ਨਿਤੀਸ਼ ਭਾਜਪਾ ਦੀ ਹਮਾਇਤ ਨਾਲ 6ਵੀਂ ਵਾਰ ਮੁੜ ਬਿਹਾਰ ਦੇ ਮੁੱਖ ਮੰਤਰੀ ਬਣੇ

ਪਟਨਾ, 27 ਜੁਲਾਈ – ਜਨਤਾ ਦਲ (ਯੂ) ਦੇ ਮੁਖੀ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੂਬੇ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗੱਠਜੋੜ ਕਰਕੇ ਬਿਹਾਰ ਦੇ 6ਵੀਂ ਵਾਰ ਮੁੱਖ ਮੰਤਰੀ ਬਣ ਗਏ। ਉਨ੍ਹਾਂ ਨੇ ਆਪਣੇ ਪਹਿਲੇ ਹਮਾਇਤੀ ਲਾਲੂ ਪ੍ਰਸਾਦ ਯਾਦਵ ਦੇ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨੂੰ ਛੱਡ ਕੇ ਸੂਬੇ ਵਿਚਲੀ ਵਿਰੋਧੀ ਧਿਰ ਭਾਜਪਾ ਨਾਲ ਮੇਲ ਮਿਲਾਪ ਕਰ ਲਿਆ। ਸ੍ਰੀ ਨਿਤੀਸ਼ ਕੁਮਾਰ ‘ਮਹਾਂਗੱਠਜੋੜ’ ਛੱਡ ਕੇ ਅਸਤੀਫ਼ਾ ਦੇਣ ਤੋਂ ਮਹਿਜ਼ 12 ਘੰਟਿਆਂ ਬਾਅਦ ਹੀ ਮੁੜ ਹਲਫ਼ ਲੈ ਕੇ ਮੁੱਖ ਮੰਤਰੀ ਬਣ ਗਏ।
ਇੱਥੇ ਰਾਜ ਭਵਨ ਵਿਖੇ 66 ਸਾਲਾ ਸ੍ਰੀ ਨਿਤੀਸ਼ ਕੁਮਾਰ ਨੂੰ ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੇ ਅਹੁਦੇ ਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਉਨ੍ਹਾਂ ਦੇ ਨਾਲ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਮੋਦੀ ਨੇ ਵੀ ਸਹੁੰ ਚੁੱਕੀ, ਜੋ ਸੂਬੇ ਦੇ ਉਪ ਮੁੱਖ ਮੰਤਰੀ ਹੋਣਗੇ। ਰਾਜਪਾਲ ਸ੍ਰੀ ਤ੍ਰਿਪਾਠੀ ਨੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਆਪਣਾ ਬਹੁਮਤ ਸਾਬਤ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਪਿੱਛੋਂ ਨਿਤੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੋ ਕੁੱਝ ਫ਼ੈਸਲਾ ਲਿਆ ਹੈ, ਉਨ੍ਹਾਂ ਨੇ ਬਿਹਾਰ ਤੇ ਇਸ ਦੇ ਲੋਕਾਂ ਦੇ ਹਿੱਤ ਵਿੱਚ ਲਿਆ ਹੈ, ਇਸ ਨਾਲ ਵਿਕਾਸ ਤੇ ਨਿਆਂ ਯਕੀਨੀ ਬਣੇਗਾ।
ਜਦੋਂ ਕਿ ਦੂਜੇ ਪਾਸੇ ਕਾਂਗਰਸ ਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਸੂਬੇ ਵਿੱਚ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ ਰਾਜਪਾਲ ਵੱਲੋਂ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਨਾ ਦੇਣ ਖ਼ਿਲਾਫ਼ ਅਦਾਲਤ ਅਤੇ ਲੋਕ ਕਚਹਿਰੀ ਵਿੱਚ ਜਾਣ ਦਾ ਐਲਾਨ ਕੀਤਾ ਹੈ। ਆਰਜੇਡੀ ਤੇ ਕਾਂਗਰਸ ਨੇ ਸਮਾਗਮ ਵਿੱਚ ਹਿੱਸਾ ਨਾ ਲਿਆ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਇਸ ਕਦਮ ਨੂੰ 2019 ਦੀਆਂ ਲੋਕ ਸਭਾ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਵਿਰੋਧੀ ਧਿਰ ਦੇ ਭਗਵਾ ਬ੍ਰਿਗੇਡ ਨੂੰ ਰੋਕਣ ਤੇ ਆਰਐੱਸਐੱਸ ਦੇ ਵਿਰੋਧ ਦੇ ਉਨ੍ਹਾਂ ਦੇ ਦਾਅਵੇ ਵੀ ਧਰੇ ਧਰਾਏ ਰਹਿ ਗਏ ਹਨ।