮ, ਚਿੱਲੀ, ਮਲੇਸ਼ੀਆ ਅਤੇ ਦੱਖਣੀ ਅਫ਼ਰੀਕਾ ਨੂੰ ਜਗ੍ਹਾ ਮਿਲੀ ਹੈ। ਪੂਲ ‘ਸੀ’ ਵਿੱਚ ਕੋਰੀਆ, ਨੀਦਰਲੈਂਡ, ਸਪੇਨ ਅਤੇ ਅਮਰੀਕਾ ਹਨ, ਜਦੋਂ ਕਿ ਪੂਲ ‘ਡੀ’ ਵਿੱਚ ਅਰਜਨਟੀਨਾ, ਮਿਸਰ, ਜਰਮਨੀ ਅਤੇ ਪਾਕਿਸਤਾਨ ਹਨ। ਇੰਟਰਨੈਸ਼ਨਲ ਹਾਕੀ ਫੈਡਰੇਸ਼ਨ (ਐੱਫਆਈਐੱਚ) ਨੇ ਜੂਨੀਅਰ ਪੱਧਰ ਦੇ ਇਨ੍ਹਾਂ ਮੁਕਾਬਲਿਆਂ ਦੇ ਪੂਲਾਂ ਦਾ ਐਲਾਨ 20 ਅਕਤੂਬਰ ਦਿਨ ਬੁੱਧਵਾਰ ਨੂੰ ਕੀਤਾ ਹੈ। ਫਰਾਂਸ ਤੋਂ ਬਾਅਦ ਭਾਰਤੀ ਟੀਮ 25 ਨਵੰਬਰ ਨੂੰ ਕੈਨੇਡਾ ਜਦੋਂ ਕਿ 27 ਨਵੰਬਰ ਨੂੰ ਪੋਲੈਂਡ ਨਾਲ ਭਿੜੇਗੀ।