ਪ੍ਰਸ਼ਾਂਤ ਭੂਸ਼ਣ ਨੇ ਮੁਆਫ਼ੀ ਮੰਗਣ ਤੋਂ ਨਾਂਹ ਕੀਤਾ

ਨਵੀਂ ਦਿੱਲੀ, 25 ਅਗਸਤ – ਸੁਪਰੀਮ ਕੋਰਟ ਵਿੱਚ ਚੱਲ ਰਹੇ ਹੱਤਕ ਮਾਮਲੇ ਵਿੱਚ 24 ਅਗਸਤ ਨੂੰ ਸਮਾਜਿਕ ਕਾਰਕੁਨ ਤੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਆਪਣੇ ਦੋ ਟਵੀਟਾਂ ਲਈ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤੀ ਹੈ। ਭੂਸ਼ਣ ਨੇ ਕਿਹਾ ਕਿ ਇਹ ਟਵੀਟ ਉਨ੍ਹਾਂ ਦੇ ਦ੍ਰਿੜ੍ਹ ਵਿਸ਼ਵਾਸ ਦੀ ਤਰਜਮਾਨੀ ਕਰਦੇ ਹਨ ਤੇ ਉਹ ਅੱਜ ਵੀ ਇਸ ‘ਤੇ ਕਾਇਮ ਹਨ।
ਗੌਰਤਲਬ ਹੈ ਕਿ ਭੂਸ਼ਣ ਨੇ ਸੁਪਰੀਮ ਕੋਰਟ ਵਿੱਚ ਦਾਇਰ ਆਪਣੇ ਸਪਲੀਮੈਂਟਰੀ ਬਿਆਨ ਵਿੱਚ ਕਿਹਾ ਸੀ ਕਿ ਜੇਕਰ ਉਹ ਇਨ੍ਹਾਂ ਟਵੀਟਾਂ ਲਈ ਮੁਆਫ਼ੀ ਮੰਗਦੇ ਹਨ ਤਾਂ ਇਹ ਉਨ੍ਹਾਂ ਦੇ ਆਪਣੇ ਜ਼ਮੀਰ ਨਾਲ ਬੇਵਫ਼ਾਈ ਜਾਂ ਕਪਟ ਕਰਨ ਦੇ ਬਰਾਬਰ ਹੋਵੇਗਾ। ਸੁਪਰੀਮ ਕੋਰਟ ਨੇ ਭੂਸ਼ਣ ਨੂੰ ਚਾਰ ਦਿਨ ਦਾ ਸਮਾਂ ਦਿੰਦਿਆਂ ਕਿਹਾ ਸੀ ਕਿ ਜੇਕਰ ਉਹ ਆਪਣੇ ਟਵੀਟ ਸਬੰਧੀ ਮੁਆਫ਼ੀ ਮੰਗਣ ਲਈ ਤਿਆਰ ਹੈ ਤਾਂ ਅਦਾਲਤ ਇਸ ਕੇਸ ਵਿੱਚ ਉਨ੍ਹਾਂ ਨਾਲ ਕੁੱਝ ਨਰਮੀ ਵਰਤਣ ਬਾਰੇ ਸੋਚ ਸਕਦੀ ਹੈ। ਇਸ ਤੋਂ ਪਹਿਲਾਂ ਸਿਖਰਲੀ ਅਦਾਲਤ ਨੇ ਭੂਸ਼ਣ ਨੂੰ 14 ਅਗਸਤ ਨੂੰ ਹੱਤਕ ਮਾਮਲੇ ਵਿੱਚ ਸੁਣਾਏ ਫ਼ੈਸਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ।