ਮਾਰਸ਼ਲ ਅਰਜਨ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ

ਨਵੀਂ ਦਿੱਲੀ – 16 ਸਤੰਬਰ ਦਿਨ ਸ਼ਨੀਵਾਰ ਨੂੰ ਦੇਸ਼ ਦੇ ਇਕਲੌਤੇ ਮਾਰਸ਼ਲ ਅਰਜਨ ਸਿੰਘ ਦਾ ਦੇਹਾਂਤ ਹੋ ਗਿਆ ਸੀ, ਜਿਨ੍ਹਾਂ ਨੂੰ ਫ਼ੌਜੀ ਸਨਮਾਨਾਂ ਨਾਲ 18 ਸਤੰਬਰ ਦਿਨ ਸੋਮਵਾਰ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਮਰਹੂਮ ਮਾਰਸ਼ਲ ਅਰਜਨ ਸਿੰਘ ਨੂੰ ਲੜਾਕੂ ਜੈੱਟਜ਼ ਨਾਲ ‘ਫਲਾਈ ਪਾਸਟ’ ਤੇ 17 ਤੋਪਾਂ ਨਾਲ ਆਖ਼ਰੀ ਸਲਾਮ ਕੀਤਾ ਗਿਆ। ਮਾਰਸ਼ਲ ਅਰਜਨ ਸਿੰਘ ਦੇ ਦਿੱਲੀ ਛਾਉਣੀ ਇਲਾਕੇ ਦੇ ਬਰਾੜ ਸਕੁਏਅਰ ਸਥਿਤ ਸ਼ਮਸ਼ਾਨਘਾਟ ਵਿਖੇ ਕੀਤੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਸੀਨੀਅਰ ਸਿਆਸੀ ਆਗੂਆਂ ਤੋਂ ਇਲਾਵਾ ਭਾਰਤੀ ਫ਼ੌਜ ਦੇ ਸਿਖਰਲੇ ਅਧਿਕਾਰੀ ਮੌਜੂਦ ਸਨ। ਅਰਜਨ ਸਿੰਘ ਦੀ ਚਿਖਾ ਨੂੰ ਅੱਗ ਉਨ੍ਹਾਂ ਦੇ ਪੁੱਤ ਨੇ ਵਿਖਾਈ।
ਇਸ ਤੋਂ ਪਹਿਲਾਂ 98 ਸਾਲਾਂ ਦੇ ਅਰਜਨ ਸਿੰਘ ਦੇ ਸਸਕਾਰ ਮੌਕੇ ਗੁਰਬਾਣੀ ਦਾ ਪਾਠ ਕੀਤਾ ਗਿਆ। ਭਾਰਤੀ ਹਵਾਈ ਫ਼ੌਜ ਦੇ ਸੁਖੋਈ ਐੱਸਯੂ-30 ਐਮਕੇਆਈ ਲੜਾਕੂ ਜਹਾਜ਼ਾਂ ਨੇ 1965 ਦੀ ਭਾਰਤ ਪਾਕਿ ਜੰਗ ਦੇ ਹੀਰੋ ਨੂੰ ਸ਼ਰਧਾਂਜਲੀ ਵਜੋਂ ਫਲਾਈ ਪਾਸਟ ਦਿੱਤੀ। ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਐਮਆਈ-17 ਵੀ੫ ਨੇ ਵੀ ਇਸ ਪਾਸਟ ਵਿੱਚ ਹਿੱਸਾ ਲਿਆ। ਅਰਜਨ ਸਿੰਘ ਦੇ ਦੇਹਾਂਤ ਉੱਤੇ ਸ਼ੋਕ ਵਜੋਂ ਰਾਜਧਾਨੀ ਦਿੱਲੀ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ‘ਤੇ ਲੱਗੇ ਤਿਰੰਗੇ ਝੰਡੇ ਅੱਧੇ ਲਹਿਰਾਏ ਗਏ। ਇਸ ਤੋਂ ਪਹਿਲਾਂ ਉਨ੍ਹਾਂ ਦੀ ਰਿਹਾਇਸ਼ 7 ਕੌਟਿੱਲਿਆ ਮਾਰਗ ਕੇਂਦਰੀ ਦਿੱਲੀ ਤੋਂ ਅਰਜਨ ਸਿੰਘ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਝੰਡੇ ਵਿੱਚ ਲਪੇਟ ਕੇ ਇੱਕ ਤੋਪ ਵਾਲੀ ਗੱਡੀ ਰਾਹੀਂ ਬਰਾੜ ਸਕੁਏਅਰ ਲਿਆਂਦਾ ਗਿਆ। ਇਸ ਮੌਕੇ ਮੁਲਕ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਤੇ ਫ਼ੌਜ ਦੇ ਤਿੰਨਾਂ ਅੰਗਾਂ ਦੇ ਮੁਖੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਹਰਵਿੰਦਰ ਸਿੰਘ ਫੂਲਕਾ, ਵਿਧਾਇਕ ਜਰਨੈਲ ਸਿੰਘ ਤੇ ਸੁਰਿੰਦਰ ਸਿੰਘ ਕਮਾਂਡੋ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾ, ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ, ਅਦਾਕਾਰਾ ਮੰਦਿਰਾ ਬੇਦੀ ਤੇ ਹੋਰ ਅਧਿਕਾਰੀ, ਸਿਆਸੀ ਆਗੂ, ਰਿਸ਼ਤੇਦਾਰ ਅਤੇ ਦੋਸਤ ਮਿੱਤਰ ਹਾਜ਼ਰ ਸਨ। ਬੀਤੇ ਦਿਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਜਾ ਕੇ ਜੰਗ ਦੇ ਨਾਇਕ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ।
ਮਾਰਸ਼ਲ ਅਰਜਨ ਸਿੰਘ 1965 ਦੇ ਭਾਰਤ-ਪਾਕਿ ਯੁੱਧ ਦੇ ਨਾਇਕ ਸਨ ਅਤੇ ਇਕਲੌਤੇ ਹਵਾਈ ਸੈਨਾ ਦੇ ਅਧਿਕਾਰੀ ਸਨ, ਜਿਨ੍ਹਾਂ ਨੂੰ 5 ਸਟਾਰ ਰੈਂਕ ਦਿੱਤਾ ਗਿਆ ਸੀ, ਇਹ ਉਪਾਧੀ ਥਲ ਸੈਨਾ ਦੇ ਫ਼ੀਲਡ ਮਾਰਸ਼ਲ ਦੇ ਬਰਾਬਰ ਹੈ। ਅਰਜਨ ਸਿੰਘ ਨੂੰ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ 44 ਸਾਲ ਦੀ ਉਮਰ ‘ਚ ਹੀ ਭਾਰਤੀ ਹਵਾਈ ਸੈਨਾ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ, ਜਿਸ ਨੂੰ ਉਨ੍ਹਾਂ ਨੇ ਸ਼ਾਨਦਾਰ ਢੰਗ ਨਾਲ ਨਿਭਾਇਆ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਰਸ਼ਲ ਅਰਜਨ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਅਤੇ ਇਸ ਬਹਾਦਰ ਅਫ਼ਸਰ ਦੇ ਮਾਣ-ਸਤਿਕਾਰ ਵਿੱਚ ਤਿੰਨ ਦਿਨਾਂ ਦੇ ਰਾਜ ਪੱਧਰੀ ਸ਼ੋਕ ਦਾ ਐਲਾਨ ਕੀਤਾ ਸੀ।