26 ਜਨਵਰੀ ਦੀ ਟਰੈਕਟਰ ਪਰੇਡ ਨੂੰ ਦਿੱਲੀ ਪੁਲਿਸ ਦੀ ਮਨਜ਼ੂਰੀ

ਨਵੀਂ ਦਿੱਲੀ, 23 ਜਨਵਰੀ – ਦਿੱਲੀ ਪੁਲੀਸ ਨੇ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕੱਢਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਪਰੇਡ ਲਗਭਗ 100 ਕਿੱਲੋਮੀਟਰ ਤੋਂ ਵੱਧ ਹੋਵੇਗੀ। ਇਸ ਮੌਕੇ ਕਿਸਾਨ 5 ਵੱਖ-ਵੱਖ ਰੂਟਾਂ ਤੋਂ ਪਰੇਡ ਕੱਢਣਗੇ। ਦਿੱਲੀ ਪੁਲੀਸ ਵੱਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਦਾ ਰੂਟ ਪਲਾਨ ਜਾਰੀ ਕੀਤਾ ਜਾਵੇਗਾ ਤੇ ਪੁਲੀਸ ਵੱਲੋਂ ਸਰਹੱਦ ਤੋਂ ਬੈਰੀਕੇਡ ਹਟਾਏ ਜਾਣਗੇ। ਕਿਸਾਨਾਂ ਵੱਲੋਂ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਵਿੱਚ ਲਗਭਗ 2 ਲੱਖ ਤੋਂ ਵੱਧ ਟਰੈਕਟਰ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
ਕਿਸਾਨ ਆਗੂਆਂ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਿੱਲੀ ਪੁਲਿਸ 26 ਜਨਵਰੀ ਨੂੰ ਸਾਰੀਆਂ ਸਰਹੱਦਾਂ ਤੋਂ ਬੈਰੀਕੇਡ ਹਟਾਏਗੀ ਅਤੇ ਕਿਸਾਨਾਂ ਨੂੰ ਟਰੈਕਟਰ ਪਰੇਡ ਕਰਨ ਦੀ ਮਨਜ਼ੂਰੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਟਰੈਕਟਰ ਪਰੇਡ 12.00 ਵਜੇ ਦੁਪਹਿਰ ਸ਼ੁਰੂ ਹੋਵੇਗੀ ਪਰ ਇਸ ਦਾ ਕੋਈ ਸਮਾਂ ਨਿਰਧਾਰਿਤ ਨਹੀਂ ਇਹ ਕਦੋਂ ਖ਼ਤਮ ਹੋਵੇਗੀ, ਇਹ ਪਰੇਡ ਦੇਰ ਰਾਤ ਤੱਕ ਆਪਣੇ-ਆਪਣੇ ਮਿਥੇ ਰੂਟਾਂ ਤੋਂ ਹੁੰਦੀ ਹੋਈ ਵਾਪਸ ਆਪਣੀਆਂ ਸਰਹੱਦਾਂ ਉੱਤੇ ਪੁੱਜੇਗੀ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਸ ਵਿੱਚ ਕਿੰਨੇ ਟਰੈਕਟ ਹੋਣਗੇ, ਇਸ ਬਾਰੇ ਹਾਲੇ ਸਹੀ ਗਿਣਤੀ ਨਹੀਂ ਦੱਸੀ ਜਾ ਸਕਦੀ। ਕਿਸਾਨ ਸ਼ਾਂਤਮਈ ਤਰੀਕੇ ਨਾਲ ਇਹ ਪਰੇਡ ਕੱਢਣਗੇ ਅਤੇ ਟਰੈਕਟਰਾਂ ਦੀ ਸਜਾਵਟ ਕਰਨ ਦੇ ਨਾਲ-ਨਾਲ ਦੇਸ਼ ਦੇ ਅੰਨਦਾਤਾ ਦੇ ਜੀਵਨ ਦੀ ਝਾਕੀਆਂ ਵੀ ਪੇਸ਼ ਕਰਨਗੇ, ਤਾਂ ਜੋ ਦੇਸ਼ ਅਤੇ ਦਿੱਲੀ ਦੀ ਆਮ ਜਨਤਾ ਨੂੰ ਕਿਸਾਨਾਂ ਦੀ ਹਾਲਤ ਬਾਰੇ ਜਾਣੂ ਕਰਵਾਇਆ ਜਾ ਸਕੇ।