‘5ਵੀਂ ਨਿਊਜ਼ੀਲੈਂਡ ਸਿੱਖ ਗੇਮਜ਼’: 25 ਤੇ 26 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਕਰਵਾਈਆਂ ਜਾਣਗੀਆਂ

ਗੇਮਜ਼ ਲਈ ਰਜਿਸਟ੍ਰੇਸ਼ਨ 1 ਅਗਸਤ ਤੋਂ 30 ਸਤੰਬਰ ਤੱਕ
ਆਕਲੈਂਡ, 9 ਜੁਲਾਈ (ਕੂਕ ਪੰਜਾਬੀ ਸਮਾਚਾਰ/ਹਰਜਿੰਦਰ ਸਿੰਘ ਬਸਿਆਲਾ) – ‘ਨਿਊਜ਼ੀਲੈਂਡ ਸਿੱਖ ਗੇਮਜ਼’ ਹੋਲੀ-ਹੋਲੀ ਪੰਜਾਬੀ ਭਾਈਚਾਰੇ ਦੀ ਪਹਿਚਾਣ ਬਣਦੀਆਂ ਜਾ ਰਹੀਆਂ ਹਨ। ਇਸ ਸਾਲ ਹੋਣ ਵਾਲੀਆਂ ‘5ਵੀਂ ਨਿਊਜ਼ੀਲੈਂਡ ਸਿੱਖ ਗੇਮਜ਼’ ਦਾ ਐਲਾਨ ਗੇਮਜ਼ ਦੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ। ਇਹ ਖੇਡਾਂ ਇਸ ਸਾਲ 25 ਅਤੇ 26 ਨਵੰਬਰ ਨੂੰ ਹਰੇਕ ਸਾਲ ਦੀ ਤਰ੍ਹਾਂ ਬਰੂਸ ਪੁਲਮਨ ਪਾਰਕ ਟਾਕਾਨੀਨੀ (ਆਕਲੈਂਡ) ਵਿਖੇ ਕਰਵਾਈਆਂ ਜਾਣਗੀਆਂ।
ਦੋ ਦਿਨਾਂ ਚੱਲਣ ਵਾਲੇ ਖੇਡਾਂ ਦੇ ਇਸ ਮਹਾਂਕੁੰਭ ਦੇ ਵਿੱਚ ਜਿੱਥੇ ਸੈਂਕੜੇ ਸਥਾਨਿਕ ਖਿਡਾਰੀ ਵੱਖ-ਵੱਖ ਖੇਡਾਂ ਦੇ ਵਿੱਚ ਹਿੱਸਾ ਲੈਣਗੇ, ਉੱਥੇ ਹੀ ਆਸਟਰੇਲੀਆ ਅਤੇ ਇੰਡੀਆ ਤੋਂ ਅੰਤਰਰਾਸ਼ਟਰੀ ਖਿਡਾਰੀ ਵੀ ਖੇਡਣ ਲਈ ਪਹੁੰਚਣਗੇ। ਇਨ੍ਹਾਂ ਖੇਡਾਂ ਦੇ ਵਿੱਚ ਮਹਿਲਾਵਾਂ ਦੇ ਵੀ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਵਾਰ ਮਹਿਲਾਵਾਂ ਦੇ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਵੱਡਾ ਵਾਧਾ ਕੀਤਾ ਜਾ ਰਿਹਾ ਹੈ। ਦੋਵੇਂ ਦਿਨ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਵੀ ਨਾਲੋਂ ਨਾਲ ਚੱਲਣਗੇ। ‘5ਵੀਆਂ ਨਿਊਜ਼ੀਲੈਂਡ ਗੇਮਜ਼’ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ, ਟੀਮਾਂ ਤੇ ਕਲੱਬਾਂ ਲਈ ਰਜਿਸਟ੍ਰੇਸ਼ਨ 1 ਅਗਸਤ ਤੋਂ 30 ਸਤੰਬਰ ਤੱਕ ਜਾਰੀ ਰਹੇਗੀ।
ਅੱਜ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹਰ ਵਾਰ ਦੀ ਤਰ੍ਹਾਂ ਭਰਵੇਂ ਸਮਾਗਮ ਦੀ ਸ਼ੁਰੂਆਤ ਹੋਸਟ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ਸ. ਸ਼ਰਨਦੀਪ ਸਿੰਘ ਨੇ ਹਾਊਸ ਕੀਪਿੰਗ ਨਿਯਮ ਦੱਸਦਿਆਂ ਕੀਤੀ। ਇਸ ਤੋਂ ਬਾਅਦ ਪਿਛਲੇ ਸਾਲ ਦੀਆਂ ਖੇਡਾਂ ਦੀਆਂ ਝਲਕੀਆਂ ਨੂੰ ਵੀਡੀਓਗ੍ਰਾਫੀ ਰਾਹੀ ਵਿਖਾਇਆ ਗਿਆ। ਸ. ਸ਼ਰਨਦੀਪ ਸਿੰਘ ਅਤੇ ਸ. ਪਰਮਿੰਦਰ ਸਿੰਘ ਨੇ ਪਿਛਲੇ ਖੇਡ ਅੰਕੜੇ ਪੇਸ਼ ਕੀਤੇ।
ਨਿਊਜ਼ੀਲੈਂਡ ਸਿੱਖ ਗੇਮਜ਼ ਦੀ ਕਮੇਟੀ ਦੇ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਹੋਰਾਂ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਜਿਸ ਦਿਨ ਪਹਿਲੀ ਵਾਰ ਖੇਡਾਂ ਦਾ ਐਲਾਨ ਕੀਤਾ ਗਿਆ ਸੀ, ਉਸ ਦਿਨ ਵੀ ਜਿੱਥੇ ਤੁਹਾਡਾ ਭਰਵਾਂ ਹੁੰਗਾਰਾ ਸੀ, ਅੱਜ ਮੁੜ ਤੁਹਾਡਾ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣਾ ਸਾਨੂੰ ਹੱਲਾਸ਼ੇਰੀ ਦਿੰਦਾ ਹੈ। ਇਸ ਉਪਰੰਤ ਸ. ਹਰਜਿੰਦਰ ਸਿੰਘ ਬਸਿਆਲਾ ਹੋਰਾਂ ਪੰਜਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਨੂੰ ਸਮਰਪਿਤ ਇੱਕ ਕਵਿਤਾ ਪੇਸ਼ ਕੀਤੀ। ਕਮਿਊਨਿਟੀ ਤੋਂ ਸ. ਪ੍ਰਿਥੀਪਾਲ ਸਿੰਘ ਬਸਰਾ ਨੇ ਸਿੱਖ ਖੇਡਾਂ ਦੀ ਹੋਰ ਵਿਸ਼ਾਲਤਾ ਵਾਸਤੇ ਨਵੀਂ ਪੀੜੀ ਦੇ ਨਾਲ ਇਸ ਸਬੰਧੀ ਸੰਵਾਦ ਕਰਨ ਅਤੇ ਹੋਰ ਵੱਡੇ ਮੁਕਾਮ ਉੱਤੇ ਲਿਜਾਉਣ ਦੀ ਗੱਲ ਕੀਤੀ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਤੋਂ ਸ. ਤੀਰਥ ਸਿੰਘ ਅਟਵਾਲ ਨੇ ਖੇਡਾਂ ਮੌਕੇ ਖਾਣ ਦੇ ਪ੍ਰਬੰਧ ਵਾਸਤੇ ਅਤੇ ਲੰਗਰਾਂ ਦੀ ਸੇਵਾ ਵਿੱਚ ਖੁੱਲ੍ਹੇ ਰੂਪ ਵਿੱਚ ਸੰਗਤ ਨੂੰ ਮੌਕਾ ਦੇਣ ਦੀ ਗੱਲ ਕੀਤੀ। ਸ. ਪਰਮਜੀਤ ਮਹਿਮੀ ਹੋਰਾਂ ਵੀ ਸੰਗਤ ਨੂੰ ਸੰਬੋਧਨ ਕਰਦਿਆਂ ਲੰਗਰ ਦੇ ਸਹਿਯੋਗ ਲਈ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਵਾਅਦਾ ਕੀਤਾ। ਹੈਮਿਲਟਨ ਤੋਂ ਪਹੁੰਚੇ ਸ੍ਰੀਮਤੀ ਖੁਸ਼ਮੀਤ ਕੌਰ ਸਿੱਧ ਹੋਰਾਂ ਸੰਬੋਧਨ ਕਰਦਿਆਂ ਹਰ ਤਰ੍ਹਾਂ ਦੇ ਸਹਿਯੋਗ ਦੀ ਗੱਲ ਕੀਤੀ। ਉਨ੍ਹਾਂ ਮਹਿਲਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਆਪਣੇ ਹੁਨਰ ਦੇ ਮੁਤਾਬਿਕ ਉਹ ਅੱਗੇ ਆਉਣ। ਹਰਜੀਤ ਕੌਰ, ਬਲਜੀਤ ਕੌਰ ਅਤੇ ਮੈਡਮ ਇੰਦੂ ਬਾਜਵਾ ਹੋਰਾਂ ਵੀ ਸੰਬੋਧਨ ਕੀਤਾ।
ਸ. ਤਾਰਾ ਸਿੰਘ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਊਣਤਾਈਆਂ ਰਹਿ ਜਾਂਦੀਆਂ, ਪਰ ਉਨ੍ਹਾਂ ਨੂੰ ਚਿਤਾਰਨ ਦੀ ਥਾਂ ਸਹਿਯੋਗ ਦੇ ਕੇ ਸੁਧਾਰਨ ਵਿੱਚ ਮਦਦ ਦਿਓ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਤੋਂ ਸ. ਹਰਪ੍ਰੀਤ ਸਿੰਘ ਗਿੱਲ ਨੇ ਸੰਬੋਧਨ ਕੀਤਾ ਅਤੇ ਕਬੱਡੀ ਰੈਫ਼ਰੀ ਤੇ ਕੋਚ ਸ. ਵਰਿੰਦਰ ਸਿੰਘ ਬਰੇਲੀ ਨੇ ਵੀ ਸੰਬੋਧਨ ਕੀਤਾ। ਸ. ਤਾਰਾ ਸਿੰਘ ਬੈਂਸ ਨੇ ਸ. ਜਰਨੈਲ ਸਿੰਘ ਰਾਹੋਂ ਹੋਰਾਂ ਨੂੰ ਸਟੇਜ ਉੱਤੇ ਬੁਲਾ ਕੇ ਆਪਣੇ ਕਲੱਬ ਬਾਰੇ ਦੱਸਣ ਨੂੰ ਕਿਹਾ। ਮਾਲਵਾ ਕਲੱਬ ਤੋਂ ਸ. ਜਗਦੀਪ ਸਿੰਘ ਵੜੈਚ, ਐੱਸ. ਬੀ.ਐੱਸ ਕਲੱਬ ਤੋਂ ਰਾਣਾ ਹਰਸਿਮਰਨਜੀਤ ਸਿੰਘ, ਮਨਜੀਤ ਸਿੰਘ ਬੱਲ੍ਹਾ ਅਤੇ ਗੁਰਪ੍ਰੀਤ ਕੌਰ ਹੋਰਾਂ ਸੰਬੋਧਨ ਕੀਤਾ। ਨਿਊਜ਼ੀਲੈਂਡ ਸਿੱਖ ਕਮੇਟੀ ਵੱਲੋਂ ਸ. ਗੁਰਵਿੰਦਰ ਸਿੰਘ ਔਲਖ ਹੋਰਾਂ ਸਭ ਦਾ ਧੰਨਵਾਦ ਕੀਤਾ।