ਹਿਮਾਚਲ ਪ੍ਰਦੇਸ਼: ਧਰਮਸ਼ਾਲਾ ‘ਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੁੱਖ ਗੇਟ ‘ਤੇ ਖ਼ਾਲਿਸਤਾਨ ਦੇ ਝੰਡੇ ਲੱਗੇ ਅਤੇ ਦੀਵਾਰਾਂ ‘ਤੇ ਲਿਖੇ ਨਾਅਰੇ

ਧਰਮਸ਼ਾਲਾ, 8 ਮਈ – ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਕੰਪਲੈਕਸ ਦੇ ਮੁੱਖ ਗੇਟ ‘ਤੇ ਖ਼ਾਲਿਸਤਾਨ ਦੇ ਝੰਡੇ ਅਤੇ ਦੀਵਾਰਾਂ ‘ਤੇ ਨਾਅਰੇ ਲਿਖੇ ਹੋਏ ਮਿਲੇ। ਇਹ ਝੰਡੇ ਵਿਧਾਨ ਸਭਾ ਕੰਪਲੈਕਸ ਦੇ ਮੁੱਖ ਗੇਟ ਨੰਬਰ ਇਕ ਦੇ ਬਾਹਰ ਲਾਏ ਗਏ ਸਨ। ਜਿਵੇਂ ਹੀ ਪ੍ਰਸ਼ਾਸਨ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਇਹ ਝੰਡੇ ਹਟਾ ਦਿੱਤੇ ਅਤੇ ਨਾਅਰਿਆਂ ‘ਤੇ ਰੰਗ ਫੇਰਿਆ ਗਿਆ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅਕਸਰ ਧਰਮਸ਼ਾਲਾ ‘ਚ ਹੁੰਦਾ ਹੈ। ਕਾਂਗੜਾ ਦੇ ਐੱਸਪੀ ਕੁਸ਼ਲ ਸ਼ਰਮਾ ਨੇ ਕਿਹਾ ਕਿ ਇਹ ਝੰਡੇ ਕੱਲ੍ਹ ਦੇਰ ਰਾਤ ਜਾਂ ਅੱਜ ਤੜਕੇ ਲਾਏ ਗਏ ਹੋਣਗੇ। ‘ਅਸੀਂ ਵਿਧਾਨ ਸਭਾ ਗੇਟ ਤੋਂ ਖ਼ਾਲਿਸਤਾਨ ਝੰਡੇ ਹਟਾ ਦਿੱਤੇ ਹਨ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਅਤੇ ਮਾਮਲਾ ਦਰਜ ਕੀਤਾ ਜਾਵੇਗਾ’।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਛੇਤੀ ਫੜ ਲਿਆ ਜਾਵੇਗਾ। ਉਨ੍ਹਾਂ ਟਵੀਟ ਕਰਕੇ ਕਿਹਾ,”ਮੈਂ ਧਰਮਸ਼ਾਲਾ ਵਿਧਾਨ ਸਭਾ ਕੰਪਲੈਕਸ ਦੇ ਗੇਟ ‘ਤੇ ਰਾਤ ਦੇ ਹਨੇਰੇ ‘ਚ ਲਾਏ ਗਏ ਖ਼ਾਲਿਸਤਾਨ ਝੰਡਿਆਂ ਦੀ ਨਿਖੇਧੀ ਕਰਦਾ ਹਾਂ। ਇੱਥੇ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਹੁੰਦਾ ਹੈ ਅਤੇ ਉਸ ਸਮੇਂ ਇੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੁੰਦੇ ਹਨ। ਇਸ ਦਾ ਲਾਹਾ ਲੈਂਦਿਆਂ ਇਹ ਕਾਇਰਾਨਾ ਹਰਕਤ ਕੀਤੀ ਗਈ ਹੈ ਪਰ ਸਰਕਾਰ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ। ਦੋਸ਼ੀ ਜਿੱਥੇ ਮਰਜ਼ੀ ਹੋਣ, ਉਨ੍ਹਾਂ ਨੂੰ ਛੇਤੀ ਫੜ ਲਿਆ ਜਾਵੇਗਾ। ਇਸ ਘਟਨਾ ਦੇ ਸਾਜ਼ਿਸਘਾੜਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ”। ਸਥਾਨਕ ਵਿਧਾਇਕ ਵਿਸ਼ਾਲ ਨੇਹਰੀਆ ਨੇ ਇਸ ਘਟਨਾ ਨੂੰ ਘਿਣਾਉਣਾ ਅਤੇ ਰਾਤ ਦੇ ਹਨੇਰੇ ‘ਚ ਕੀਤੀ ਗਈ ਕਾਇਰਾਨਾ ਹਰਕਤ ਕਰਾਰ ਦਿੱਤਾ ਹੈ। ਵਿਧਾਇਕ ਨੇ ਕਿਹਾ,”ਅਸੀਂ ਹਿਮਾਚਲ ਪ੍ਰਦੇਸ਼ ਦੇ ਲੋਕ ਅਤੇ ਸਾਰੇ ਭਾਰਤੀ ਕਥਿਤ ਖ਼ਾਲਿਸਤਾਨ ਦੇ ਸਮਰਥਕਾਂ ਦੀ ਕਿਸੇ ਵੀ ਧਮਕੀ ਤੋਂ ਨਹੀਂ ਡਰਦੇ ਹ”। ਕਾਂਗਰਸ ਦੇ ਕੌਮੀ ਸਕੱਤਰ ਸੁਧੀਰ ਸ਼ਰਮਾ ਨੇ ਵੀ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਧਰਮਸ਼ਾਲਾ ਵਿਧਾਨ ਸਭਾ ਦੇ ਬਾਹਰ ਸੀਸੀਟੀਵੀ ਦਾ ਕੰਮ ਨਾ ਕਰਨਾ ਅਤੇ ਉੱਥੇ ਸੁਰੱਖਿਆ ਕਰਮੀਆਂ ਦਾ ਨਾ ਹੋਣਾ ਪ੍ਰਸ਼ਾਸਨ ਤੇ ਸੁਰੱਖਿਆ ਏਜੰਸੀਆਂ ‘ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਹਿਮਾਚਲ ਦੇ ਲੋਕ ਅਜਿਹੀਆਂ ਤਾਕਤਾਂ ਨੂੰ ਸਿਰ ਨਹੀਂ ਉਠਾਉਣ ਦੇਣਗੇ।
ਹਿਮਾਚਲ ‘ਚ ਹਾਈ ਅਲਰਟ, ਪੰਨੂ ਖ਼ਿਲਾਫ਼ ਕੇਸ ਦਰਜ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਕੰਧਾਂ ‘ਤੇ ਖ਼ਾਲਿਸਤਾਨ ਦੇ ਬੈਨਰ ਤੇ ਝੰਡੇ ਲੱਗਣ ਅਤੇ ਦੀਵਾਰਾਂ ‘ਤੇ ਨਾਅਰੇ ਲਿਖੇ ਜਾਣ ਦੇ ਮਾਮਲੇ ‘ਚ ਪੁਲੀਸ ਨੇ ਅਮਰੀਕਾ ਅਧਾਰਿਤ ਸਿੱਖਸ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਯੂਏਪੀਏ ਤੇ ਹੋਰ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ। ਹਿਮਾਚਲ ਤੇ ਨੇੜਲੇ ਸੂਬਿਆਂ ਵਿੱਚ ਖ਼ਾਲਿਸਤਾਨ ਪੱਖੀ ਗਤੀਵਿਧੀਆਂ ਵਧਣ ‘ਤੇ ਸੂਬਾ ਪੁਲੀਸ ਮੁਖੀ ਨੇ ਰਾਜ ਦੇ ਬਾਰਡਰ ‘ਸੀਲ’ ਕਰਨ ਦਾ ਹੁਕਮ ਦਿੱਤਾ ਹੈ। ਰਾਜ ਵਿੱਚ ਹਾਈ ਅਲਰਟ ਜਾਰੀ ਕਰਕੇ ਸਾਰੀਆਂ ਅੰਤਰ-ਰਾਜੀ ਹੱਦਾਂ ਦੀ ਕਰੜੀ ਨਿਗਰਾਨੀ ਕੀਤੀ ਜਾ ਰਹੀ ਹੈ। ਪੂਰੇ ਰਾਜ ਵਿੱਚ ਸੰਵੇਦਨਸ਼ੀਲ ਤੇ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।