ਅਕਾਲੀ-ਭਾਜਪਾ ਸਰਕਾਰ ਨੇ ਕਾਰੋਬਾਰੀ ਰੋਕਾਂ ਹਟਾ ਕੇ ਕਾਰੋਬਾਰ ਤੇ ਨਿਵੇਸ਼ ਕਰਨਾ ਸੌਖਾ ਬਣਾਇਆ – ਢੀਂਡਸਾ

ਪੰਜਾਬ ਅੰਦਰ ਨਿਵੇਸ਼ ਕਰਨ ਲਈ ਪਰਵਾਸੀਆਂ ਦੇ ਹੌਂਸਲੇ ਵਧੇ
ਕਨੇਡਾ, ਸਤੰਬਰ – ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਦੀ ਉਸਾਰੂ ਸੋਚ ਸਦਕਾ ਪੰਜਾਬ ਅੰਦਰ ਨਿਵੇਸ਼ ਕਰਨ ਲਈ ਪਰਵਾਸੀਆਂ ਦੇ ਹੌਂਸਲੇ ਵਧੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਵੈਨਕੂਵਰ, ਐਬਟਸਫੋਰਡ ਤੋਂ ਇਲਾਵਾ ਹੋਰਨਾਂ ਵੱਖ ਵੱਖ ਥਾਂਵਾਂ ਤੇ ਕਨੇਡਾ ਵਸਦੇ ਪੰਜਾਬੀਆਂ ਵਲੋਂ ਕਰਵਾਏ ਗਏ ਸਮਾਗਮਾਂ ਮੌਕੇ ਸੰਬੋਧਨ ਕਰਦਿਆਂ ਕੀਤਾ। ਸ. ਢੀਂਡਸਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਐਨ. ਡੀ. ਏ. ਦੀ ਸਰਕਾਰ ਬਣਾਉਣ…… ਲਈ ਉਤਾਵਲੇ ਹਨ। ਸ. ਢੀਂਡਸਾ ਨੇ ਕਿਹਾ ਕਿ ਪੰਜਾਬੀਆਂ ਨੇ ਇੱਥੇ ਆਦਰਸ਼ ਨਾਗਰਿਕ ਬਣ ਕੇ ਆਪਣੀ ਕੌਮ, ਦੇਸ਼ ਤੇ ਸੂਬੇ ਦਾ ਨਾਂ ਉਚਾ ਕੀਤਾ ਹੈ। ਭਾਰਤ-ਕਨੇਡਾ ਵਿਚਕਾਰ ਵਧੇਰੇ ਮਜ਼ਬੂਤ ਸਬੰਧ ਬਣਨ ਵਿੱਚ ਪੰਜਾਬੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਸ. ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਕ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਈ ਅਹਿਮ ਕਦਮ ਉਠਾਏ ਹਨ। ਸ. ਢੀਂਡਸਾ ਨੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਪੰਜਾਬ ਦੇ ਵਿਕਾਸ ਵਿੱਚ ਨਿਭਾਏ ਰੋਲ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਮਾਂ ਬੋਲੀ, ਸੱਭਿਆਚਾਰ, ਧਰਮ ਅਤੇ ਹੋਰਨਾਂ ਸਮਾਜਿਕ ਕਦਰਾਂ ਕੀਮਤਾਂ ਨੂੰ ਦੁਨੀਆ ਭਰ ਵਿਚ ਫੈਲਾਉਣ ਵਿਚ ਪੰਜਾਬੀਆਂ ਦੀ ਅਹਿਮ ਭੂਮਿਕਾ ਹੈ।
ਉਨ੍ਹਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਦੇ ਵਿਕਾਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਸੂਬੇ ਦੀ ਤਰੱਕੀ ਲਈ ਨਵੇਂ ਰਾਹ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਕਾਰੋਬਾਰੀ ਰੋਕਾਂ ਹਟਾ ਕੇ ਕਾਰੋਬਾਰ ਤੇ ਨਿਵੇਸ਼ ਕਰਨਾ ਸੌਖਾ ਬਣਾਇਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੈ ਜਿੱਥੇ ਦਲਿਤਾਂ ਨੂੰ ਸ਼ਗਨ ਸਕੀਮ ਦੇਣ ਤੋਂ ਇਲਾਵਾ ਇਸਾਈ, ਮੁਸਲਮਾਨ, ਪਛੜੀਆਂ ਸ਼੍ਰੇਣੀਆਂ ਤੇ ਕਮਜ਼ੋਰ ਤਬਕਿਆਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ । ਸ. ਢੀਂਡਸਾ ਨੇ ਸ਼ਹੀਦਾਂ ਦੀਆਂ ਯਾਦਗਾਰਾਂ ਉਸਾਰਨ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸ. ਬਾਦਲ ਦੇ ਨਿੱਜੀ ਯਤਨਾਂ ਸਦਕਾ ਪੰਜਾਬ ਵਿਚ ਸੰਗਰੂਰ ਜ਼ਿਲ੍ਹੇ ਦੇ ਕੁੱਪ ਰੋਹੀੜਾ ਵਿਖੇ ਵੱਡਾ ਘੱਲੂਘਾਰਾ ਦੀ ਯਾਦਗਾਰ. ਗੁਰਦਾਸਪੁਰ ਦੇ ਕਾਹਨੂਵਾਨ ਵਿਖੇ ਛੋਟਾ ਘੱਲੂਘਾਰਾ ਦੀ ਯਾਦਗਾਰ, ਮੁਹਾਲੀ ਦੇ ਚੱਪੜ ਚਿੱੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਸਥਾਪਿਤ ਕੀਤੀ ਹੈ। ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਵਿਖੇ ਸਿੱਖ ਇਤਿਹਾਸ ਨੂੰ ਪੇਸ਼ ਕਰਦਾ ਦੁਨੀਆ ਦਾ ਅੱਠਵਾਂ ਅਜੂਬਾ ਵਿਰਾਸਤ-ਏ- ਖਾਲਸਾ ਦਾ ਨਿਰਮਾਣ ਕੀਤਾ ਹੈ।ਉਨ੍ਹਾਂ ਕਿਹਾ ਕਿ ਸ. ਬਾਦਲ ਨੇ ਇੱਕ ਹੋਰ ਅਹਿਮ ਫੈਸਲਾ ਲੈਂਦਿਆਂ ਜੰਗੇ ਅਜ਼ਾਦੀ ਦੀ ਯਾਦਗਾਰ ਬਣਾਉਣ ਲਈ ਕੰਮ ਅਰੰਭਿਆ ਹੈ।
ਸ. ਢੀਂਡਸਾ ਨੇ ਕਾਂਗਰਸ ਪਾਰਟੀ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਿਚ ਲੋਕਾਂ ਕਰੋੜਾਂ ਹਜ਼ਾਰ ਦੇ ਅਨੇਕਾਂ ਘੁਟਾਲੇ ਸਾਹਮਣੇ ਆ ਰਹੇ ਹਨ। ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਦੇਸ਼ ਨੂੰ ਮਹਿੰਗਾਈ ਦੀ ਵੱਡੀ ਮਾਰ ਝੱਲਣੀ ਪੈ ਰਹੀ ਹੈ ਅਤੇ ਦੇਸ਼ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੱਦਾ ਦਿੱਤਾ ਕਿ ਹੁਣ ਕਾਂਗਰਸ ਨੂੰ ਜੜੋਂ੍ਹ ਉਖੇੜਨ ਦਾ ਸਮਾਂ ਆ ਗਿਆ ਹੈ, ਜਿਸ ਲਈ ਵਿਦੇਸ਼ਾਂ ਵਿੱਚ ਵੱਸਦੇ ਭਾਰਤੀ ਅਹਿਮ ਭੂਮੀਆ ਨਿਭਾ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਗਦਰ ਲਹਿਰ ਦੀ ੧੦੦ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਨੂੰ ਵੀ ਸੰਬੋਧਨ ਵੀ ਕੀਤਾ। ਇਸ ਮੌਕੇ ਕਨੇਡਾ ਦੇ ਰਾਜ ਮੰਤਰੀ ਟਿਮ ਉੱਪਲ, ਬਲਦੇਵ ਸਿੰਘ ਗਰੇਵਾਲ, ਹਰਜਿੰਦਰ ਸਿੰਘ ਧਾਲੀਵਾਲ, ਪੀ ਦਿਓਲ, ਸ਼ਿਵ ਬਰਾੜ, ਰਣਜੌਧ ਸਿੰਘ ਖੋਟੇ, ਕਰਨ ਕਨੇਡਾ, ਬੇਅੰਤ ਸਿੰਘ ਧਾਲੀਵਾਲ, ਸਤਿੰਦਰਪਾਲ ਸਿੰਘ ਸਿੱਧਵਾਂ, ਜੋਗਿੰਦਰ ਸਿੰਘ ਸਾਹੀ, ਹਰਬੰਸ ਸਿੰਘ ਜੰਡਾਲੀ ਤੇ ਹੋਰ ਆਗੂਆਂ ਨੇ ਢੀਂਡਸਾ ਦਾ ਸ਼ਾਨਦਾਰ ਸਵਾਗਤ ਕੀਤਾ।