2020-21 ’ਚ ਸਿੱਧਾ ਵਿਦੇਸ਼ੀ ਨਿਵੇਸ਼ (ਐਫਡੀਆਈ) 19% ਵਧਿਆ

ਨਵੀਂ ਦਿੱਲੀ, 24 ਮਈ – ਵਣਜ ਤੇ ਉਦਯੋਗ ਮੰਤਰਾਲੇ ਨੇ ਦੱਸਿਆ ਕਿ 2020-21 ਦੌਰਾਨ ਦੇਸ਼ ਵਿਚ ਸਿੱਧਾ ਵਿਦੇਸ਼ੀ ਨਿਵੇਸ਼ (ਐਫਡੀਆਈ) ਪ੍ਰਵਾਹ 19% ਵਧ ਕੇ 59.64 ਅਰਬ ਡਾਲਰ ਰਿਹਾ ਹੈ। ਮੰਤਰਾਲੇ ਮੁਤਾਬਕ ਇਸ ਵਿਚ ਸਰਕਾਰ ਵੱਲੋਂ ਕੀਤੇ ਗਏ ਨੀਤੀਗਤ ਸੁਧਾਰਾਂ, ਨਿਵੇਸ਼ ਸੁਵਿਧਾ ਤੇ ਵਪਾਰ ਸੁਖਾਲਾ ਕਰਨ ਲਈ ਚੁੱਕੇ ਗਏ ਕਦਮਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸੇ ਤਰ੍ਹਾਂ ਦੇਸ਼ ਵਿਚ ਇਕਵਿਟੀ ਨਿਵੇਸ਼, ਪੂੰਜੀ ਤੇ ਕਮਾਈ ਦੇ ਦੁਬਾਰਾ ਕੀਤੇ ਗਏ ਨਿਵੇਸ਼ ਸਹਿਤ ਕੁੱਲ ਐਫਡੀਆਈ 2020-21 ਦੌਰਾਨ ਦਸ ਪ੍ਰਤੀਸ਼ਤ ਵਧ ਕੇ 81.72 ਅਰਬ ਡਾਲਰ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਉਤੇ ਪਹੁੰਚ ਗਿਆ। ਇਹ 2019-20 ਵਿਚ 74.39 ਅਰਬ ਅਮਰੀਕੀ ਡਾਲਰ ਸੀ। ਮੰਤਰਾਲੇ ਮੁਤਾਬਕ ਐਫਡੀਆਈ ਪ੍ਰਵਾਹ ਵਿਚ ਸਭ ਤੋਂ ਵੱਧ 29% ਹਿੱਸੇਦਾਰੀ ਨਾਲ ਸਿੰਗਾਪੁਰ ਚੋਟੀ ’ਤੇ ਰਿਹਾ। ਇਸ ਤੋਂ ਬਾਅਦ ਅਮਰੀਕਾ (23%) ਤੇ ਮੌਰੀਸ਼ਸ (9%) ਦਾ ਸਥਾਨ ਰਿਹਾ। ਕੰਪਿਊਟਰ ਹਾਰਡਵੇਅਰ ਤੇ ਸੌਫਟਵੇਅਰ ਖੇਤਰ ਦੇ ਕੁੱਲ ਐਫਡੀਆਈ ਇਕਵਿਟੀ ਪ੍ਰਵਾਹ ਵਿਚ ਲਗਭਗ 44% ਹਿੱਸੇਦਾਰੀ ਰਹੀ। ਇਸ ਤੋਂ ਬਾਅਦ ਨਿਰਮਾਣ ਗਤੀਵਿਧੀਆਂ (13%) ਤੇ ਸੇਵਾ ਖੇਤਰ (8%) ਦਾ ਸਥਾਨ ਰਿਹਾ। ਰਾਜਾਂ ਦੇ ਲਿਹਾਜ਼ ਨਾਲ 2020-21 ਦੌਰਾਨ ਕੁੱਲ ਐਫਡੀਆਈ ਇਕਵਿਟੀ ਪ੍ਰਵਾਹ ਵਿਚ 37% ਹਿੱਸੇਦਾਰੀ ਨਾਲ ਗੁਜਰਾਤ ਸਿਖ਼ਰ ’ਤੇ ਰਿਹਾ। ਇਸ ਤੋਂ ਬਾਅਦ ਮਹਾਰਾਸ਼ਟਰ (27%) ਤੇ ਕਰਨਾਟਕ (13%) ਦਾ ਸਥਾਨ ਰਿਹਾ।