ਦਿੱਲੀ ਸਮੂਹਿਕ ਜਬਰ ਜਨਾਹ ਮਾਮਲੇ ‘ਚ ਸਜ਼ਾ ਅੱਜ

ਨਵੀਂ ਦਿੱਲੀ, 10 ਸਤੰਬਰ – ਇੱਥੇ ਦੀ ਇਕ ਫ਼ਾਸਟ ਟ੍ਰੈਕ ਅਦਾਲਤ ਨੇ ਪਿਛਲੇ ਸਾਲ 16 ਦਸੰਬਰ ਨੂੰ ਚਲਦੀ ਬੱਸ ਵਿੱਚ ੨੩ ਸਾਲਾ ਪੈਰਾਮੈਡੀਕਲ ਦੀ ਵਿਦਿਆਰਥਣ ਨਾਲ ਵਾਪਰੇ ਸਮੂਹਿਕ ਜਬਰ-ਜਨਾਹ ਤੇ ਕਤਲ ਕਰਨ ਦੇ ਮਾਮਲੇ ‘ਚ ਪੰਜੇ ਮੁਲਜ਼ਮਾਂ (ਰਾਮ ਸਿੰਘ 34 ਸਾਲਾ ਦੀ ਮੌਤ ਹੋ ਚੁਕੀ ਹੈ), ਮੁਕੇਸ਼ ਸਿੰਘ (26), ਵਿਨੇ ਸ਼ਰਮਾ (20), ਪਵਨ ਗੁਪਤਾ (19) ਅਤੇ ਅਕਸ਼ੇ ਠਾਕੁਰ (28) ਨੂੰ ਬਲਾਤਕਾਰ ਅਤੇ ਕਤਲ ਦਾ ਦੋਸ਼ੀ ਕਰਾਰ ਦਿੱਤਾ। ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਬੁੱਧਵਾਰ ਯਾਨੀ ਅੱਜ ਸੁਣਾਈ ਜਾਵੇਗੀ।
ਵਧੀਕ ਸੈਸ਼ਨ ਜੱਜ ਯੋਗੇਸ਼ ਖੰਨਾ ਨੇ ਅਪਣੇ 237 ਸਫ਼ਿਆਂ ਦੇ ਫ਼ੈਸਲੇ ਵਿੱਚ ਸਮੂਹਿਕ ਜਬਰ-ਜਨਾਹ ਅਤੇ ਕਤਲ ਤੋਂ ਇਲਾਵਾ ਅਦਾਲਤ….. ਨੇ ਪੰਜੇ ਮੁਜਰਮਾਂ ਨੂੰ ਕਤਲ ਦਾ ਯਤਨ, ਗੈਰ-ਕੁਦਰਤੀ ਅਪਰਾਧ, ਲੁੱਟ-ਮਾਰ, ਸਬੂਤ ਨਸ਼ਟ ਕਰਨ, ਸਾਜ਼ਿਸ਼, ਕਤਲ ਦੇ ਇਰਾਦੇ ਨਾਲ ਅਗਵਾ ਕਰਨ ਲਈ ਵੀ ਦੋਸ਼ੀ ਠਹਿਰਾਇਆ ਹੈ। ਜ਼ਿਕਰਯੋਗ ਹੈ ਕਿ ਮਾਨਯੋਗ ਜੱਜ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਭਾਵੇਂ ਦੋਸ਼ੀ ਰਾਮ ਸਿੰਘ ਜਿਸ ਨੇ 11 ਮਾਰਚ ਨੂੰ ਜੇਲ੍ਹ ਅੰਦਰ ਖੁਦਕੁਸ਼ੀ ਕਰ ਲਈ ਸੀ ਖ਼ਿਲਾਫ਼ ਅਦਾਲਤੀ ਕਾਰਵਾਈ ਰੋਕ ਦਿੱਤੀ ਗਈ ਸੀ, ਨੂੰ ਵੀ ਉਪਰੋਕਤ ਦੋਸ਼ਾਂ (ਸਮੂਹਿਕ ਜਬਰ-ਜਨਾਹ, ਕਤਲ ਤੇ ਦੂਸਰੇ ਅਪਰਾਧ) ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਗੌਰਤਲਬ ਹੈ ਕਿ 10 ਦਿਨ ਪਹਿਲਾਂ 31 ਅਗਸਤ ਨੂੰ ਜੁਵੇਨਾਈਲ ਜਸਟਿਸ ਬੋਰਡ ਨੇ ਪੰਜਵੇਂ ਨਾਬਾਲਗ ਦੋਸ਼ੀ ਨੂੰ ਸਮੂਹਿਕ ਜਬਰ ਜਨਾਹ ਅਤੇ ਕਤਲ ਅਤੇ ਇਕ ਤਰਖਾਣ ਨੂੰ ਲੁੱਟਣ ਦੀ ਘਟਨਾ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ, ਉਸ ਨੂੰ ਸਜ਼ਾ ਦਾ ਸਮਾਂ ਸੁਧਾਰ ਘਰ ਵਿੱਚ ਗੁਜ਼ਾਰਨਾ ਪਵੇਗਾ।
ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਫੈਸਲੇ ਤੋਂ ਬਾਅਦ ਕਿਹਾ, ਅਜਿਹੇ ਕੇਸਾਂ ‘ਚ ਮੌਤ ਦੀ ਸਜ਼ਾ ਹੀ ਮਿਲਣੀ ਚਾਹੀਦੀ ਹੈ। ਸ੍ਰੀ ਸ਼ਿੰਦੇ ਨੇ ਇਹ ਵੀ ਕਿਹਾ, ‘ਦੋਸ਼ੀਆਂ ਨੂੰ ਨਵੇਂ ਕਾਨੂੰਨ ਤਹਿਤ ਹੀ ਸਜ਼ਾ ਦਿੱਤੀ ਜਾਵੇਗੀ’। ਮੁੱਖ ਵਿਰੋਧੀ ਪਾਰਟੀ ਭਾਜਪਾ ਦੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਕਿਹਾ, ‘ਚਾਰੋ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ, ਤਾਂ ਜੋ ਇਹ ਭਵਿੱਖ ਲਈ ਇਕ ਉਦਾਹਰਣ ਬਣ ਸਕੇ’।