4 ਡਾਲਰ ਪ੍ਰਤੀ ਘੰਟਾ ਮਿਹਨਤਾਨਾ ਦੇਣ ਵਾਲੇ ਭਾਰਤੀ ਰੈਸਟੋਰੈਂਟ ਦੀ ਪੁੱਛ ਪੜਤਾਲ ਸ਼ੁਰੂ, ਕਾਗ਼ਜ਼ ਪੱਤਰ ਦਿਖਾਉਣ ਵਿੱਚ ਰਹੇ ਨਾਕਾਮਯਾਬ

– ਨਿਊਜ਼ੀਲੈਂਡ ਦੇ ਰੁਜ਼ਗਾਰ ਕਾਨੂੰਨ ਦਾ ਉਡਾਇਆ ਮਜ਼ਾਕ
ਆਕਲੈਂਡ 19 ਜੂਨ (ਹਰਜਿੰਦਰ ਸਿੰਘ ਬਸਿਆਲਾ) – ਬਿਗਾਨੇ ਦੇਸ਼ ਦੇ ਵਿੱਚ ਨਵੇਂ-ਨਵੇਂ ਆਏ ਵਿਦਿਆਰਥੀ ਅਤੇ ਕਾਮੇ ਆਪਣਿਆ (ਭਾਰਤੀਆਂ) ਕੋਲ ਕੰਮ ਕਰਕੇ ਹੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਨਿਊਜ਼ੀਲੈਂਡ ਦੇ ਵਿੱਚ ਇਕੋ ਨਾਮ ਦੇ ਨਾਲ 9 ਭਾਰਤੀ ਰੇਸਤਰਾਂ ਚਲਾਉਣ ਵਾਲੇ ਮਾਲਕ ਆਪਣੇ ਕੁਝ ਕਾਮਿਆਂ ਨੂੰ  ਘੱਟੋ-ਘੱਟ ਦਰ 13.75 ਡਾਲਰ ਪ੍ਰਤੀ ਘੰਟਾ ਦੀ ਥਾਂ ਸਿਰਫ਼ 4 ਡਾਲਰ ਪ੍ਰਤੀ ਘੰਟਾ ਮਿਹਨਤਾਨਾ ਦੇ ਕੇ ਇਥੇ ਦੇ ਰੁਜ਼ਗਾਰ ਕਾਨੂੰਨ ਦਾ ਮਜ਼ਾਕ ਉਡਾ ਰਹੇ ਸਨ ਪਰ ਇਹ ਮਜ਼ਾਕ ਸੁਆਹ ਬਣ ਕੇ ਹੁਣ ਉਨ੍ਹਾਂ ਦੇ ਮੂੰਹ ਉੱਤੇ ਡਿਗ ਰਿਹਾ ਹੈ। ਇਹ ਸਾਰਾ ਸ਼ੋਸ਼ਣ ਮਾਮਲਾ ਇਥੇ ਦੀਆਂ ਰਾਸ਼ਟਰੀ ਅਖ਼ਬਾਰਾਂ ਦੇ ਵਿੱਚ ਛਪ ਰਿਹਾ ਹੈ । ਹੁਣ ‘ਬਿਜ਼ਨਸ, ਨਵਪ੍ਰੀਵਰਤਨ ਅਤੇ ਰੁਜ਼ਗਾਰ ਮੰਤਰਾਲਾ’ ਇਸ ਸਾਰੇ ਮਾਮਲੇ ਦੀ ਗਹਿਰੀ ਜਾਂਚ ਕਰ ਰਿਹਾ ਹੈ। ‘ਇੰਪਲਾਇਮੈਂਟ ਰਿਲੇਸ਼ਨਜ਼ ਅਥਾਰਟੀ’ (ਈ. ਆਰ. ਏ) ਨੇ ਭਾਰਤੀ ਰੇਸਤਰਾਂ ਦੇ ਮਾਲਕਾਂ ਨੂੰ ਆਪਣੇ ਸਾਰੇ 100 ਆਦਮੀਆਂ ਦੇ ਕੰਮ ਕਰਨ ਦਾ ਰਿਕਾਰਡ ਤਲਬ ਕਰਨ ਲਈ ਕਿਹਾ ਸੀ ਪਰ ਇਹ ਨਿਸ਼ਚਤ ਸਮੇਂ ਵਿੱਚ ਦਿਖਾਉਣ ਵਿੱਚ ਨਾ ਕਾਮਯਾਬ ਰਹੇ। ਇਸ ਸ਼ੋਸ਼ਣ ਦੇ ਮੱਕੜ ਜਾਲ ਵਿਚ 15 ਦੇ ਕਰੀਬ ਹੋਰ ਸਬੰਧਿਤ ਕੰਪਨੀਆਂ ਤੋਂ ਵੀ ਪੁੱਛ-ਗਿੱਛ ਜਾਰੀ ਹੈ। ਜੇਕਰ ਅਜਿਹੇ ਦੋਸ਼ ਸਿੱਧ ਹੁੰਦੇ ਹਨ ਤਾਂ ਸਭ ਨੂੰ ਵੀਹ ਹਜ਼ਾਰ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ। ਲੇਬਰ ਮੰਤਰਾਲੇ ਦਾ ਕਹਿਣਾ ਹੈ ਕਿ ‘ਇੰਪਲਾਇਮੈਂਟ ਰਿਲੇਸ਼ਨਜ਼ ਅਥਾਰਟੀ’ ਇਸ ਜਾਂਚ ਪੜਤਾਲ ਵਿੱਚ ਪਹਿਲਾ ਕਦਮ ਹੈ ਜਿਵੇਂ-ਜਿਵੇਂ ਦੋਸ਼ ਸਾਬਤ ਹੁੰਦੇ ਨਜ਼ਰ ਆਏ ਤਾਂ ਅਗਲੀ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਵਰਣਨਯੋਗ ਹੈ ਕਿ ਇਸ ਸ਼ੋਸ਼ਣ ਦਾ ਸ਼ਿਕਾਰ ਜਿਆਦਾ ਤਰ ਭਾਰਤੀ ਵਿਦਿਆਰਥੀ ਅਤੇ ਕਾਮੇ ਹੋ ਰਹੇ ਹਨ ਇਨ੍ਹਾਂ ਨੂੰ ਨਾ ਤਾਂ ਕਿਸੇ ਪ੍ਰਕਾਰ ਦੀਆਂ ਛੁੱਟੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਨਾ ਹੀ ਛੁੱਟੀਆਂ ਦੇ ਪੈਸੇ। ਇਥੇ ਹੀ ਬੱਸ ਨਹੀਂ ਇਸ ਤੋਂ ਇਲਾਵਾ ਇਨ੍ਹਾਂ ਕਾਮਿਆਂ ਨੂੰ ਨੌਕਰੀ ਪੇਸ਼ਕਸ਼ (ਜਾਬ ਆਫਰ) ਵਾਸਤੇ 10 ਤੋਂ 20 ਹਜ਼ਾਰ ਡਾਲਰ ਵੱਖਰੇ ਤੌਰ ‘ਤੇ ਜਾਂ ਮਿਲਦੀ ਤਨਖਾਹ ਵਿਚੋਂ ਕਟਵਾਉਣੇ ਪੈਂਦੇ ਸਨ ਤਾਂ ਕਿ ਉਹ ਪੱਕੇ ਹੋਣ ਜਾਂ ਵੀਜ਼ਾ ਵਧਾਉਣ ਦੀ ਅਰਜ਼ੀ ਲਗਾ ਸਕਣ। ਨਿਊਜ਼ੀਲੈਂਡ ਦੇ ਚੰਗੇ ਵਸਨੀਕ ਇਹ ਕਦੀ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਦੇਸ਼ ਕੰਮ ਕਰਨ ਆਏ ਲੋਕਾਂ ਦਾ ਮਿਹਨਤਾਨੇ ਪੱਖੋਂ ਸ਼ੋਸ਼ਣ ਕੀਤਾ ਜਾਵੇ। ਅਜਿਹਾ ਕਰਨ ਨਾਲ ਜਿਥੇ ਕਾਨੂੰਨ ਦੀ ਅਵੱਗਿਆ ਹੁੰਦੀ ਹੈ ਉਥੇ ਦੂਜੇ ਕਾਰੋਬਾਰਾਂ ਨੂੰ ਮੁਕਾਬਲੇਬਾਜ਼ੀ ਦੇ ਕੇ ਆਪਣਾ ਫਾਇਦਾ ਕੀਤਾ ਜਾਂਦਾ ਹੈ।

ਮੰਤਰਾਲੇ ਨੇ ਖੁੱਲ੍ਹੀ ਅਪੀਲ ਕੀਤੀ ਹੋਈ ਹੈ ਕਿ ਜਿਸ ਵੀ ਕਿਸੇ ਨੂੰ ਘੱਟ ਮਿਹਨਤਾਨਾ ਦਿੱਤਾ ਜਾ ਰਿਹਾ ਹੈ ਉਹ ਲੇਬਰ ਮੰਤਰਾਲੇ ਨਾਲ ਸੰਪਰਕ ਕਰੇ।