6.2 ਦੀ ਤੀਬਰਤਾ ਦੇ ਭੁਚਾਲ ਨੇ ਨਿਊਜ਼ੀਲੈਂਡ ਦੇ ਵੈਲਿੰਗਟਨ, ਉੱਤਰੀ-ਦੱਖਣੀ ਟਾਪੂ ਹਿਲਾਇਆ 

ਵੈਲਿੰਗਟਨ, 30 ਅਕਤੂਬਰ – ਇੱਥੇ ਆਏ ਇੱਕ 6.2 ਤੀਬਰਤਾ ਦੇ ਭੂਚਾਲ ਨੇ ਅੱਜ ਦੁਪਹਿਰ ਨਿਊਜ਼ੀਲੈਂਡ ਦੇ ਬਹੁਤ ਸਾਰੇ ਹਿੱਸਿਆਂ ਨੂੰ ਹਿਲਾ ਕੇ ਰੱਖ ਦਿੱਤਾ। ਭੁਚਾਲ ਨੂੰ ਵੈਲਿੰਗਟਨ, ਉੱਤਰੀ ਟਾਪੂ, ਦੱਖਣੀ ਟਾਪੂ ਵਿੱਚ ਵਿਆਪਕ ਤੌਰ ‘ਤੇ ਮਹਿਸੂਸ ਕੀਤਾ ਗਿਆ। ਜੀਓਨੇਟ ਦਾ ਕਹਿਣਾ ਹੈ ਕਿ ਕਰੀਬ 15,500 ਲੋਕਾਂ ਨੇ ਭੂਚਾਲ ਨੂੰ ਮਹਿਸੂਸ ਕੀਤਾ। ਇਹ ਭੂਚਾਲ ਆਕਲੈਂਡ ਅਤੇ ਬਲਾੱਫ ਤੋਂ ਦੂਰ ਰਿਹਾ। ਵੈਲਿੰਗਟਨ ਦੇ ਲੋਕਾਂ ਨੇ ਦੱਸਿਆ ਕਿ ਇਹ ਭੂਚਾਲ ੩੦ ਸਕਿੰਟਾਂ ਤੱਕ ਚੱਲਿਆ ਸੀ।
ਜ਼ਿਕਰਯੋਗ ਹੈ ਕਿ ਨਵੰਬਰ 2016 ਵਿੱਚ ਕਾਈਕੋਰਾ ਦੇ ਨੇੜੇ 7.8 ਦੀ ਤੀਬਰਤਾ ਦੇ ਝਟਕੇ ਆਉਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਇਹ ਸਭ ਤੋਂ ਵੱਡਾ ਭੁਚਾਲ ਹੈ, ਕਾਈਕੋਰਾ ਦੇ ਨੇੜ ਆਏ ਭੂਚਾਲ ਵਿੱਚ ਉਸ ਵੇਲੇ ਦੋ ਲੋਕ ਮਾਰੇ ਗਏ ਸਨ।
ਭੂਚਾਲ ਕਾਰਨ ਸੰਸਦ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸੰਸਦ ਦੀ ਕਾਰਵਾਈ ਵਿਖਾਉਣ ਵਾਲੇ ਕੈਮਰੇ ਤੱਕ ਹੀਲ ਗਏ। ਸੰਸਦ ਦੀ ਬੈਠਕ ਦੁਪਹਿਰ 3.40 ਵਜੇ ਦਰਮਿਆਨ ਮੁੜ ਸ਼ੁਰੂ ਕੀਤੀ ਗਈ।
ਦੁਪਹਿਰ 3.13 ਵਜੇ ਆਇਆ ਇਹ 30 ਸੈਕੰਡ ਦਾ ਭੂਚਾਲ ਜ਼ਮੀਨ ਦੇ 165 ਕਿੱਲੋ ਮੀਟਰ ਦੀ ਡੂੰਘਾਈ ‘ਤੇ ਸੀ ਅਤੇ ਤੌਰਮਰੂਨਈ ਦੇ ਦੱਖਣ-ਪੱਛਮ ਵਿੱਚ 25 ਕਿੱਲੋ ਮੀਟਰ ‘ਤੇ ਸੀ।
ਸਿਵਲ ਡਿਫੈਂਸ ਵੱਲੋਂ ਸੁਨਾਮੀ ਦੀ ਕੋਈ ਵਾਰਨਿੰਗ ਨਹੀਂ ਦਿੱਤੀ ਗਈ ਹੈ। ਸਿਵਲ ਡਿਫੈਂਸ ਮੰਤਰੀ ਕ੍ਰਿਸ ਫਾਫੋਈ ਨੇ ਕਿਹਾ ਕਿ ਦੇਸ਼ ਭਰ ਵਿੱਚ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਿਵਲ ਡਿਫੈਂਸ ਮੰਤਰਾਲੇ ਮਾਨਵਾਤੂ / ਫਾਂਗਨੂਈ ਸਿਵਲ ਡਿਫੈਂਸ ਗਰੁੱਪ ਦੇ ਸੰਪਰਕ ਵਿੱਚ ਸੀ ਅਤੇ ਪੁਸ਼ਟੀ ਕੀਤੀ ਕਿ ਇਸ ਪਾਸੇ ਕਿਸੇ ਵੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।