ਹੈਮਿਲਟਨ ਦੀ ਸਹਾਇਕ ਫਿੰਗਰਪ੍ਰਿੰਟ ਅਫ਼ਸਰ ਅੰਜਲੀ ਮੁਲਾਰੀ ਦੀ ਦੱਖਣੀ ਅਫ਼ਰੀਕਾ ਦੇ ਕੇਪਟਾਊਨ ‘ਚ ਹੋਣ ਵਾਲੀ ਆਈਸ ਹਾਕੀ ਵਰਲਡ ਚੈਂਪੀਅਨਸ਼ਿਪ ਲਈ ਚੁਣਿਆ ਗਿਆ

ਆਕਲੈਂਡ, 3 ਫਰਵਰੀ – ਹੈਮਿਲਟਨ ਦੀ ਸਹਾਇਕ ਫਿੰਗਰਪ੍ਰਿੰਟ ਅਫ਼ਸਰ ਅੰਜਲੀ ਮੁਲਾਰੀ ਨੂੰ ਦੱਖਣੀ ਅਫ਼ਰੀਕਾ ਦੇ ਕੇਪਟਾਊਨ ‘ਚ ਹੋਣ ਵਾਲੀ ਆਈਸ ਵਰਲਡ ਚੈਂਪੀਅਨਸ਼ਿਪ ਵਿੱਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦਸੰਬਰ ਵਿੱਚ ਅੰਜਲੀ ਮੁਲਾਰੀ ਨੂੰ ਨਿਊਜ਼ੀਲੈਂਡ ਦੀ ਮਹਿਲਾ ਆਈਸ ਹਾਕੀ ਟੀਮ (ਆਈਸ ਫਰਨਜ਼) ਵਿੱਚ ਸ਼ਾਮਲ ਕੀਤਾ ਗਿਆ ਸੀ।
ਆਈਸ ਫਰਨਜ਼ ਇਸੇ ਮਹੀਨੇ ਦੀ 20 ਤੋਂ 26 ਫਰਵਰੀ ਤੱਕ ਦੱਖਣੀ ਅਫ਼ਰੀਕਾ ਦੇ ਕੇਪਟਾਊਨ ‘ਚ ਹੋਣ ਵਾਲੀ ਆਈਆਈਐਚਐਫ ਵੁਮੈਨਜ਼ ਵਰਲਡ ਆਈਸ ਹਾਕੀ ਚੈਂਪੀਅਨਸ਼ਿਪ ਡਿਵੀਆਈਬੀ (Div) IIB ‘ਚ ਜਾਣ ਲਈ ਤਿਆਰ ਹੈ। ਜਿਸ ਵਿੱਚ ਨਿਊਜ਼ੀਲੈਂਡ ਦੀ ਆਈਸ ਫਰਨਜ਼ ਟੀਮ ਦੇ ਨਾਲ ਆਸਟਰੇਲੀਆ, ਬੈਲਜੀਅਮ, ਕੋਰੇਸ਼ੀਆ, ਦੱਖਣੀ ਅਫ਼ਰੀਕਾ ਅਤੇ ਤੁਰਕੀ ਦੀਆਂ ਟੀਮਾਂ ਸ਼ਾਮਿਲ ਹਨ। ਨਿਊਜ਼ੀਲੈਂਡ ਆਪਣੇ ਮੈਚਾਂ ਦੀ ਸ਼ੁਰੂਆਤ 20 ਫਰਵਰੀ ਨੂੰ ਆਸਟਰੇਲੀਆ ਤੋਂ ਕਰੇਗੀ, ਉਸ ਤੋਂ ਬਾਅਦ 21 ਫਰਵਰੀ ਨੂੰ ਤੁਰਕੀ, 23 ਫਰਵਰੀ ਨੂੰ ਮੇਜ਼ਬਾਨ ਦੱਖਣੀ ਅਫ਼ਰੀਕਾ, 24 ਫਰਵਰੀ ਨੂੰ ਬੈਲਜੀਅਮ ਅਤੇ 26 ਫਰਵਰੀ ਨੂੰ ਕੋਰੇਸ਼ੀਆ ਨਾਲ ਭਿੜੇਗੀ।
ਨਿਊਜ਼ੀਲੈਂਡ ਦਾ ਵਰਲਡ ਰੈਂਕਿੰਗ ‘ਚ ਪਿਛਲੇ ਸਾਲਾਂ ਵਿੱਚ 24ਵੇਂ ਅਤੇ 31ਵੇਂ ਸਥਾਨ ਦੇ ਵਿਚਕਾਰ ਉਤਰਾਅ-ਚੜ੍ਹਾਅ ਆਇਆ ਹੈ, Div II ਅੰਤਰਰਾਸ਼ਟਰੀ ਮਹਿਲਾ ਆਈਸ ਹਾਕੀ ਦੇ ਕਈ ਡਵੀਜ਼ਨਾਂ ਵਿੱਚੋਂ ਇੱਕ ਹੈ।
ਅੰਜਲੀ ਨੇ ਹੈਮਿਲਟਨ ‘ਚ 2005 ਵਿੱਚ ਇਨਲਾਈਨ ਹਾਕੀ ਖੇਡਣਾ ਸ਼ੁਰੂ ਕੀਤਾ ਜਦੋਂ ਉਹ 12 ਸਾਲ ਦੀ ਸੀ ਅਤੇ 16 ਸਾਲ ਦੀ ਉਮਰ ‘ਚ ਆਈਸ ਹਾਕੀ ਵਿੱਚ ਚਲੀ ਗਈ, ਜਿਸ ਦਾ ਮਤਲਬ ਸਿਖਲਾਈ ਅਤੇ ਖੇਡਾਂ ਲਈ ਹਰ ਹਫ਼ਤੇ ਆਕਲੈਂਡ ਜਾਣਾ ਸੀ। ਅੰਜਲੀ ਮੁਲਾਰੀ ਨੇ ਜਲਦੀ ਹੀ ਨਿਊਜ਼ੀਲੈਂਡ ਆਈਸ ਫਰਨਜ਼ ‘ਚ ਥਾਂ ਬਣਾ ਲਈ ਅਤੇ 2011 ‘ਚ ਆਈਸਲੈਂਡ ਵਿੱਚ ਆਪਣੇ ਪਹਿਲੇ IIHF ਵਰਲਡ ਚੈਂਪੀਅਨਜ਼ ਵਿੱਚ ਹਿੱਸਾ ਲਿਆ।
ਅੰਜਲੀ ਮੁਲਾਰੀ ਨੇ ਕੁੱਲ ਅੱਠ ਵਰਲਡ ਚੈਂਪੀਅਨਸ਼ਿਪ ਟੂਰਨਾਮੈਂਟਾਂ ‘ਚ ਭਾਗ ਲਿਆ ਹੈ। 2016 ‘ਚ ਉਸ ਨੇ ਨਿਊਜ਼ੀਲੈਂਡ ਲਈ ‘ਬੈੱਸਟ ਪਲੇਅਰ’ ਦਾ ਐਵਾਰਡ ਪ੍ਰਾਪਤ ਕੀਤਾ ਅਤੇ ਉਸ ਨੂੰ 2017 ‘ਚ IIHF ਵਰਲਡ ਚੈਂਪੀਅਨਸ਼ਿਪ Div IIB ਦੀ ‘ਬੈੱਸਟ ਫਾਰਵਰਡ’ ਚੁਣਿਆ ਗਿਆ।
ਇੱਕ ਵਾਰੀ ‘ਚ ਬਰਫ਼ ਦੇ ਮੈਦਾਨ ‘ਤੇ ਪ੍ਰਤੀ ਟੀਮ ਸਿਰਫ਼ ਪੰਜ ਸਕੇਟਰ ਅਤੇ ਇੱਕ ਗੋਲ-ਕੀਪਰ ਖੇਡ ਦੇ ਹਨ ਅਤੇ ਉਹ ਹਰ ਮਿੰਟ ਜਾਂ ਇਸ ਤੋਂ ਵੱਧ ਸਮੇਂ ‘ਚ ਬੈਂਚ ‘ਤੇ ਬੈਠੇ ਖਿਡਾਰੀਆਂ ਦੇ ਨਾਲ ਬਦਲੇ ਜਾਂਦੇ ਹਨ। ਇਹ ਇੱਕ ਉੱਚ-ਤੀਬਰਤਾ ਵਾਲੀ ਸੰਪਰਕ ਖੇਡ ਹੈ ਜਿਸ ਵਿੱਚ ਪ੍ਰਤੀ ਟੀਮ 18-20 ਖਿਡਾਰੀ ਹੁੰਦੇ ਹਨ। ਅੰਜਲੀ ਹਮੇਸ਼ਾ ਵਿੰਗ ਪੁਜ਼ੀਸ਼ਨ ਅਤੇ ਸੈਂਟਰ ਦੇ ਵਿਚਕਾਰ ਬਾਰ-ਬਾਰੀ ਫਾਰਵਰਡ ਰਹੀ ਹੈ।
ਅੰਜਲੀ ਨੇ ਆਪਣੇ ਪਤੀ ਸ਼ੈਟੀ ਨਾਲ ਪਰਿਵਾਰ ਸ਼ੁਰੂ ਕਰਨ ਲਈ ਖੇਡ ‘ਚੋਂ ਕੁੱਝ ਸਾਲ ਕੱਢੇ, ਘਰ ‘ਚ ਉਨ੍ਹਾਂ ਦੀ ਤਿੰਨ ਸਾਲ ਦੀ ਧੀ ਅਤੇ ਇੱਕ ਸਾਲ ਦਾ ਪੁੱਤਰ ਹੈ। ਅੰਜਲੀ ਇਸ ਵੇਲੇ ਫਿੰਗਰਪ੍ਰਿੰਟ ਅਫ਼ਸਰ ਬਣਨ ਦੀ ਸਿਖਲਾਈ ਲੈ ਰਹੀ ਹੈ। ਉਸ ਨੇ ਕਿਹਾ ਕਿ, “ਮੈਂ ਪੰਜ ਵਿੱਚੋਂ ਦੂਜੇ ਸਾਲ ਵਿੱਚ ਹਾਂ। ਮੈਂ ਹੈਮਿਲਟਨ ਸੈਂਟਰਲ ਪੁਲਿਸ ਸਟੇਸ਼ਨ ਵਿੱਚ ਹਾਂ ਅਤੇ ਮੈਨੂੰ ਆਪਣੀ ਨੌਕਰੀ ਬਿਲਕੁਲ ਪਸੰਦ ਹੈ’।
ਅੰਜਲੀ ਨੇ ਫੋਰੈਂਸਿਕ ਸਾਇੰਸ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਪੂਰਾ ਕਰਦੇ ਹੋਏ 2016 ‘ਚ ਨੌਰਥ ਐਮਰਜੈਂਸੀ ਕਮਸ ਸੈਂਟਰ ਵਿੱਚ ਇੱਕ ਐਮਰਜੈਂਸੀ ਕਮਿਊਨੀਕੇਟਰ ਵਜੋਂ ਪੁਲਿਸ ਨਾਲ ਸ਼ੁਰੂਆਤ ਕੀਤੀ।
ਅੰਜਲੀ ਨੇ ਕਿਹਾ, ‘ਆਈਸ ਹਾਕੀ ਨੇ ਮੈਨੂੰ ਆਪਣੇ ਸਭ ਤੋਂ ਚੰਗੇ ਦੋਸਤਾਂ ਨਾਲ ਦੁਨੀਆ ਦੀ ਯਾਤਰਾ ਕਰਨ ਦਾ ਮੌਕਾ ਦਿੱਤਾ ਹੈ, ਜੋ ਮੈਨੂੰ ਪਸੰਦ ਹੈ। ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਨ ਵਾਲੀ ਟੀਮ ‘ਚ ਵਾਪਸ ਆਉਣਾ ਇੱਕ ਸ਼ਾਨਦਾਰ ਸਨਮਾਨ ਹੈ’।
ਅੰਜਲੀ ਆਪਣੇ ਪਤੀ ਸ਼ੈਟੀ ਨੂੰ ਉਸ ਦੀ ਹਮਾਇਤ ਕਰਨ ਲਈ ਕ੍ਰੈਡਿਟ ਦਿੰਦੀ ਹੈ ਜੋ ਉਸ ਨੂੰ ਆਪਣਾ ਸਿਖਲਾਈ ਜਾਰੀ ਰੱਖ ਦੇ ਯੋਗ ਬਣਾਉਂਦਾ ਹੈ। ਕਿਉਂਕਿ ਆਈਸ ਹਾਕੀ ਨਿਊਜ਼ੀਲੈਂਡ ‘ਚ ਇੱਕ ਛੋਟੀ ਜਿਹੀ ਖੇਡ ਹੈ, ਇਹ ਸਵੈ-ਫ਼ੰਡਿਡ ਹੈ, ਜਿਸ ਦਾ ਅਰਥ-ਭਾਵ ਹਰੇਕ ਖਿਡਾਰੀ ਨੂੰ ਦੱਖਣੀ ਅਫ਼ਰੀਕਾ ‘ਚ ਹੋਣ ਵਾਲੇ ਵਰਲਡ ਕੱਪ ਵਿੱਚ ਹਿੱਸਾ ਲੈਣ ਲਈ ਆਪਣੇ ਕੋਲੋਂ $4500 ਦਾ ਭੁਗਤਾਨ ਕਰਨਾ ਹੈ।
ਅੰਜਲੀ ਕਹਿੰਦੀ ਹੈ, “ਜਦੋਂ ਮੈਂ ਟਰੇਨਿੰਗ ਅਤੇ ਯਾਤਰਾ ਕਰਦੀ ਹਾਂ ਤਾਂ ਸ਼ੈਟੀ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਰਿਹਾ ਹੈ’। ਉਹ ਕਹਿੰਦੀ ਹੈ, “ਮੈਂ 13 ਫਰਵਰੀ ਨੂੰ ਦੱਖਣੀ ਅਫ਼ਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਜਿੰਨਾ ਸੰਭਵ ਹੋ ਸਕੇ ਜਿੰਮ ਜਾਣ ਦੀ ਕੋਸ਼ਿਸ਼ ਕਰ ਰਹੀ ਹਾਂ’।