8 ਮਾਰਚ ਨੂੰ ਔਰਤ ਦਿਵਸ ‘ਤੇ ਵਿਸ਼ੇਸ਼: ਬਹਾਰਾਂ ਗੀਤ ਨੇ ਗਾਉਂਦੀਆਂ ਜਿੱਥੇ ਔਰਤ ਦਾ ਸਨਮਾਨ

ਹਰਕੀਰਤ ਕੌਰ, 0091 9779118066

ਸਮਾਂ ਲਗਾਤਾਰ ਆਪਣੀ ਚਾਲੇ ਚਲਦਾ ਰਹਿੰਦਾ ਹੈ , ਇਸ ਦੇ ਨਾਲ ਹੀ ਸਮਾਜ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ, ਸਮੇਂ ਦੇ ਇਸ ਗੇੜ ਨਾਲ ਭਾਵੇਂ ਸਮਾਜ ਭੌਤਿਕ ਤੌਰ ਤੇ ਤਰੱਕੀ ਕਰੇ ਪਰ ਜੇਕਰ ਉਸ ਦੀ ਸੋਚ ਵਿੱਚ ਤਬਦੀਲੀ ਨਾ ਆਵੇ ਤਾਂ ਸਿੱਟੇ ਕੁਝ ਕਾਰਗਰ ਨਹੀਂ ਨਿਕਲਦੇ।
ਜੇਕਰ ਸਮੇਂ ਦੇ ਚਲਦੇ ਇਸ ਚੱਕਰਵਿਊ ਵਿੱਚ ਔਰਤ ਦੀ ਗੱਲ ਕੀਤੀ ਜਾਵੇ ਤਾਂ ਯੁੱਗ ਭਾਵੇਂ ਕੋਈ ਵੀ ਹੋਵੇ ਔਰਤ ਦਾ ਨਾਮ ਲੈਂਦਿਆਂ ਹੀ ਤਿਆਗ, ਸਹਿਣਸ਼ੀਲਤਾ ਅਤੇ ਬਲੀਦਾਨ ਦੀ ਤਸਵੀਰ ਸਾਡੇ ਸੋਚ ਦੇ ਵਿਹੜੇ ਮਲ ਲੈਂਦੀ ਹੈ। ਔਰਤ ਦੀ ਮਹਾਨਤਾ ਨੂੰ ਦਰਸਾਉਂਦਿਆਂ ਨਾਨਕ ਸਿੰਘ ਲਿਖਦਾ ਹੈ,”ਓ ਇਸਤਰੀ! ਤੂੰ ਐਡੀ ਉੱਚਤਾ, ਐਡੀ ਵਿਸ਼ਾਲਤਾ ਕਿੱਥੋਂ ਪ੍ਰਾਪਤ ਕਰ ਲਈ? ਸਹਿਣਸ਼ੀਲਤਾ ਦੇ ਸੋਮੇ ਤੇਰੇ ਅੰਦਰ, ਮਮਤਾ ਦੀਆਂ ਕਾਂਗਾਂ ਤੇਰੇ ਵਿੱਚ,ਤਿਆਗ ਦੇ ਅਟੁੱਟ ਪਹਾੜ ਤੇਰੇ ਵਿੱਚ, ਪਿਆਰ ਦੇ ਅਥਾਹ ਸਮੁੰਦਰ ਤੇਰੇ ਵਿੱਚ। ਇਹ ਸਭ ਕੁਝ, ਹੇ ਇਸਤਰੀ! ਤੂੰ ਕਿੱਥੋਂ ਪ੍ਰਾਪਤ ਕਰ ਲਿਆ?” ਪਰ ਇਸ ਸਭ ਦੇ ਚਲਦਿਆਂ ਔਰਤ ਬਚਪਨ ਤੋਂ ਬਹੁਤ ਸਾਰੇ ਵਿਤਕਰਿਆਂ ਦਾ ਸ਼ਿਕਾਰ ਹੁੰਦੀ ਆਈ ਹੈ।
ਭਾਰਤੀ ਸਮਾਜ ਸ਼ੁਰੂ ਤੋਂ ਹੀ ਮਰਦ ਪ੍ਰਧਾਨ ਦੇਸ਼ ਰਿਹਾ ਹੈ। ਔਰਤ, ਜੋ ਕਿ ਸਮਾਜ ਦਾ ਫ਼ੀ ਸਦੀ ਹਿੱਸਾ ਹੈ, ਨੂੰ ਸਮਾਜ ਨੇ ਉਹ ਮਾਣ-ਸਨਮਾਨ ਨਹੀਂ ਦਿੱਤਾ ਜਿਸ ਦੀ ਉਹ ਹੱਕਦਾਰ ਹੈ। ਜਦਕਿ ਸਾਰੇ ਰਿਸ਼ਤਿਆਂ ਦੀ ਬੁਨਿਆਦ ਖ਼ੁਦ ਔਰਤ ਹੈ। ਆਦਮੀ ਔਰਤ ਦੀ ਕੁੱਖ ਵਿਚੋਂ ਹੀ ਜਨਮ ਲੈਂਦਾ ,ਉਸ ਦੀ ਬੁੱਕਲ ਦਾ ਨਿੱਘ ਮਾਣਦਾ ਹੀ ਪਲਦਾ ਤੇ ਜਵਾਨ ਹੁੰਦਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਆਦਿ ਕਾਲ ਤੋਂ ਲੈ ਕੇ ਅੱਜ ਤੱਕ ਔਰਤ ਆਪਣੀ ਹੋਂਦ ਲਈ ਲੜਦੀ ਆ ਰਹੀ ਹੈ।ਹਰ ਸਮਾਜ ਵਿੱਚ ਹਰ ਸਮੇਂ ਵਿੱਚ ਇਸ ਕਿਰਦਾਰ ਨੂੰ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਹੈ। ਮਮਤਾ ਦੀ ਮੂਰਤ, ਰੱਬ ਦਾ ਦੂਜਾ ਨਾਂ ਕਹੀ ਜਾਣ ਵਾਲੀ ਔਰਤ ਨੂੰ ਪੈਰ ਦੀ ਜੁੱਤੀ ਵੀ ਸਮਝਿਆ ਜਾਂਦਾ ਹੈਂ। ਬੇਸ਼ੱਕ ਅੱਜ ਦੇ ਦੌਰ ‘ਚ ਅਸੀਂ ਦਾਅਵਾ ਕਰਦੇ ਹਾਂ ਕਿ ਔਰਤ ਸਮਾਨਤਾ ਦਾ ਅਧਿਕਾਰ ਮਾਣ ਰਹੀ ਹੈ। ਪਰ ਅੱਸੀ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹਾਂ। ਅਖ਼ਬਾਰਾਂ, ਖ਼ਬਰਾਂ, ਟੀ. ਵੀ, ਫ਼ਿਲਮਾਂ ਦੇ ਕੈਮਰਿਆਂ ਦੀ ਅੱਖ ਤੋਂ ਦੂਰ ਘਰਾਂ ਦੀਆਂ ਚਾਰ ਦਿਵਾਰੀਆਂ ਵਿੱਚ ਬੈਠੀਆਂ ਬਹੁਤ ਸਾਰੀਆਂ ਔਰਤਾਂ ਅੱਜ ਵੀ ਜੀਣ ਦਾ ਚਾਅ ਮਾਰ ਕੇ ਦੱਬੀ ਘੁੱਟੀ ਜ਼ਿੰਦਗੀ ਜੀਅ ਰਹੀਆਂ ਹਨ। ਮੈਂ ਉਨ੍ਹਾਂ ਔਰਤਾਂ ਦੀ ਗੱਲ ਕਰ ਰਹੀਂ ਹਾਂ, ਜੋ ਕੈਮਰਿਆਂ ਦੀਆਂ ਨਜ਼ਰਾਂ ਤੋਂ ਓਹਲੇ ਹਨ, ਜੋ ਨਿੱਤ ਤਸ਼ੱਦਦ ਸਹਿੰਦੀਆਂ ਪਤੀ ਦੀ ਕੁੱਟ ਦਾ ਸ਼ਿਕਾਰ ਹੁੰਦੀਆਂ ਹਨ,ਆਪਣੇ ਹੱਡਾ ਨੂੰ ਕੱਠਿਆਂ ਕਰ ਵਿਲਕਦੀਆਂ ਸੌਂ ਜਾਂਦੀਆਂ ਤੇ ਫਿਰ ਉਸੇ ਦਰਦ ਭਰੀ ਦੇਹ ਨਾਲ ਸਵੇਰੇ ਉੱਠ ਅੰਨ ਪਾਣੀ ਕਰਦੀਆਂ, ਮੈਂ ਗੱਲ ਕਰ ਰਹੀਂ ਹਾਂ ਅਨੇਕਾਂ ਉਨ੍ਹਾਂ ਫੁੱਟਦੀਆਂ ਕਰੂੰਬਲਾਂ ਦੀ ਜਿੰਨਾ ਨੂੰ ਖਿੜਨ ਤੋਂ ਪਹਿਲਾਂ ਮਰਦ ਆਪਣੀ ਹਵਸ ਦੇ ਭਾਰ ਹੇਠ ਦਰੜ ਦਿੰਦਾ ਹੈ, ਤੇ ਉਸ ਦਰੜੀ ਕਰੂੰਬਲ ਦੀ ਅਵਾਜ਼ ਅਸਮਾਨ ਤੇ ਧਰਤੀ ਦੋਨਾਂ ਦਾ ਸੀਨਾ ਪਾੜ ਦਿੰਦਾ ਹੈ। ਮੈਂ ਉਨ੍ਹਾਂ ਔਰਤਾਂ ਦਾ ਜ਼ਿਕਰ ਕਰ ਰਹੀਂ ਹਾਂ ਜਿੰਨਾ ਦੇ ਹੱਥ ਵਿੱਚ ਅੱਜ ਵੀ ਪੈੱਨ, ਪੈਨਸਿਲ, ਕਿਤਾਬਾਂ ,ਕਾਪੀਆਂ ਦੀ ਥਾਂ ਦਾਤੀ, ਰੰਬੇ ਕਹੀਆਂ ਹਨ….. ਸੱਚਮੁੱਚ ਅਜਿਹੀਆਂ ਲੱਖਾਂ ਕਰੋੜਾਂ ਔਰਤਾਂ ਹਨ ਜੋ ਆਪਣੀ ਜੂਨ ਪੂਰੀ ਕਰ ਇਸ ਧਰਤੀ ਤੋਂ ਕੂਚ ਕਰ ਜਾਂਦੀਆਂ ਹਨ।
ਭਾਵੇਂ ਸਮਾਜ ਵਿਚ ਔਰਤ ਨੂੰ ਬਰਾਬਰ ਦਾ ਸਥਾਨ ਦੇਣ ਲਈ ਸਮੇਂ-ਸਮੇਂ ‘ਤੇ ਅਨੇਕਾਂ ਯਤਨ ਕੀਤੇ ਗਏ ਹਨ। ਪਰ ਇਸ ਵਿੱਚ ਕੋਈ ਦੋਰਾਇ ਨਹੀਂ ਕਿ ਮਰਦ ਦੀ ਪ੍ਰਧਾਨਗੀ ਦਾ ਪਰਛਾਵਾਂ ਹਮੇਸ਼ਾ ਔਰਤ ਦੇ ਅਕਸ ਤੇ ਭਾਰੂ ਪੈਂਦਾ ਰਿਹਾ ਹੈ।ਔਰਤ ਆਪਣੀ ਜ਼ਿੰਦਗੀ ‘ਚ ਕਈ ਕਿਰਦਾਰ ਅਦਾ ਕਰਦੀ ਹੈ ਕਦੇ ਬੇਟੀ, ਕਦੇ ਭੈਣ, ਕਦੇ ਨੂੰਹ, ਕਦੇ ਸੱਸ ਤੇ ਕਦੇ ਪਤਨੀ ਪਰ ਇਹ ਕਿਰਦਾਰ ਨਿਭਾਉਂਦੇ ਹੋਏ ਨਾ ਚਾਹੁੰਦੇ ਹੋਏ ਵੀ ਆਪਣੇ ਸੁਪਨਿਆਂ ਦਾ ਗੱਲਾ ਘੁੱਟ ਦਿੰਦੀ ਹੈ ਤਾਂ ਜੋ ਉਹ ਪਰਿਵਾਰ ਤੇ ਸਮਾਜ ਦੀਆਂ ਦੂਸ਼ਣਬਾਜ਼ੀਆਂ ਤੋਂ ਬਚ ਸਕੇ।ਪਰ ਆਪਣੇ ਸੁਪਨਿਆਂ ਨੂੰ ਮਾਰਨ ਦੇ ਬਾਵਜੂਦ ਵੀ ਉਸ ਦੇ ਪੱਲੇ ਸਿਰਫ਼ ਜਲੀਲਤਾ, ਤੇ ਲਾਚਾਰਤਾ ਆਉਂਦੀ ਹੈ। ਮਰਦ ਪ੍ਰਧਾਨ ਸਮਾਜ ਨੇ ਔਰਤਾਂ ਪ੍ਰਤੀ ਅਜਿਹੀ ਮਾਨਸਿਕਤਾ ਬਣਾ ਦਿੱਤੀ ਹੈ ਕਿ ਉਨ੍ਹਾਂ ਦੀ ਸਮਝ ਅਧੂਰੀ ਹੈ, ਉਹ ਆਪਣੇ ਫ਼ੈਸਲੇ ਆਪ ਨਹੀਂ ਲੈ ਸਕਦੀਆਂ। ਇਸ ਸਭ ਦੇ ਚੱਲਦੇ ਹੋਏ ਕੁਝ ਚੇਤਨ ਔਰਤਾਂ ਨੇ ਆਪਣੀ ਦ੍ਰਿੜ੍ਹ ਨਿਸ਼ਚੇ ਦੇ ਬਲਬੂਤੇ ਤੇ ਪਛਾਣ ਬਣਾਈ ਹੈ। ਅੱਜ ਔਰਤਾਂ ਦੇਸ਼ ਦੀ ਪ੍ਰਗਤੀ ਵਿਚ ਅਹਿਮ ਹਿੱਸਾ ਪਾ ਰਹੀਆਂ ਹਨ। ਅੱਜ ਦੀ ਔਰਤ ਬੱਸ ਕੰਡਕਟਰ ਤੋਂ ਲੈ ਕੇ ਚੰਨ ਤਕ ਹਰ ਪਾਸੇ ਅੱਗੇ ਵਧ ਰਹੀ ਹੈ। ਹਰ ਕੰਮ ‘ਚ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਹਨ। ਭਾਵੇਂ ਗੱਲ ਹੋਵੇ ਮਦਰ ਟੈਰੇਸਾ, ਕਲਪਨਾ ਚਾਵਲਾ, ਇੰਦਰਾ ਗਾਂਧੀ, ਕਿਰਨ ਬੇਦੀ, ਸਾਇਨਾ ਨੇਹਵਾਲ ਹਰ ਖੇਤਰ ‘ਚ ਔਰਤਾਂ ਨੇ ਆਪਣਾ ਇੱਕ ਮੁਕਾਮ ਹਾਸਿਲ ਕੀਤਾ ਹੈ। ਘਰ ਦੀ ਚਾਰਦੀਵਾਰੀ ਤੋਂ ਬਾਹਰ ਆ ਕੇ ਅੱਜ ਦੀ ਔਰਤ ਬੁਲੰਦੀ ਦੀ ਪਰਵਾਜ਼ ਭਰ ਰਹੀ ਹੈ। ਪਰ ਬਹੁਤ ਸਾਰੀਆਂ ਔਰਤਾਂ ਹਨ ਜੋ ਪੱਛਮ ਦੇ ਨਾਰੀਵਾਦੀ ਸਿਧਾਂਤਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੀਆਂ ਹੋਈਆਂ ਆਪਣੀ ਸਥਿਤੀਆਂ ਨੂੰ ਸੁਧਾਰਨ ਬਾਬਤ ਸੋਚਦੀਆਂ ਹਨ ਪਰ ਔਰਤ ਦੀ ਬੁਲੰਦੀ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਇਹ ਜ਼ਾਲਮ ਸਮਾਜ ਆਪਣੀ ਪਛੜੀ ਹੋਈ ਸੋਚ ਨਾਲ ਕੁਤਰ ਦਿੰਦਾ ਹੈ ਤੇ ਔਰਤ ਦੇ ਸੁਪਨਿਆਂ ਦੀ ਮੌਤ ਹੋ ਜਾਂਦੀ ਹੈ।ਭਾਵੇਂ ਅਸੀਂ ਅੱਜ ਤਰੱਕੀ ਦੇ ਵੱਡੇ-ਵੱਡੇ ਦਾਅਵੇ ਕਰਦੇ ਨਹੀਂ ਥੱਕਦੇ ਤੇ ਦੁਨੀਆ ਦੇ ਪਿਛਲੇ ਸਭ ਮਨੁੱਖਾਂ ਤੋਂ ਖ਼ੁਦ ਨੂੰ ਅੱਵਲ ਤੇ ਸਭਿਅਕ ਕਹਾਉਣ ਵਿਚ ਮਾਣ ਮਹਿਸੂਸ ਕਰਦੇ ਹਾਂ ਪਰ ਐਨੀ ਤਰੱਕੀ ਕਰ ਲੈਣ ਦੇ ਬਾਵਜੂਦ ਸਾਡੇ ਸਮਾਜ ਵਿਚ ਅੱਜ ਔਰਤ ਦੀ ਇੱਜ਼ਤ ਤਕ ਮਹਿਫ਼ੂਜ਼ ਨਹੀਂ ਹੈ। ਨਿੱਕੀਆਂ ਬੱਚੀਆਂ ਤੋਂ ਲੈ ਕੇ ਅਧਖੜ ਉਮਰ ਦੀਆਂ ਔਰਤਾਂ ਨਿੱਤ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ।ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਅਸੀਂ ਇੱਕ ਚੰਗਾ ਅਤੇ ਸਭਿਅਕ ਸਮਾਜ ਸਿਰਜਣ ਵਿੱਚ ਅਸਫਲ ਰਹੇ ਹਾਂ। ਔਰਤਾਂ ਦੀ ਸਥਿਤੀ ਤੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਚ ਇੱਕ ਸਰਵੇਖਣ ਕਰਵਾਇਆ ਗਿਆ ਜਿਸ ਵਿਚ ਭਾਰਤ ਚੌਥੇ ਸਥਾਨ ਉੱਤੇ ਸੀ। ਥਾਮਸਨ ਰਾਈਟਰਜ਼ ਫਾਊਂਡੇਸ਼ਨ ਦਾ ਉਕਤ ਸਰਵੇ ਸੰਸਾਰ ਦੇ ਕੁਲ ਦੇਸ਼ਾਂ ਦੀਆਂ ਔਰਤਾਂ ਦੇ ਹਾਲਾਤ ‘ਤੇ ਆਧਾਰਤ ਹੈ। ਇਸ ਸਰਵੇ ਵਿਚ ਭਾਰਤ ਨੂੰ ਔਰਤਾਂ ਲਈ ਸਭ ਤੋਂ ਵੱਧ ਗ਼ੈਰ-ਮਹਿਫ਼ੂਜ਼ ਕਰਾਰ ਦਿੰਦਿਆਂ ਪਹਿਲੇ ਸਥਾਨ ਉੱਤੇ ਰੱਖਿਆ ਗਿਆ ਹੈ। ਸਰਵੇਖਣ ਵਿਚ ਇਕੱਲਾ ਜਿਨਸੀ ਸ਼ੋਸ਼ਣ ਜਾਂ ਛੇੜ-ਛਾੜ ਦੇ ਹੀ ਮੁੱਦੇ ਨਹੀਂ ਹਨ ਸਗੋਂ ਇਸ ਦੇ ਨਾਲ-ਨਾਲ ਔਰਤਾਂ ਦੀ ਸਿਹਤ, ਸਭਿਆਚਾਰਕ ਰਵਾਇਤਾਂ, ਭੇਦ-ਭਾਵ, ਕੁੱਟਮਾਰ ਤੇ ਮਨੁੱਖੀ ਜਿਸਮ ਦੀ ਸਮਗਲਿੰਗ ਦੇ ਮਾਮਲੇ ਵੀ ਸ਼ਾਮਲ ਕੀਤੇ ਗਏ ਹਨ ਫਾਊਂਡੇਸ਼ਨ ਨੇ ਆਪਣੀ ਰਿਪੋਰਟ ਵਿਚ ਭਾਰਤ ਦਾ ਜ਼ਿਕਰ ਕਰਦਿਆਂ ਲਿਖਿਆ ਹੈ ‘ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਬਾਦੀ ਵਾਲੇ ਦੇਸ਼ ਜਿੱਥੇ . ਬਿਲੀਅਨ ਲੋਕ ਰਹਿੰਦੇ ਹਨ, ਉਹ ਤਿੰਨ ਮਾਮਲਿਆਂ ਵਿਚ ਦੁਨੀਆ ਦਾ ਸਭ ਤੋਂ ਖ਼ਤਰਨਾਕ ਦੇਸ਼ ਹੈ ਤੇ ਇਹ ਹਨ, ਔਰਤਾਂ ਦੇ ਵਿਰੁੱਧ ਜਿਨਸੀ ਤਸ਼ੱਦਦ, ਸਭਿਆਚਾਰਕ ਤੇ ਰਵਾਇਤੀ ਮਾਮਲੇ ਅਤੇ ਇਨਸਾਨੀ ਸਮਗਲਿੰਗ ਆਦਿ। ‘ਚ ਜਦੋਂ ਨੋਬਲ ਪੁਰਸਕਾਰ ਲੈਣ ਵਾਲਿਆਂ ਦੇ ਨਾਂ ਸਾਹਮਣੇ ਆਉਂਦੇ ਹਨ ਤਾਂ ਉਸ ਸੂਚੀ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਵਰ੍ਹਿਆਂ ਦਾ ਇਹ ਸਫ਼ਰ ਸਿਰਫ਼ ਸਮੇਂ ਨੇ ਤੈਅ ਕੀਤਾ ਪਰ ਔਰਤਾਂ ਕਿਤੇ ਪਿੱਛੇ ਹੀ ਛੁੱਟ ਗਈਆਂ। ਸ਼ਾਇਦ ਇਸੇ ਲਈ ‘ਚ ਪਿਛਲੇ ਸਾਲਾਂ ‘ਚ ਭੌਤਿਕ ਸ਼ਾਸਤਰ ਲਈ ਨੋਬਲ ਪੁਰਸਕਾਰ ਜਿੱਤਣ ਵਾਲੀ ਮਹਿਲਾ ਵਿਗਿਆਨੀ ਡੋਨਾ ਸਟ੍ਰਿਕਲੈਂਡ ਨੇ ਕਿਹਾ ਸੀ, ”ਮੈਨੂੰ ਹੈਰਾਨੀ ਨਹੀਂ ਹੈ ਕਿ ਆਪਣੇ ਵਿਸ਼ੇ ‘ਚ ਨੋਬਲ ਜਿੱਤਣ ਵਾਲੀ ਤੋਂ ਲੈ ਕੇ ਹੁਣ ਤਕ ਮੈਂ ਤੀਜੀ ਔਰਤ ਹਾਂ। ਆਖ਼ਿਰ ਅਸੀਂ ਜਿਸ ਦੁਨੀਆ ਵਿਚ ਰਹਿੰਦੀਆਂ ਹਾਂ, ਉੱਥੇ ਮਰਦ ਹੀ ਮਰਦ ਨਜ਼ਰ ਆਉਂਦੇ ਹਨ।” ਅਜਿਹੀਆਂ ਹੋਰ ਪਤਾ ਨਹੀਂ ਕਿੰਨੀਆਂ ਕੁ ਉਦਾਹਰਨਾਂ ਨਿੱਤ ਬਣਦੀਆਂ ਹਨ ।
ਬਸ਼ਰਤੇ ਅਸੀਂ ਬਹੁਤ ਤਰੱਕੀ ਕਰ ਲਈ ਹੈ, ਚੰਨ ਤੱਕ ਦੀ ਉਡਾਣ ਵੀ ਭਰ ਲਈ, ਉਸ ਵਿੱਚ ਔਰਤਾਂ ਨੇ ਵੀ ਯੋਗਦਾਨ ਪਾਇਆ ਹੈ ਪਰ ਉਨ੍ਹਾਂ ਲੱਖਾਂ ਕਰੋੜਾਂ ਔਰਤਾਂ ਦਾ ਕੀ ਜੋ ਲਾਚਾਰ, ਬੇਬਸੀ ਦਾ ਸ਼ਿਕਾਰ ਹੋਈ ਜ਼ਿੰਦਗੀ ਦਾ ਭਾਰ ਮੋਢਿਆਂ ਤੇ ਢੋਂਦੀ ਮੁੱਕ ਜਾਂਦੀ ਹੈ। ਹਰ ਇੱਕ ਔਰਤ ਸਨਮਾਨ ਦੀ ਹੱਕਦਾਰ ਹੈ, ਹਰ ਇੱਕ ਧੀ ਨੂੰ ਹੱਕ ਹੈ ਕਿ ਉਹ ਪੜ੍ਹ ਸਕੇ, ਹਰ ਧੀ ਨੂੰ ਹੱਸਣ ਦੀ ਖੁੱਲ੍ਹ ਹੈ,ਆਪਣੀ ਜ਼ਿੰਦਗੀ ਦੇ ਫ਼ੈਸਲੇ ਖ਼ੁਦ ਕਰਨ ਦਾ ਅਧਿਕਾਰ ਹੈ, ਇਸ ਸਮਾਜ ਕੋਲ ਕੋਈ ਹੱਕ ਨਹੀਂ ਕਿ ਆਪਣੇ ਸੁਪਨਿਆਂ ਦੀਆਂ ਪੈੜਾਂ ਨੱਪਦੀਆਂ ਧੀਆਂ ਦੇ ਖੰਭ ਕੱਟਣ ਲਈ ਉਨ੍ਹਾਂ ਨੂੰ ਚਰਿੱਤਰ ਸਰਟੀਫਿਕੇਟ ਫੜਾਵੇ। ਸਮਾਜ ਦੇ ਹਰੇਕ ਨਾਗਰਿਕ ਨੂੰ ਔਰਤ ਦਾ ਸਨਮਾਨ ਕਰਨਾ ਚਾਹੀਦਾ ਹੈ, ਜਿਸ ਦੇਸ਼ ਵਿਚ ਔਰਤ ਮਹਿਫ਼ੂਜ਼ ਨਹੀਂ ਉਹ ਦੇਸ਼ ਇੱਕ ਚੰਗਾ ਦੇਸ਼ ਤੇ ਸਭਿਅਕ ਦੇਸ਼ ਕਹਿਲਾਉਂਣ ਦਾ ਹੱਕਦਾਰ ਨਹੀਂ। ਉੱਠੋ ਤੇ ਗੁਰੂ ਨਾਨਕ ਸਾਹਿਬ ਦੇ ਧੀਆਂ ਦੇ ਹੱਕ ਵਿੱਚ ਮਾਰੇ ਨਾਅਰੇ ਨੂੰ ਬੁਲੰਦ ਕਰੀਏ। ਤਾਂ ਹੀ ਅਸੀਂ ਇੱਕ ਚੰਗਾ ਸਮਾਜ ਸਿਰਜ ਸਕਦੇ ਹਾਂ, ਮਾਵਾਂ ਬਚਪਨ ਤੋਂ ਆਪਣੇ ਬੇਟਿਆਂ ਨੂੰ ਔਰਤਾਂ ਦੀ ਇੱਜ਼ਤ ਕਰਨਾ ਸਿਖਾਉਣ ਤਾਂ ਜੋ ਜਨਤਕ ਥਾਂ ਤੇ ਖਲੋਤੀ ਧੀ ਅਸੁੱਰਿਖਤ ਮਹਿਸੂਸ ਨਾ ਕਰੇ। ਸਰਕਾਰਾਂ ਔਰਤ ਦੀ ਨਿਰਾਦਰੀ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਦੀ ਸ਼ਿਕਾਰ ਹੋ ਚੁੱਕੀਂ ਧੀ ਨੂੰ ਇਨਸਾਫ਼ ਲਈ ਕਚਹਿਰੀਆਂ ਦੇ ਚੱਕਰ ਨਾ ਕੱਟਣੇ ਪੈਣ ।
ਹਰਕੀਰਤ ਕੌਰ
÷÷