ਗ਼ਦਰੀ ਬਾਬਿਆਂ ਦੇ ਮੇਲੇ ਨੇ ਦਿੱਤਾ ਸੰਘਰਸ਼ ਜਾਰੀ ਰੱਖਣ ਦਾ ਹੋਕਾ

ਦੁਨੀਆ ‘ਚ ਸਰਵੋਤਮ ਸਥਾਨ ਹੈ ਕਿਸਾਨ ਅੰਦੋਲਨ ਦਾ:ਪੀ. ਸਾਈਨਾਥ
*ਭਗਤ ਸਿੰਘ ਝੁੰਗੀਆਂ ਨੇ ਕੀਤੀ ਝੰਡਾ ਲਹਿਰਾਉਣ ਦੀ ਰਸਮ
ਜਲੰਧਰ, 1 ਨਵੰਬਰ –
ਬੱਬਰ ਅਕਾਲੀ ਲਹਿਰ ਅਤੇ ਕਿਸਾਨ ਅੰਦੋਲਨ ਦਾ ਸੰਗਮ ਬਣ ਕੇ ਲੋਕ ਮਨਾਂ ‘ਤੇ ਛਾ ਗਿਆ ਮੇਲਾ ਗ਼ਦਰੀ ਬਾਬਿਆਂ ਦਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਭਗਤ ਸਿੰਘ ਝੁੰਗੀਆਂ ਨੇ ਆਜ਼ਾਦੀ ਜੱਦੋ ਜਹਿਦ ‘ਚ ਵਿਲੱਖਣ ਭੂਮਿਕਾ ਅਦਾ ਕਰਨ ਵਾਲੀ ਗ਼ਦਰ ਪਾਰਟੀ ਦਾ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ, ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਖ਼ਜ਼ਾਨਚੀ ਰਣਜੀਤ ਸਿੰਘ ਔਲਖ ਅਤੇ ਸਮੂਹ ਕਮੇਟੀ ਮੈਂਬਰ ਸ਼ਾਮਲ ਸਨ।
ਭਗਤ ਸਿੰਘ ਝੁੰਗੀਆਂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਲੋਕਾਂ ਨੇ ਜੀਵਨ ‘ਚ ਖ਼ੁਸ਼ਹਾਲੀ ਅਤੇ ਬਰਾਬਰੀ ਲਿਆਉਣ ਲਈ ਜਿਨ੍ਹਾਂ ਦੇਸ਼ ਭਗਤਾਂ ਨੇ ਕੁਰਬਾਨੀਆਂ ਕੀਤੀਆਂ, ਉਨ੍ਹਾਂ ਦੀ ਲੋਅ ਮੱਠੀ ਨਾ ਪੈਣ ਦੇਣੀ।
ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਮੇਲੇ ਦੀ ਇਤਿਹਾਸਕ ਪ੍ਰਸੰਗਕਤਾ ਬਾਰੇ ਗੱਲ ਕਰਦਿਆਂ ਸਭ ਨੂੰ ਜੀ ਆਇਆਂ ਕਿਹਾ। ਕਮੇਟੀ ਪ੍ਰਧਾਨ ਅਜਮੇਰ ਸਿੰਘ ਨੇ ਵਿਸ਼ੇਸ਼ ਕਰਕੇ ਭਰੇ ਪੰਡਾਲ ਅੱਗੇ ਜਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਕਰਨ ਲਈ ਹੁਣ ਤੱਕ ਕਮੇਟੀ ਦੀ ਅਗਵਾਈ ‘ਚ ਕੀਤੀਆਂ ਸਰਗਰਮੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਸ਼ਟਰਪਤੀ, ਗਵਰਨਰ, ਮੁੱਖ ਮੰਤਰੀ ਅਤੇ ਜਲ੍ਹਿਆਂਵਾਲਾ ਬਾਗ਼ ਟਰੱਸਟ ਦੇ ਮੁਖੀਆਂ ਵੱਲੋਂ ਜਰਾ ਵੀ ਹੁੰਗਾਰਾ ਨਾ ਭਰਨ ਕਾਰਨ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਚੰਡੀਗੜ੍ਹ ਵਿਖੇ ਕਨਵੈੱਨਸ਼ਨ ਕਰਕੇ ਰੋਸ ਵਿਖਾਵਾ ਕੀਤਾ ਜਾਵੇਗਾ।
ਕਮੇਟੀ ਦੇ ਖ਼ਜ਼ਾਨਚੀ ਰਣਜੀਤ ਸਿੰਘ ਔਲਖ ਨੇ ਮਤੇ ਪੇਸ਼ ਕੀਤੇ ਜਿਨ੍ਹਾਂ ਨੂੰ ਲੋਕਾਂ ਨੇ ਹੱਥ ਖੜ੍ਹੇ ਕਰਕੇ ਪਾਸ ਕਰਦਿਆਂ ਜਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਕਰਨ, ਲਖੀਮਪੁਰ ਕਤਲ ਕਾਂਡ ਦੇ ਦੋਸ਼ੀਆਂ ‘ਤੇ ਕਾਰਵਾਈ ਕਰਨ, ਕਿਰਤ ਕਾਨੂੰਨਾਂ ‘ਚ ਸੋਧਾਂ ਰੱਦ ਕਰਨ, 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਕੁਦਰਤੀ ਆਫ਼ਤਾਂ ਦਾ ਸ਼ਿਕਾਰ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ, ਬੁੱਧੀਜੀਵੀਆਂ ਨੂੰ ਰਿਹਾਅ ਕਰਨ, ਮਾਤ ਭਾਸ਼ਾਵਾਂ ‘ਤੇ ਕੀਤਾ ਹਮਲਾ ਬੰਦ ਕਰਨ ਅਤੇ ਪੰਜਾਬ ਅੰਦਰ ਬੀ.ਐੱਸ.ਐਫ਼ ਦਾ ਵਧਾਇਆ ਅਧਿਕਾਰ ਘੇਰਾ ਰੱਦ ਕਰਨ ਦੀ ਮੰਗ ਕੀਤੀ ਗਈ।
ਮੇਲੇ ‘ਚ ਕਮੇਟੀ ਵੱਲੋਂ ਸੋਵੀਨਰ ਅਤੇ ਪੁਸਤਕ ‘ਕਿਰਤੀ ਪਾਰਟੀ’ (ਮੂਲ ਕ੍ਰਿਤ ਚੈਨ ਸਿੰਘ ਚੈਨ ਅਤੇ ਸੰਪਾਦਕ ਚਰੰਜੀ ਲਾਲ ਕੰਗਣੀਵਾਲ) ਲੋਕ ਅਰਪਣ ਕੀਤੇ ਗਏ।
ਮੇਲੇ ਦਾ ਯਾਦਗਾਰੀ ਆਕਰਸ਼ਣ ਹੋ ਨਿੱਬੜਿਆਂ ਅਮੋਲਕ ਸਿੰਘ ਦਾ ਲਿਖਿਆ, ਸੱਤਪਾਲ ਪਟਿਆਲਾ ਦਾ ਨਿਰਦੇਸ਼ਤ, ਪੰਜਾਬ ਦੀਆਂ ਦਰਜਨ ਤੋਂ ਵੱਧ ਨਾਟ ਮੰਡਲੀਆਂ ਦੇ 100 ਤੋਂ ਵੱਧ ਕਲਾਕਾਰਾਂ ਵੱਲੋਂ ਪੇਸ਼ ਕੀਤਾ ਓਪੇਰਾ ਨਾਟ ‘ਵਕਤ ਦੀ ਆਵਾਜ਼’ ਝੰਡੇ ਦਾ ਗੀਤ। ਬੱਬਰ ਅਕਾਲੀ ਲਹਿਰ, ਕਿਸਾਨ ਸੰਘਰਸ਼ ਦੀ ਇਤਿਹਾਸਿਕਤਾ ਅਤੇ ਜਲ੍ਹਿਆਂਵਾਲਾ ਬਾਗ਼ ਦੇ ਮੂਲ ਸਰੂਪ ਨਾਲ ਛੇੜਛਾੜ, ਮੁਲਕ ਦੇ ਕੁੰਜੀਵਤ ਅਦਾਰਿਆਂ ਨੂੰ ਦੇਸੀ-ਵਿਦੇਸ਼ੀ ਕੰਪਨੀਆਂ ਵੱਲੋਂ ਜੱਫ਼ਾ ਮਾਰਨ ਖ਼ਿਲਾਫ਼ ਸੰਘਰਸ਼ ਦਾ ਹੋਕਾ ਦੇਣ ‘ਚ ਸਫਲ ਰਿਹਾ ਝੰਡੇ ਦਾ ਗੀਤ।
ਪੀ. ਸਾਈਨਾਥ ਨੇ ਮੇਲੇ ਅੰਦਰ ਵਿਸ਼ੇਸ਼ ਮਹਿਮਾਨ ਬੁਲਾਰੇ ਵਜੋਂ ਸ਼ਿਰਕਤ ਕੀਤੀ। ਵਿਸ਼ਵ ਵਿੱਚ ਆਪਣੀ ਵਿਲੱਖਣ ਪੱਤਰਕਾਰੀ ਅਤੇ ਚਿੰਤਨ ਲਈ ਪ੍ਰਸਿੱਧ ‘ਏਵਰਬਾੱਡੀ ਲਵਜ਼ ਏ ਗੁੱਡ ਡਰੋਟ’ ਦੇ ਲੇਖਕ ਪੀ. ਸਾਈਨਾਥ ਦੀ ਦਰਸ਼ਕਾਂ ਨਾਲ ਜਾਣ-ਪਛਾਣ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਨੇ ਕਰਵਾਈ। ਪੀ. ਸਾਈਨਾਥ ਨੇ ਆਪਣੇ ਦਿਲਚਸਪ ਅਤੇ ਵਿਚਾਰ ਉਤੇਜਕ ਭਾਸ਼ਣ ਵਿੱਚ ਆਜ਼ਾਦੀ ਸੰਗਰਾਮ ਦੇ ਸਮੇਂ ਦੀਆਂ ਦੋ ਵਿਰਾਸਤਾਂ ਦੀ ਤੁਲਨਾ ਕਰਦਿਆਂ ਕਿਹਾ ਕਿ ਹਿੰਦੂਵਾਦੀ ਸਾਵਰਕਰ ਉਸ ਬੁਜ਼ਦਿਲ ਧਾਰਾ ਦਾ ਪ੍ਰਤੀਨਿੱਧ ਸੀ, ਜੋ ਆਪਣੀ ਮਾਫ਼ੀ ਦੇ ਇਵਜ਼ ਵਿੱਚ ਅੰਗਰੇਜ਼ਾਂ ਲਈ ਕੁੱਝ ਵੀ ਕਰਨ ਨੂੰ ਤਿਆਰ ਸੀ, ਜਦਕਿ ਭਗਤ-ਸਰਾਭੇ ਵਾਲੀ ਵਿਰਾਸਤ ਵਿੱਚ ਇਨਕਲਾਬੀ ਗੀਤ ਗਾਉਂਦੇ ਫਾਂਸੀ ਦੇ ਰੱਸੇ ਨੂੰ ਚੁੰਮਦੇ ਸਨ। ਉਨ੍ਹਾਂ ਮੁਲਕ ਵਿੱਚ ਅੱਤ ਦੀ ਆਰਥਿਕ ਨਾਬਰਾਬਰੀ ਦੇ ਅੰਕੜੇ ਦਿੰਦਿਆਂ ਕਿਸਾਨ ਦੀ ਹਾਲਤ ਨੂੰ ਬਿਆਨ ਕੀਤਾ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਪਹਿਲਾਂ ਹੀ ਤਬਾਹ ਹੋ ਰਹੀ ਕਿਸਾਨੀ ਨੂੰ ਮੂਲੋਂ ਖ਼ਤਮ ਕਰ ਦੇਣ ਵਾਲੇ ਹਨ। ਅਜੋਕਾ ਕਿਸਾਨ ਅੰਦੋਲਨ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਹੈ, ਜਿਸ ਵਿੱਚ ਕਿਸਾਨ ਸਾਡੇ ਸਾਰਿਆਂ ਦੀ ਲੜਾਈ ਲੜ ਰਹੇ ਹਨ। ਅਖੀਰ ਵਿੱਚ ਉਨ੍ਹਾਂ ਸਵਾਮੀਨਾਥਨ ਕਮਿਸ਼ਨ ਤੋਂ ਵੀ ਅੱਗੇ ਜਾ ਕੇ ਇੱਕ ਕਿਸਾਨ ਕਮਿਸ਼ਨ ਦੀ ਸਥਾਪਨਾ ਦਾ ਸੱਦਾ ਦਿੱਤਾ, ਜੋ ਕਿਸਾਨਾਂ ਦਾ, ਕਿਸਾਨਾਂ ਲਈ ਤੇ ਕਿਸਾਨਾਂ ਦੁਆਰਾ ਸੰਚਾਲਿਤ ਹੋਣਾ ਚਾਹੀਦਾ ਹੈ। ਉਨ੍ਹਾਂ ਦੇਸ਼ ਭਗਤ ਯਾਦਗਾਰ ਹਾਲ ਨੂੰ ਸੁਤੰਤਰਤਾ ਸੰਗਰਾਮ ਨਾਲ ਜੁੜੀ ਵਿਰਾਸਤ ਆਖਦਿਆਂ, ਇਸ ਨੂੰ ਸਿੱਜਦਾ ਕੀਤਾ।
ਚੰਡੀਗੜ੍ਹ ਸਕੂਲ ਆਫ਼ ਡਰਾਮਾ ਵੱਲੋਂ ਇਕੱਤਰ ਦੀ ਨਿਰਦੇਸ਼ਨਾ ‘ਚ ਗੁਰਸ਼ਰਨ ਭਾਜੀ ਦਾ ਬੱਬਰ ਅਕਾਲੀ ਲਹਿਰ ਬਾਰੇ ਲਿਖਿਆ ਨਾਟਕ ‘ਸੀਸ ਤਲੀ ਤੇ’ ਖੇਡਿਆ ਗਿਆ।
ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਧਰਮਿੰਦਰ ਮਸਾਣੀ ਤੋਂ ਇਲਾਵਾ ਆਲੋਵਾਲ ਤੋਂ ਆਏ ਜੱਥੇ ਨੇ ਬੱਬਰਾਂ ਦੇ ਪ੍ਰਸੰਗ ਪੇਸ਼ ਕੀਤੇ। ਦਿਨ ਦੀ ਸਟੇਜ ਦਾ ਮੰਚ ਸੰਚਾਲਨ ਅਮੋਲਕ ਸਿੰਘ ਅਤੇ ਹਰਵਿੰਦਰ ਭੰਡਾਲ ਨੇ ਕੀਤਾ।
ਜਾਰੀ ਕਰਤਾ: ਅਮੋਲਕ ਸਿੰਘ
ਕਨਵੀਨਰ, ਸਭਿਆਚਾਰਕ ਵਿੰਗ
ਮੋਬਾਈਲ : + 91 98778-68710