10ਵੇਂ ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲੇ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ

ਸਰੀ, 27 ਅਪ੍ਰੈਲ (ਹਰਦਮ ਮਾਨ) – 10ਵੇਂ ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲੇ ਦਾ ਸਮਾਪਤੀ ਸਮਾਰੋਹ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਵਿਚ ਹੋਇਆ ਜਿਸ ਵਿਚ ਕਲਾ ਫਿਲਮ ਪ੍ਰੇਮੀਆਂ, ਵਿਦਵਾਨਾਂ ਅਤੇ ਫਿਲਮ ਖੇਤਰ ਨਾਲ ਸੰਬੰਧਤ ਸ਼ਖ਼ਸੀਅਤਾਂ ਨੇ ਭਾਗ ਗਿਆ।
ਸਮਾਰੋਹ ਵਿਚ ਪੁੱਜੀਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਫਿਲਮ ਮੇਲੇ ਦੇ ਨਿਰਦੇਸ਼ਕ ਨਵਲਪ੍ਰੀਤ ਰੰਗੀ ਨੇ ਇਸ ਮੇਲੇ ਵਿਚ ਦਿਖਾਈਆਂ ਪੰਜਾਬੀ ਲਘੂ ਫਿਲਮਾਂ ਅਤੇ ਡਾਕੂਮੇਂਟਰੀ ਫਿਲਮਾਂ ਬਾਰੇ ਦੱਸਿਆ ਅਤੇ ਕਿਹਾ ਕਿ ਕਲਾ ਨਾਲ ਪ੍ਰੇਮ ਕਰਨ ਵਾਲੇ ਦਰਸ਼ਕਾਂ ਨੇ ਇਸ ਮੇਲੇ ਨੂੰ ਭਰਪੂਰ ਹੁੰਗਾਰਾ ਦਿੱਤਾ। ਇਸ ਮੇਲੇ ਵਿਚ ਐੜੇ ਤੋਂ ਐੜੇ ਤੱਕ, ਕਸੌਲੀ ਵਾਲਾ ਘਰ, ਵਿਰਲਾ, ਛੋਟਾ ਸਰਦਾਰ, ਮੁਕਤੀ, ਵਾਘਿਓਂ ਪਾਰ, ਡਰ, ਦੁਮੇਲ, ਸੱਚਾ ਪਿਆਰ, ਨਵਾਂ ਰੁਭ, ਆਖਰੀ ਫਸਲ ਅਤੇ ਹੋਰ ਕਈ ਲਘੂ ਫਿਲਮਾਂ ਦਿਖਾਈਆਂ ਗਈਆਂ। ਇਸ ਮੌਕੇ ਲਹਿੰਦੇ ਪੰਜਾਬ ਦੇ ਵਿਦਵਾਨ ਰਾਣਾ ਅਹਿਮਦ ਨੇ ਪੰਜਾਬੀ ਫਿਲਮਾਂ ਦੇ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਲਹਿੰਦੇ ਪੰਜਾਬ ਦੀ ‘ਮੌਲਾ ਜੱਟ’ ਅਤੇ ਚੜ੍ਹਦੇ ਪੰਜਾਬ ਦੀ ‘ਜੀ ਆਇਆਂ ਨੂੰ’ ਫਿਲਮ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਮੌਜੂਦਾ ਪੱਧਰ ਤੇ ਪੁਚਾਉਣ ਵਿਚ ਮਹੱਤਵਪੂਰਨ ਰੋਲ ਅਦਾ ਕੀਤਾ। ਉਨ੍ਹਾਂ ਤਾਜ਼ਾ ਸਥਿਤੀ ਦੀ ਗੱਲ ਕਰਦਿਆਂ ਕਿਹਾ ਕਿ ਲਹਿੰਦੇ ਪੰਜਾਬ ਵਿਚ ਤਾਂ ਪੰਜਾਬੀ ਫਿਲਮ ਇੰਡਸਟਰੀ ਮਾਯੂਸੀ ਦੇ ਆਲਮ ਵਿਚ ਹੈ ਅਤੇ ਦੂਜੇ ਪਾਸੇ ਚੜ੍ਹਦੇ ਪੰਜਾਬ ਦੀਆਂ ਪੰਜਾਬੀ ਫਿਲਮਾਂ ਗਾਇਕਾਂ ਅਤੇ ਕਮੇਡੀਅਨਾਂ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ। ਮੰਚ ਸੰਚਾਲਕ ਮੋਹਨ ਗਿੱਲ, ਬਲਦੇਵ ਸਿੰਘ ਬਾਠ, ਡਾ. ਪ੍ਰਿਥੀਪਾਲ ਸਿੰਘ ਸੋਹੀ, ਹਰਿੰਦਰ ਕੌਰ ਸੋਹੀ, ਡਾ. ਰਿਸ਼ੀ ਸਿੰਘ, ਐਸ. ਅਸ਼ੋਕ ਭੌਰਾ, ਇੰਦਰਜੀਤ ਬੈਂਸ, ਪ੍ਰਭਜੋਤ ਕੌਰ ਪਰਮਾਰ, ਦੇਵ ਢਿੱਲੋਂ, ਬਲਜੀਤ, ਸਰਬਜੀਤ ਕੌਰ, ਹਰਮਨ ਸਿੰਘ ਪੰਧੇਰ, ਸਿਮਰਨ, ਤਨਰੋਜ਼, ਰਾਜਿੰਦਰ ਸਿੰਘ ਪੰਧੇਰ, ਜਰਨੈਲ ਸਿੰਘ ਆਰਟਿਸਟ, ਜਰਨੈਲ ਸਿੰਘ ਸੇਖਾ ਅਤੇ ਗਾਇਕ ਸ਼ੀਰਾ ਜਸਵੀਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਵਲਪ੍ਰੀਤ ਰੰਗੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੇਲੇ ਦੌਰਾਨ ਜਰਨੈਲ ਸਿੰਘ ਆਰਟਿਸਟ ਵੱਲੋਂ ਛੇ ਦਿਨਾਂ ਚਿੱਤਰ ਪ੍ਰਦਰਸ਼ਨੀ ਲਾਈ ਗਈ। ਵਿਸਾਖੀ ਤੇ ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਇਸ ਪ੍ਰਦਰਸ਼ਨੀ ਵਿਚ 12 ਚਿਤਰਕਾਰਾਂ ਨੇ ਆਪਣੀ ਕਲਾ ਰਾਹੀਂ ਬਹੁਪੱਖੀ ਤੇ ਵੱਖ ਵੱਖ ਵਿਸ਼ਾ ਵਸਤੂ ਚਿੱਤਰਾਂ ਦਾ ਪ੍ਰਦਰਸ਼ਨ ਕੀਤਾ। ਚਿਤਰਕਾਰ ਜਰਨੈਲ ਸਿੰਘ ਦੇ ਹਰਮਨ ਪਿਆਰੇ ਪੰਜਾਬੀ ਸਭਿਆਚਾਰ ਦੇ ਚਿਤਰ, ਸਿੱਖ ਇਤਿਹਾਸ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਨਦਾਰ ਦਰਬਾਰ ਦੀ ਮੂੰਹੋਂ ਬੋਲਦੀ ਪੇਸ਼ਕਾਰੀ ਦਰਸ਼ਕਾਂ ਦੀ ਖਿZਚ ਦਾ ਕੇਂਦਰ ਰਹੀ।
ਚਿੱਤਰ ਪ੍ਰਦਰਸ਼ਨੀ ਵਿਚ ਬਲਜੀਤ ਕੌਰ ਦੇ ਭਾਰਤੀ ਨਾਰੀ ਦੇ ਵੱਖੋ ਵੱਖਰੇ ਮਨੋਭਾਵਾ, ਨੀਤੀ ਸਿੰਘ ਦੇ ਪੋਰਟਰੇਟ ਚਿਤਰਣ ਦੀ ਬਹੁਤ ਉਤਮ ਪੇਸ਼ਕਾਰੀ ਅਤੇ ਜੇ ਪਨੇਸਰ ਦਾ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੀ ਫੋਟੋ ਵਿਚ ਬਹੁਤ ਹੀ ਨਿਵੇਕਲਾ ਦ੍ਰਿਸ਼ ਰਵਾਇਤੀ ਪੇਸ਼ਕਾਰੀ ਤੋਂ ਬਿਲਕੁਲ ਵੱਖਰਾ ਸੀ। ਬਿੰਦੂ ਮਠਾਰੂ ਦੇ ਚਿਤਰ ਗੁਰਬਾਣੀ ਦੀ ਅੱਖਰਕਾਰੀ ਖੂਬਸੂਰਤ ਸੁਹਾਵਣੇ ਰੰਗ ਅਤੇ ਪੋਰਟਰੇਟ ਚਿਤਰਣ ਵਿਚ ਬਲਵਿੰਦਰ ਸਿੰਘ ਦਾ ਕੰਮ ਵੀ ਬਹੁਤ ਪ੍ਰਭਾਵਸ਼ਾਲੀ ਸੀ। ਰਿਤੂ ਸਿੰਘ ਦੇ ਚਿਤਰ ਵਿਚ ਕੈਨੇਡੀਅਨ ਮੂਲਵਾਸੀਆਂ ਦੇ ਸਭਿਆਚਾਰ ਟੋਟਮ ਪੋਲ ਦੀ ਦ੍ਰਿਸ਼ਕਾਰੀ ਅਤੇ ਵਰਿੰਦਰ ਮੌੜ ਦੇ ਚਾਰ ਛੋਟੇ ਚਿਤਰ ਅਪਣੀ ਬਾਰੀਕਬੀਨੀ ਨਾਲ ਪ੍ਰਭਾਵਤ ਕਰਦੇ ਸਨ। ਤੇਜਪਾਲ ਸਿੰਘ ਮਾਨ ਦਾ ਚਿਤਰ ਪੋਰਟਰੇਟ ਤੇ ਕਰੋਨਾ ਕਾਲ ਦੀ ਤਬਾਹੀ ਨਿਵੇਕਲੇ ਢੰਗ ਨਾਲ ਰੂਪਮਾਨ ਸਨ। ਸਭ ਤੋਂ ਛੋਟੀ ਉਮਰ ਦੇ ਚਿਤਰਕਾਰ ਬੀਰ ਯੁਵਰਾਜ ਸਿੰਘ ਦਾ ਚਿਤਰ ਭਵਿੱਖ ਵਿਚ ਵਧੀਆ ਚਿਤਰਕਾਰ ਬਣਨ ਦਾ ਸੰਕੇਤ ਕਰ ਰਿਹਾ ਸੀ। ਦਰਸ਼ਕਾਂ ਨੇ ਛੇ ਦਿਨ ਇਸ ਪ੍ਰਦਰਸ਼ਨੀ ਦਾ ਭਰਪੂਰ ਅਨੰਦ ਮਾਣਿਆ।