28 ਤੇ 29 ਨਵੰਬਰ ਨੂੰ ‘ਦੂਜੀਆਂ ਐਨਜ਼ੈੱਡ ਸਿੱਖ ਖੇਡਾਂ’ ਕਰਵਾਉਣ ਦਾ ਐਲਾਨ

ਰਜਿਸਟ੍ਰੇਸ਼ਨ 26 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ ਅਤੇ ਪੋਸਟਰ 25 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ
ਆਕਲੈਂਡ, 15 ਅਕਤੂਬਰ –
ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਪਿਛਲੇ ਸਾਲ ਕਰਵਾਈਆਂ ਗਈਆਂ ਸਨ। ਐਨਜ਼ੈੱਡਐੱਸਜੀ ਦੇ ਪ੍ਰਬੰਧਕਾਂ ਵੱਲੋਂ ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ 28 ਅਤੇ 29 ਨਵੰਬਰ ਨੂੰ ਆਕਲੈਂਡ ਦੇ ਬਰੂਸ ਪੁਲਮਨ ਪਾਰਕ ਟਾਕਾਨੀਕੀ ਦੇ ਖੇਡ ਮੈਦਾਨਾਂ ਦੇ ਵਿੱਚ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਖੇਡਾਂ ਦੌਰਾਨ ਪਿਛਲੀ ਵਾਰ ਦੀ ਤਰ੍ਹਾਂ ਬੱਚਿਆਂ ਦੇ ਲਈ ਦੋਵੇਂ ਦਿਨ ਮਿੰਨੀ ਰੇਨਬੋਅਐਂਡ ਫੱਨ ਕਰਨ ਲਈ ਹੋਵੇਗਾ ਜਿਸ ਦੇ ਵਿੱਚ ਵੱਡੇ ਬਾਊਂਸੀ ਕਾਸਟਲ, ਭੂਤਭੰਗਲਾ, ਘੋੜ ਸਵਾਰੀ, ਝੂਲੇ, ਵਾਟਰ ਸਲਾਈਡ, ਜੰਪਿੰਗ ਅਤੇ ਹੋਰ ਗਤੀਵਿਧੀਆਂ ਹੋਣਗੀਆਂ।
ਇਨ੍ਹਾਂ ਦੂਜੀਆਂ ਐਨਜ਼ੈੱਡ ਸਿੱਖ ਖੇਡਾਂ ਦੇ ਵਿੱਚ ਮੁੱਖ ਤੌਰ ‘ਤੇ ਫੁੱਟਬਾਲ ਪੁਰਸ਼ ਅਤੇ ਮਹਿਲਾ, ਕਬੱਡੀ, ਕ੍ਰਿਕਟ, ਹਾਕੀ, ਹਾਕੀ (ਕਿਡਜ਼) ਵਾਲੀਬਾਲ (ਪੁਰਸ਼), ਵਾਲੀਬਾਲ ਸ਼ੂਟਿੰਗ, ਖੋ-ਖੋ, ਗੌਲਫ਼, ਨੈੱਟਬਾਲ (ਲੜਕੀਆਂ) ਬੈਡਮਿੰਟਨ, ਰਾਈਫ਼ਲ ਸ਼ੂਟਿੰਗ, ਰੈਸਲਿੰਗ, ਐਥਲੈਟਿਕਸ, ਗਤਕਾ, ਰੱਸਾਕਸ਼ੀ, ਦਸਤਾਰ ਬੰਦੀ ਸਮੇਤ ਹੋਰ ਕਈ ਖੇਡਾਂ ਸਮੇਤ 16 ਤਰ੍ਹਾਂ ਦੀਆਂ ਖੇਡਾਂ ਸ਼ਾਮਿਲ ਹਨ। ਇਨ੍ਹਾਂ ਖੇਡਾਂ ਲਈ ਟੀਮਾਂ ਦੀ ਰਜਿਸਟ੍ਰੇਸ਼ਨ 26 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ ਅਤੇ ਨਿਊਜ਼ੀਲੈਂਡ ਸਿੱਖ ਗੇਮਜ਼ ਦੀ ਵੈੱਬਸਾਈਟ (www.nzsikhgames.org) ਉੱਤੇ ਜਾ ਕੇ ਰਜਿਸਟਰ ਕੀਤਾ ਜਾਵੇਗਾ।
ਇਨ੍ਹਾਂ ਖੇਡਾਂ ਦੌਰਾਨ ਦੋਵੇਂ ਦਿਨ ਸਭਿਆਚਾਰਕ ਸਟੇਜਾਂ ਵੀ ਲੱਗਣਗੀਆਂ ਜਿਸ ਦੇ ਵਿੱਚ ਸਥਾਨਕ ਭੰਗੜਾ ਤੇ ਗਿੱਧਾ ਦੀਆਂ ਟੀਮਾਂ, ਬਾਬਿਆਂ ਦੀ ਕਵੀਸ਼ਰੀ, ਸਥਾਨਿਕ ਗਾਇਕ ਮੁੰਡੇ ਅਤੇ ਕੁੜੀਆਂ ਇਸ ਮੌਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਇਸ ਸੰਬੰਧੀ ਖੇਡ ਕਲੱਬਾਂ, ਫੈਡਰੇਸ਼ਨ, ਕੋਆਰੀਡਨੇਟਰਜ਼, ਆਫੀਸ਼ੀਅਲ ਅਤੇ ਕਲਚਰਲ ਟੀਮ ਨਾਲ ਜਲਦੀ ਹੀ ਮੀਟਿੰਗ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ।
ਖੇਡ ਪ੍ਰਬੰਧਕਾਂ ਨੇ ਕਿਹਾ ਕਿ ਇਨ੍ਹਾਂ ਦੂਜੀਆਂ ਸਿੱਖ ਖੇਡਾਂ ਸਬੰਧੀ ਰੰਗਦਾਰ ਪੋਸਟਰ 25 ਅਕਤੂਬਰ ਦਿਨ ਐਤਵਾਰ ਨੂੰ ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਏ ਜਾ ਰਹੇ ਖੇਡ ਟੂਰਨਾਮੈਂਟ ਦੇ ਵਿੱਚ ਜਾਰੀ ਕੀਤਾ ਜਾਵੇਗਾ। ਟੂਰਨਾਮੈਂਟ ਦਾ ਪੋਸਟਰ ਜਾਰੀ ਕਰਨ ਵੇਲੇ ਖੇਡ ਕਲੱਬਾਂ, ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ, ਸਪੋਰਟਸ ਆਫੀਸ਼ੀਅਲ, ਨਿਊਜ਼ੀਲੈਂਡ ਸਿੱਖ ਖੇਡਾਂ ਦੇ ਪ੍ਰਬੰਧਕ, ਸਥਾਨਕ ਮੀਡੀਆ ਅਤੇ ਹੋਰ ਪਤਵੰਤੇ ਹਾਜ਼ਰ ਰਹਿਣਗੇ।