28 ਤੇ 29 ਨਵੰਬਰ ਨੂੰ ਦੋ ਦਿਨਾਂ ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਕਰਵਾਈਆਂ ਜਾਣਗੀਆਂ

ਆਕਲੈਂਡ, 20 ਜੁਲਾਈ – 19 ਜੁਲਾਈ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਪ੍ਰਬੰਧਕਾਂ ਵੱਲੋਂ ਦੋ ਦਿਨਾਂ ‘ਦੂਜੀਆਂ ‘ਨਿਊਜ਼ੀਲੈਂਡ ਸਿੱਖ ਖੇਡਾਂ’ 28 ਅਤੇ 29 ਨਵੰਬਰ ਨੂੰ ਪਿਛਲੇ ਸਾਲ ਦੀ ਤਰ੍ਹਾਂ ਬਰੂਸ ਪੁਲਮਨ ਪਾਰਕ, ਟਾਕਾਨੀਨੀ ਵਿਖੇ ਹੀ ਕਰਵਾਏ ਜਾਣ ਦਾ ਐਲਾਨ ਕੀਤਾ। ਕੁੱਝ ਖੇਡਾਂ ਦੇ ਮੁਕਾਬਲੇ ਖੇਡ ਮੈਦਾਨਾਂ ਦੇ ਹਿਸਾਬ ਨਾਲ ਵੱਖ-ਵੱਖ ਸਥਾਨਾਂ ਉੱਤੇ ਕਰਵਾਈਆਂ ਜਾਣਗੀਆਂ।
ਅੱਜ ਖੇਡਾਂ ਦੀਆਂ ਤਰੀਕਾਂ ਦੇ ਹੋਏ ਐਲਾਨ ਮੌਕੇ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਸਭ ਦਾ ਸਵਾਗਤੀ ਕੀਤਾ ਅਤੇ ਹਾਊਸ ਕੀਪਿੰਗ ਨਿਯਮਾਂ ਅਤੇ ਪ੍ਰੋਗਰਾਮ ਦੇ ਸੰਖੇਪ ਵੇਰਵੇ ਦਿੱਤੇ। ਨਵਤੇਜ ਰੰਧਾਵਾ ਨੇ ਸਲਾਈਡ ਸ਼ੋਅ ਬਾਰੇ ਪਿਛਲੇ ਸਾਲ ਦੀਆਂ ਖੇਡਾਂ ਦਾ ਵੇਰਵਾ ਦਿੱਤਾ। ਖੇਡਾਂ ਦੀਆਂ ਤਰੀਕਾਂ ਦੇ ਸਬੰਧ ਵਿੱਚ ਪ੍ਰਸਿੱਧ ਗਾਇਕ ਹਰਮਿੰਦਰ ਨੂਰਪੁਰੀ ਅਤੇ ਪ੍ਰਸਿੱਧ ਹਾਸਰਸ ਕਲਾਕਾਰ ਭੋਟੂ ਸ਼ਾਹ ਦੇ ਵੀਡੀਓ ਸੰਦੇਸ਼ ਵੀ ਸੁਣਾਏ ਗਏ।
ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਨੇ ਪਿਛਲੇ ਸਾਲ ਦੀ ਰਿਪੋਰਟ ਦੇ ਅੰਸ਼ ਅਤੇ ਤਜ਼ਰਬੇ ਸਾਂਝੇ ਕੀਤੇ। ਪ੍ਰਬੰਧਕਾਂ ਵੱਲੋਂ ਪਿਛਲੇ ਸਾਲ ਦਾ ਵਿੱਤੀ ਲੇਖਾ-ਜੋਖਾ ਪੇਸ਼ ਕਰਦੀ ਇਕ ਰਿਪੋਰਟ ਵੀ ਹਾਜ਼ਰ ਦਰਸ਼ਕਾਂ ਨੂੰ ਵੰਡੀ ਗਈ। ਬੁਲਾਰਿਆਂ ਦੇ ਵਿੱਚ ਸ. ਪ੍ਰਿਥੀਪਾਲ ਸਿੰਘ ਬਸਰਾ, ਸ. ਅਜੀਤ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਔਲਖ, ਤੀਰਥ ਸਿੰਘ ਅਟਵਾਲ, ਨਿਰਮਜੀਤ ਸਿੰਘ ਭੱਟੀ, ਬੇਗਮਪੁਰਾ ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ, ਸ. ਕੁਲਬੀਰ ਸਿੰਘ, ਦਵਿੰਦਰ ਕੌਰ, ਮੈਡਮ ਇੰਦੂ ਬਾਜਵਾ, ਚਰਨਜੀਤ ਸਿੰਘ ਚਾਹਲ, ਸ. ਅਮਨ ਰੰਧਾਵਾ, ਸੰਨੀ ਸਿੰਘ ਅਤੇ ਲਵਲੀਨ ਕੌਰ ਸ਼ਾਮਿਲ ਰਹੇ। ਸ. ਪ੍ਰਿਥੀਪਾਲ ਸਿੰਘ ਬਸਰਾ ਨੇ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਦੀ ਕਮੇਟੀ ਵੱਲੋਂ 25,000 ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ। ਮਾਲਵਾ ਕਲੱਬ ਤੋਂ ਜਗਦੀਪ ਸਿੰਘ ਵੜੈਚ, ਜਗਦੇਵ ਸਿੰਘ ਜੱਗੀ, ਬੇਅ ਆਫ਼ ਪਲੈਂਟੀ ਤੋਂ ਹਰਪ੍ਰੀਤ ਗਿੱਲ ਸਮੇਤ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ।
ਅੱਜ ਦੇ ਇਸ ਸਮਾਗਮ ਦੇ ਅੰਤ ਵਿੱਚ ਸਿੱਖ ਖੇਡਾਂ ਦੇ ਪ੍ਰਬੰਧਕਾਂ ਵੱਲੋਂ ਖੇਡ ਕਲੱਬਾਂ ਦੇ ਅਹੁਦੇਦਾਰਾਂ, ਖਿਡਾਰੀਆਂ, ਧਾਰਮਿਕ ਕਮੇਟੀਆਂ ਦੇ ਮੈਂਬਰ ਸਾਹਿਬਾਨਾਂ, ਸਮਾਜਿਕ ਸੰਸਥਾਵਾਂ ਦੇ ਕਾਰਕੁਨਾਂ, ਭਾਰਤੀ ਪ੍ਰਿੰਟ ਅਤੇ ਇਲੈੱਕਟ੍ਰਾਨਿਕ ਮੀਡੀਆ ਕਰਮੀਆਂ, ਸਪਾਂਸਰਜ਼, ਮੈਨੇਜਮੈਂਟ ਆਈ. ਟੀ. ਵਿੰਗ ਦੇ ਨੌਜਵਾਨਾਂ ਆਦਿ ਦਾ ਧੰਨਵਾਦ ਕੀਤਾ ਗਿਆ।