25 ਮਈ ਨੂੰ ਕੁੜੀਆਂ ਦਾ ਆਖ਼ਰੀ ਤੇ ਪੰਜਵਾਂ ਕਬੱਡੀ ਮੁਕਾਬਲਾ

IMG_1494* ਬੇਅ ਆਫ਼ ‘ਪੰਜਾਬੀ’ ਵਿਖੇ ਏ. ਐਨ. ਜ਼ੈੱਡ ਬੈਂਕ ਵੱਲੋਂ ਮਹਿਲਾ ਕਬੱਡੀ ਟੀਮ ਲਈ ਟਰਾਫ਼ੀਆਂ ਤਿਆਰ – ਬੈਂਡ ਬਾਜੇ ਨਾਲ ਹੋਵੇਗਾ ਸਵਾਗਤ
ਆਕਲੈਂਡ, 21  ਮਈ (ਹਰਜਿੰਦਰ ਸਿੰਘ ਬਸਿਆਲਾ) – ਭਾਰਤ ਦੀ ਕੁੜੀਆਂ ਦੀ ਕਬੱਡੀ ਟੀਮ ਅਤੇ ਨਿਊਜ਼ੀਲੈਂਡ ਦੀ ਕੁੜੀਆਂ ਦੀ ਕਬੱਡੀ ਟੀਮ ਦੇ ਹੁਣ ਤੱਕ ਚਾਰ ਮੈਚ ਹੋ ਚੁੱਕੇ ਹਨ ਜਿਸ ਦੇ ਵਿੱਚ ਭਾਰਤ ਦੀ ਮਹਿਲਾ ਟੀਮ ਨੇ ਲਗਾਤਾਰ ਚਾਰ ਜਿੱਤਾਂ ਦਰਜ ਕਰਕੇ ਧਾਕ ਜਮਾਈ ਹੋਈ ਹੈ। ਹੁਣ ਆਖ਼ਰੀ ਅਤੇ ਪੰਜਵਾਂ ਮੈਚ 25 ਮਈ ਨੂੰ ਟੌਰੰਗਾ ਵਿਖੇ 664, ਕੈਮਰੋਨ ਰੋਡ, ਬੁਆਏਜ਼ ਕਾਲਜ ਵਿਖੇ ਹੋਵੇਗਾ। ਪੰਜ ਮੈਚਾਂ ਦੀ ਸੀਰੀਜ਼ ਦੀ ਜੇਤੂ ਭਾਰਤੀ ਟੀਮ ਨੂੰ ‘ਗ੍ਰੈਂਡ ਪ੍ਰਾਈਜ਼’ ਦਿੱਤਾ ਜਾਣਾ ਹੈ। ਇਸ ਦਿਨ ਕੁੜੀਆਂ ਦੇ ਨਾਲ-ਨਾਲ ਮੁੰਡਿਆਂ ਦੇ ਕਬੱਡੀ ਮੈਚ ਵੀ ਕਰਵਾਏ ਜਾ ਰਹੇ ਹਨ। ਨਿਊਜ਼ੀਲੈਂਡ ਦੀਆਂ ਮੂਲ……… ਕੁੜੀਆਂ ਦੀ ਟੀਮ ਦਾ ਭਾਰਤੀ ਕੁੜੀਆਂ ਦੇ ਨਾਲ ਮੁਕਾਬਲਾ ਭਾਵੇਂ ਇਕ ਪਾਸੇ ਹੀ ਹੁੰਦਾ ਰਿਹਾ ਪਰ ਹਰ ਜਗ੍ਹਾ ਵੇਖਣਯੋਗ ਹੁੰਦੇ ਹਨ।
ਇਸ ਮੈਚ ਦੀ ਜੇਤੂ ਟੀਮ ਨੂੰ 1500 ਡਾਲਰ ਦਾ ਇਨਾਮ ਅਤੇ ਉਪ ਜੇਤੂ ਟੀਮ ਨੂੰ 1000 ਡਾਲਰ ਦਾ ਇਨਾਮ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਅਤੇ ਬੇਅ ਆਫ਼ ਪਲੈਂਟੀ ਦੀ ਸਿੱਖ ਸੰਗਤ ਵੱਲੋਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੀਰੀਜ਼ ਦੀ ਜੇਤੂ ਭਾਰਤੀ ਟੀਮ ਨੂੰ ਗ੍ਰੈਂਡ ਪ੍ਰਾਈਜ਼ 5100 ਡਾਲਰ, ਨੀਊਜ਼ੀਲੈਂਡ ਦੀ ਟੀਮ ਨੂੰ 3100 ਡਾਲਰ ਅਤੇ ਟਰਾਫ਼ੀਆਂ ਦੇ ਨਾਲ ਅਲੱਗ ਤੋਂ ਇੰਟਰਨੈਸ਼ਨਲ ਅਕੈਡਮੀ ਦੇ ਅਮਰੀਕ ਸੰਘਾ ਵੱਲੋਂ ਦਿੱਤਾ ਜਾ ਰਿਹਾ ਹੈ। ਇਸ ਮੈਚ ਦੀਆਂ ਮੁੱਖ ਟਰਾਫ਼ੀਆਂ ਏ. ਐਨ. ਜ਼ੈੱਡ ਬੈਂਕ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਜਦ ਕਿ ਬੈੱਸਟ ਰੇਡਰ ਅਤੇ ਬੈੱਸਟ ਜਾਫੀ ਨੂੰ ਵਿਸ਼ੇਸ਼ ਇਨਾਮ ਅਮਰੀਕ ਸਿੰਘ ਧਾਮੀ ਤਲਵੰਡੀ ਅਰਾਈਆਂ ਵਾਲਿਆਂ ਵੱਲੋਂ ਦਿੱਤੇ ਜਾਣਗੇ। ਜੇਤੂ ਟੀਮ ਨੂੰ ਨਗਦ ਇਨਾਮ ਸੰਗਤ ਵੱਲੋਂ ਜਦ ਕਿ ਉਪ ਜੇਤੂ ਦਾ ਨਗਦ ਇਨਾਮ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤਾ ਜਾਵੇਗਾ। ਦੋਵਾਂ ਟੀਮਾਂ ਦਾ ਸਵਾਗਤ ਬੈਂਡ ਬਾਜੇ ਨਾਲ ਕੀਤਾ ਜਾਵੇਗਾ। ਮੁੰਡਿਆਂ ਦੀ ਜੇਤੂ ਟੀਮ ਨੂੰ ਵੀ ਨਗਦ ਇਨਾਮ ਦਿੱਤੇ ਜਾਣਗੇ।
ਮਨੋਰੰਜਕ ਗੇਮਾਂ : ਇਸ ਮੈਚ ਦੌਰਾਨ ਬੱਚਿਆਂ ਦੀ ਗੇਮਾਂ ਅਤੇ ਲੇਡੀਜ਼ ਮਿਊਜ਼ੀਕਲ ਚੇਅਰ ਵੀ ਹੋਵੇਗੀ।
ਗਤਕਾ (ਸਿੱਖ ਮਾਰਸ਼ਲ ਆਰਟ): ਮੈਚ ਦੌਰਾਨ ਗਤਕਾ ਪਾਰਟੀਆਂ ਵੀ ਆਪਣੇ ਜੌਹਰ ਵਿਖਾਉਣਗੀਆਂ।
ਸਕਿਉਰਿਟੀ ਦਾ ਪੂਰਾ ਇੰਤਜ਼ਾਮ : ਮੈਚਾਂ ਦੌਰਾਨ ਸਕਿਉਰਿਟੀ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ। ਨੰਬਰਾਂ ਸਬੰਧੀ ਰੈਫ਼ਰੀ ਦਾ ਫ਼ੈਸਲਾ ਅੰਤਿਮ ਹੋਵੇਗਾ।
ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ :  ਇਸ ਮੈਚ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਨਿਊਜ਼ੀਲੈਂਡ ਦੇ ਲੇਬਰ ਕੈਬਨਿਟ ਮੰਤਰੀ ਸ੍ਰੀ ਸਾਇਮਨ ਬ੍ਰਿਜਸ ਹੋਣਗੇ ਜਦ ਕਿ ਵਿਸ਼ੇਸ਼ ਮਹਿਮਾਨ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ, ਸਾਂਸਦ ਟੌਡ ਮੈਕਲੇ, ਸਾਂਸਦ ਸਕੌਟ ਸਿੰਪਸਨ, ਡਿਪਟੀ ਮੇਅਰ ਕੈਲਵਿੰਨ ਕਲਾਉਟ, ਏ. ਐਨ. ਜ਼ੈੱਡ ਦੇ ਅਤੇ ਬੇਅ ਆਫ਼ ਸਪੋਰਟਸ ਦੇ ਅਧਿਕਾਰੀ ਪਹੁੰਚਣਗੇ।
ਰੇਡੀਓ ਸਪਾਈਸ ਲਾਈਵ : ਇਸ ਮੈਚ ਦਾ ਰੇਡੀਓ ਸਪਾਈਸ ਤੋਂ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ।
ਨਾਵਲਟੀ ਸਵੀਟਸ ਐਂਡ ਸਨੈਕਸ ਤੋਂ ਸ. ਪੂਰਨ ਸਿੰਘ ਬੰਗਾ ਚਾਹ ਅਤੇ ਬਦਾਨੇ ਦਾ ਲੰਗਰ ਗੁਰਦੁਆਰਾ ਸਾਹਿਬ ਵਿਖੇ ਹੀ ਲਗਾਉਣਗੇ ਕਿਉਂਕਿ ਖੇਡ ਮੈਦਾਨ ਵਿੱਚ ਖੁੱਲ੍ਹੇ ਖਾਣੇ ਦੀ ਮਨਾਹੀ ਹੈ।
ਗੁਰਦੁਆਰਾ ਸਾਹਿਬ ਵਿਖੇ ਹੋਣਗੇ ਵਿਸ਼ੇਸ਼ ਦੀਵਾਨ : ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ਸਵੇਰੇ ਸੁਖਮਨੀ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਉਪਰੰਤ ਭਾਈ ਮਲਕੀਤ ਸਿੰਘ ਸੁੱਜੋ ਵਾਲਿਆਂ ਦਾ ਕੀਰਤਨੀ ਜਥਾ ਸ਼ਬਦ ਕੀਰਤਨ ਕਰੇਗਾ।