ਸਮੂਹ ਵਰਗਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਅਕਾਲੀ-ਭਾਜਪਾ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੇ ਕਦਮਾਂ ‘ਤੇ ਚੱਲ ਰਹੀ ਹੈ – ਬਾਦਲ

1415541__24* ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸੇਂਟ ਟਰੋਪੇਜ਼ ਵਿਖੇ ਸਥਾਪਤ ਕਰਨ ਲਈ ਫਰਾਂਸ ਦੇ ਰਾਜਦੂਤ ਨੂੰ ਭੇਟ
* ਮਹਾਰਾਜਾ ਰਣਜੀਤ ਸਿੰਘ ਨੂੰ ਅਵਾਮ ਦਾ ਸੱਚਾ ਸ਼ਾਸਕ ਦੱਸਿਆ
ਚੰਡੀਗੜ੍ਹ, 12 ਜੁਲਾਈ – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸੂਬੇ ਵਿੱਚ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਮਹਾਰਾਜ ਰਣਜੀਤ ਸਿੰਘ ਦੇ ਕਦਮਾਂ ‘ਤੇ ਚੱਲ ਰਹੀ ਹੈ। ਫਰਾਂਸ ਦੇ ਸ਼ਹਿਰ ਸੇਂਟ ਟਰੋਪੇਜ਼ ਵਿਖੇ ਸਥਾਪਤ ਕੀਤੇ ਜਾਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਸੇਂਟ ਟਰੋਪੇਜ਼ ਦੇ ਡਿਪਟੀ ਮੇਅਰ ਸ੍ਰੀ ਹੈਨਰੀ ਐਲਾਡ ਨੂੰ ਸੌਂਪਣ ਮੌਕੇ ਇੱਥੇ ਪੰਜਾਬ ਭਵਨ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਚੋਣਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਇਕ ਮਹਾਨ ਸ਼ਾਸਕ ਸੀ ਜਿਨ੍ਹਾਂ ਨੇ ਸਾਡੇ ਮਹਾਨ ਗੁਰੂਆਂ ਵੱਲੋਂ ਦਰਸਾਏ ਧਰਮ ਨਿਰਪੱਖਤਾ ਤੇ ਸਮਾਜਵਾਦ ਦੇ ਮਾਰਗ ਨੂੰ ਸਹੀ ਮਾਅਨਿਆਂ ਵਿੱਚ ਅਮਲ ਵਿੱਚ ਲਿਆਂਦਾ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਭਨਾਂ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਇਆ ਅਤੇ ਇੱਥੋਂ ਤੱਕ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਰਾਤ ਦੇ ਮੌਕੇ ਲੋਕਾਂ ਵਿੱਚ ਵਿਚਰਦੇ ਰਹੇ। ਸ. ਬਾਦਲ ਨੇ ਕਿਹਾ ਕਿ ਲੋਕਾਂ ਪ੍ਰਤੀ ਪ੍ਰੇਮ ਭਾਵ ਦੇ ਸਦਕਾ ਹੀ ਮਹਾਰਾਜਾ ਰਣਜੀਤ ਸਿੰਘ ਅਵਾਮ ਦੇ ਸੱਚੇ ਸ਼ਾਸਕ ਸਨ।
ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸੇਂਟ ਟਰੋਪੇਜ਼ ਵਿਖੇ ਸਥਾਪਤ ਕਰਨ ਲਈ ਫਰਾਂਸ ਸਰਕਾਰ ਤੇ ਇਸ ਸੈਰ ਸਪਾਟੇ ਵਾਲੇ ਸ਼ਹਿਰ ਦੀ ਅਥਾਰਟੀ ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਭਾਰਤ ਤੇ ਫਰਾਂਸ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤੀ… ਮਿਲੇਗੀ। ਫਰਾਂਸ ਤੇ ਪੰਜਾਬ ਦਰਮਿਆਨ ਸਦੀਆਂ ਪੁਰਾਣੀ ਇਤਿਹਾਸਕ ਸਬੰਧਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਹਾਨ ਸਿੱਖ ਰਾਜੇ ਮਹਾਰਾਜਾ ਰਣਜੀਤ ਸਿੰਘ ਨੇ ਬਰਤਾਨਵੀ ਸਾਮਰਾਜ ਦੇ ਪਾਸਾਰੇ ਨੂੰ ਰੋਕਣ ਲਈ ਫਰਾਂਸ ਦੇ ਮਹਾਨ ਯੋਧੇ ਜਨਰਲ ਜੀਨ ਫਰੈਂਕਿਉਸ ਐਲਾਡ ਨੂੰ ਚੁਣਿਆ ਸੀ। ਸ. ਬਾਦਲ ਨੇ ਕਿਹਾ ਕਿ ਜਨਰਲ ਐਲਾਡ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਪ੍ਰਮੁੱਖ ਜਨਰਲ ਸਾਬਤ ਹੋਇਆ ਕਿਉਂਕਿ ਜਿਨ੍ਹਾਂ ਚਿਰ ਦੋਵੇਂ ਜਿਉਂਦੇ ਰਹੇ, ਉਨ੍ਹਾਂ ਸਮਾਂ ਬਰਤਾਨਵੀ ਸ਼ਾਸਕ ਪੰਜਾਬ ‘ਤੇ ਕਬਜ਼ਾ ਕਰਨ ਦੇ ਸਮਰਥ ਨਹੀਂ ਹੋਇਆ।
ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਹ ‘ਤੇ ਚਲਦਿਆਂ ਸੂਬਾ ਸਰਕਾਰ ਨੇ ਅਨੇਕਾਂ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਸੂਬਾ ਸਰਕਾਰ ਨੇ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਹਨ ਜਿਸ ਤਹਿਤ ਵਿਰਾਸਤ-ਏ-ਖਾਲਸਾ, ਚੱਪੜਚਿੜੀ ਵਿਖੇ ਜੰਗੀ ਯਾਦਗਾਰ, ਜੰਗ-ਏ-ਆਜ਼ਾਦੀ, ਵਾਰ ਹੀਰੋਜ਼ ਮੈਮੋਰੀਅਲ, ਸ੍ਰੀ ਰਾਮ ਤੀਰਥ ਮੰਦਰ, ਸ੍ਰੀ ਗੁਰੂ ਰਵਿਦਾਸ ਵਰਗੀਆਂ ਅਨੇਕਾਂ ਯਾਦਗਾਰਾਂ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਪੰਜਾਬੀ ਇਤਿਹਾਸ ਸਿਰਜਣਾ ਜਾਣਦੇ ਹਨ ਪਰ ਉਨ੍ਹਾਂ ਨੇ ਆਪਣੇ ਇਤਿਹਾਸ ਨੂੰ ਸਾਂਭ ਕੇ ਨਹੀਂ ਰੱਖਿਆ। ਇਸ ਸਬੰਧੀ ਪਹਿਲੀ ਵਾਰ ਉਨ੍ਹਾਂ ਦੀ ਕੋਸ਼ਿਸ਼ ਕੀਤੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਨਿਮਾਣੀ ਸ਼ਰਧਾਂਜਲੀ ਇਹੀ ਹੈ ਕਿ ਸੂਬਾ ਸਰਕਾਰ ਨੇ ਉਨ੍ਹਾਂ ਦੇ ਨਾਮ ‘ਤੇ ਬਠਿੰਡਾ ਵਿਖੇ ਤਕਨੀਕੀ ਯੂਨੀਵਰਸਿਟੀ ਬਣਾਈ ਹੈ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਅਕੈਡਮੀ ਵੀ ਮੁਹਾਲੀ ਵਿਖੇ ਸਥਾਪਤ ਕੀਤੀ ਗਈ ਹੈ ਤਾਂ ਕਿ ਨੌਜਵਾਨਾਂ ਸਿਖਲਾਈ ਹਾਸਲ ਕਰਕੇ ਹਥਿਆਰਬੰਦ ਫੌਜਾਂ ਵਿੱਚ ਭਰਤੀ ਹੋਣ ਦੇ ਕਾਬਲ ਹੋ ਸਕਣ। ਸ. ਬਾਦਲ ਨੇ ਕਿਹਾ ਕਿ ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਇਸ ਸੰਸਥਾ 50 ਤੋਂ ਵੱਧ ਵਿਦਿਆਰਥੀ ਰੱਖਿਆ ਫੌਜਾਂ ਲਈ ਚੁਣੇ ਗਏ ਹਨ। ਇਸ ਮੌਕੇ ਜਨਰਲ ਐਲਾਰਡ ਦੇ ਪੜਪੋਤੇ ਅਤੇ ਸੇਂਟ ਟਰੋਪੇਜ਼ ਦੇ ਡਿਪਟੀ ਮੇਅਰ ਸ੍ਰੀ ਹੈਨਰੀ ਐਲਾਰਡ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਬੁੱਤ ਤੋਹਫੇ ਵਿੱਚ ਦੇਣ ਦੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ।
ਇਸ ਮੌਕੇ ਭਾਰਤ ਵਿੱਚ ਫਰਾਂਸ ਦੇ ਰਾਜਦੂਤ ਸ੍ਰੀ ਅਲਗਜ਼ੈਂਡਰ ਜ਼ੀਗਲਰ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਜਨਰਲ ਐਲਾਰਡ ਦੋਵਾਂ ਦੇਸ਼ਾਂ ਦਰਮਿਆਨ ਫੌਜੀ ਰਣਨੀਤਿਕ ਗੱਠਜੋੜ ਦੀ ਉੱਤਮ ਉਦਾਹਰਣ ਹਨ। ਉਨ੍ਹਾਂ ਕਿਹਾ ਕਿ ਇਹ ਇਕਮੁੱਠਤਾ, ਮਿੱਤਰਤਾ ਤੇ ਸਹਿਯੋਗ ਦੀ ਅਮੁੱਕ ਮਿਸਾਲ ਹੈ।  ਗੌਰਤਲਬ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ 2 ਫੁੱਟ 8.68 ਇੰਚ ਉੱਚਾ ਅਤੇ 110 ਕਿਲੋਗ੍ਰਾਮ ਵਜ਼ਨ ਵਾਲਾ ਤਾਂਬੇ ਦਾ ਇਹ ਬੁੱਤ ਪੰਜਾਬ ਸਰਕਾਰ ਵੱਲੋਂ ਫਰਾਂਸ ਨੂੰ ਤੋਹਫੇ ਵਿੱਚ ਦਿੱਤਾ ਗਿਆ ਹੈ। ਮੱਧ ਪ੍ਰਦੇਸ਼ ਦੇ ਸ਼ਹਿਰ ਗਵਾਲੀਅਰ ਦੇ ਰਹਿਣ ਵਾਲੇ ਪ੍ਰਭਾਤ ਮੂਰਤੀ ਕਲਾ ਕੇਂਦਰ ਵੱਲੋਂ ਤਿਆਰ ਕੀਤਾ ਇਹ ਬੁੱਤ ਕਲਾ ਦੀ ਮਿਸਾਲ ਹੈ।  ਇਸ ਮੌਕੇ ਕੈਬਨਿਟ ਮੰਤਰੀ ਸ. ਸੋਹਣ ਸਿੰਘ ਠੰਡਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐੱਸ. ਚੀਮਾ, ਡਾਇਰੈਕਟਰ ਸ੍ਰੀ ਨਵਜੋਤਪਾਲ ਸਿੰਘ ਰੰਧਾਵਾ ਅਤੇ ਸ੍ਰੀ ਜੇ.ਐੱਸ. ਚੀਮਾ ਹਾਜ਼ਰ ਸਨ। (ਨੋਟ : ਤਸਵੀਰ ਅਜੀਤ ਵਿੱਚੋਂ ਧੰਨਵਾਦ ਸਹਿਤ)